ਅਪਰਾਧਸਿਆਸਤਖਬਰਾਂ

ਜੰਮੂ-ਕਸ਼ਮੀਰ ਚ ਪੰਜ ਅੱਤਵਾਦੀ ਮਾਰੇ ਗਏ

ਸ਼੍ਰੀਨਗਰ-ਜੰਮੂ ਕਸ਼ਮੀਰ ‘ਚ ਪਿਛਲੇ ਦਿਨ ਸੁਰੱਖਿਆ ਫ਼ੋਰਸਾਂ ਨੇ ਪੰਜ ਅੱਤਵਾਦੀਆਂ ਨੂੰ ਮਾਰ ਮੁਕਾਇਆ। 2 ਵੱਖ-ਵੱਖ ਮੁਕਾਬਲਿਆਂ ‘ਚ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ 5 ਅੱਤਵਾਦੀਆਂ ਨੂੰ ਮਾਰ ਸੁੱਟਿਆ । ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਸੁਰੱਖਿਆ ਫ਼ੋਰਸਾਂ ਦੇ ਜਵਾਨਾਂ ਨੇ 12 ਘੰਟਿਆਂ ਦੌਰਾਨ ਇਨ੍ਹਾਂ ਅੱਤਵਾਦੀਆਂ ਨੂੰ ਮਾਰ ਸੁੱਟਿਆ। ਕਸ਼ਮੀਰ ਖੇਤਰ ਦੇ ਪੁਲਸ ਜਨਰਲ ਇੰਸਪੈਕਟਰ ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅੱਤਵਾਦੀਆਂ ‘ਚ ਜੈਸ਼ ਦਾ ਕਮਾਂਡਰ ਜਹਿਦ ਵਾਨੀ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਨਾਇਰਾ ਪਿੰਡ ‘ਚ ਸੁਰੱਖਿਆ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਉਸ ਸਮੇਂ ਮੁਕਾਬਲਾ ਸ਼ੁਰੂ ਹੋਇਆ, ਜਦੋਂ ਭਾਰਤੀ ਫ਼ੌਜ, ਜੰਮੂ ਕਸ਼ਮੀਰ ਪੁਲਸ ਅਤੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਦੀ ਇਕ ਸਾਂਝੀ ਟੀਮ ਨੇ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਪੁਲਸ ਨੇ ਐਤਵਾਰ ਤੜਕੇ ਦੱਸਿਆ ਕਿ ਮੁਕਾਬਲੇ ‘ਚ 4 ਅੱਤਵਾਦੀ ਮਾਰੇ ਗਏ। ਉੱਥੇ ਹੀ ਇਕ ਹੋਰ ਮੁਕਾਬਲਾ ਬਡਗਾਮ ਦੇ ਚਰਾਰ-ਏ-ਸ਼ਰੀਫ਼ ਖੇਤਰ ‘ਚ ਹੋਇਆ। ਅੱਤਵਾਦੀਆਂ ਦੀ ਮੌਜੂਦਗੀ ਬਾਰੇ ਪੂਰੀ ਜਾਣਕਾਰੀ ਦੇ ਆਧਾਰ ‘ਤੇ ਸਾਂਝੀ ਟੀਮ ਸ਼ੱਕੀ ਜਗ੍ਹਾ ਪਹੁੰਚੀ ਤਾਂ ਉੱਥੇ ਲੁਕੇ ਹੋਏ ਅੱਤਵਾਦੀਆਂ ਨੇ ਗੋਲੀਬਾਰੀ ਸ਼ਉਰੂ ਕਰ ਦਿੱਤੀ। ਇਸ ਤੋਂ ਬਾਅਦ ਮੁਕਾਬਲਾ ਸ਼ੁਰੂ ਹੋ ਗਿਆ। ਪੁਲਸ ਨੇ ਦੇਰ ਰਾਤ ਦੱਸਿਆ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ ਨਾਲ ਜੁੜਿਆ ਇਕ ਅੱਤਵਾਦੀ ਮਾਰਿਆ ਗਿਆ ਅਤੇ ਇਕ ਏ.ਕੇ. ਰਾਈਫਲ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ।

ਸੁਰੱਖਿਆ ਫ਼ੋਰਸਾਂ ਦੇ ਜਵਾਨਾਂ ਨੇ ਇਸ ਮਹੀਨੇ ਹੁਣ ਤੱਕ ਪ੍ਰਦੇਸ਼ ‘ਚ 21 ਅੱਤਵਾਦੀਆਂ ਨੂੰ ਮਾਰ ਸੁੱਟਿਆ ਹੈ ਅਤੇ ਕਈ ਸਰਗਰਮ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵੱਡੀ ਮਾਤਰਾ ਚ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਅੱਤਵਾਦੀਆਂ ਵਿਰੁਧ ਮੁਹਿੰਮ ਜਾਰੀ ਹੈ।

Comment here