ਅਪਰਾਧਸਿਆਸਤਖਬਰਾਂ

ਜੰਮੂ ਕਸ਼ਮੀਰ ’ਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ’ਚ ਇਜਾਫਾ, ਕੇਂਦਰ ਸਖ਼ਤ

ਸ੍ਰੀਨਗਰ-ਕੇਂਦਰ ਸ਼ਾਸਿਤ ਖੇਤਰ ਜੰਮੂ ਕਸ਼ਮੀਰ ਵਿਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਰੁਕ ਨਹੀਂ ਰਹੀਆਂ ਹਨ। ਇਸ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਨੇ ਸਖ਼ਤ ਕਾਰਵਾਈ ਕਰਦਿਆਂ ਸੀ.ਆਰ.ਪੀ.ਐੱਫ. ਦੀਆਂ 5 ਹੋਰ ਕੰਪਨੀਆਂ ਜੰਮੂ ਕਸ਼ਮੀਰ ਭੇਜੀਆਂ ਹਨ। ਇਨ੍ਹਾਂ ਦੀ ਤਾਇਨਾਤੀ ਇਕ ਹਫ਼ਤੇ ਅੰਦਰ ਹੋ ਜਾਵੇਗੀ। ਸਰਹੱਦ ਪਾਰੋਂ ਅੱਤਵਾਦੀ ਸਰਗਰਮੀਆਂ ਹਾਲੇ ਵੀ ਜਾਰੀ ਹਨ। ਇਕ ਰਿਪੋਰਟ ਮੁਤਾਬਕ ਜੰਮੂ-ਕਸ਼ਮੀਰ ’ਚ ਇਸ ਸਾਲ 133 ਅੱਤਵਾਦੀਆਂ ਦੇ ਮਾਰੇ ਜਾਣ ਦੇ ਬਾਵਜੂਦ ਸਰਗਰਮ ਅੱਤਵਾਦੀਆਂ ਦੀ ਗਿਣਤੀ ’ਚ ਕੋਈ ਕਮੀ ਨਹੀਂ ਆਈ, ਕਿਉਂਕਿ ਸਥਾਨਕ ਭਰਤੀਆਂ ਅਤੇ ਘੁਸਪੈਠ ਦੇ ਤਾਜ਼ਾ ਮਾਮਲਿਆਂ ’ਚ ਕੋਈ ਕਮੀ ਨਹੀਂ ਆਈ ਹੈ, ਜਿਸ ਕਾਰਨ ਸਰਗਰਮ ਅੱਤਵਾਦੀਆਂ ਦੀ ਗਿਣਤੀ 200 ਤੋਂ ਵੱਧ ਬਣੀ ਹੋਈ ਹੈ। ਇਸ ਸਾਲ ਕਸ਼ਮੀਰ ’ਚ ਕਰੀਬ 100 ਸਥਾਨਕ ਨੌਜਵਾਨਾਂ ਦੀ ਭਰਤੀ ਹੋਈ, ਜਦੋਂ ਕਿ ਪਾਕਿਸਤਾਨ ਤੋਂ 15-20 ਅੱਤਵਾਦੀਆਂ ਨੇ ਘਾਟੀ ’ਚ ਘੁਸਪੈਠ ਕੀਤੀ। ਪਿਛਲੇ ਸਾਲ ਜਿੱਥੇ 207 ਅੱਤਵਾਦੀ ਮਾਰੇ ਗਏ ਸਨ ਅਤੇ 174 ਸਥਾਨਕ ਲੋਕਾਂ ਦੀ ਅੱਤਵਾਦੀ ਸੰਗਠਨਾਂ ’ਚ ਭਰਤੀ ਹੋਈ ਸੀ। ਇਸ ਸਾਲ ਦੀ ਤੁਲਨਾ ’ਚ ਪਿਛਲੇ ਸਾਲ ਘੱਟ ਅੱਤਵਾਦੀਆਂ ਨੇ ਕਸ਼ਮੀਰ ’ਚ ਘੁਸਪੈਠ ਕੀਤੀ ਸੀ। ਫਿਲਹਾਲ 35-40 ਪਾਕਿਸਤਾਨੀ ਅੱਤਵਾਦੀ ਜੰਮੂ ਕਸ਼ਮੀਰ ’ਚ ਸਰਗਰਮ ਹਨ , ਇਨ੍ਹਾਂ ’ਚੋਂ ਦਰਜਨਾਂ ਜੈਸ਼-ਏ-ਮੁਹੰਮਦ ਨਾਲ ਜੁੜੇ ਹਨ, ਜਦੋਂ ਕਿ ਬਾਕੀ ਲਸ਼ਕਰ-ਏ-ਤੋਇਬਾ ਨਾਲ ਹਨ। ਘਾਟੀ ’ਚ ਅਕਤੂਬਰ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 15 ਨਾਗਰਿਕਾਂ ਦਾ ਕਤਲ ਹੋ ਚੁਕਿਆ ਹੈ ਅਤੇ ਇਨ੍ਹਾਂ ’ਚੋਂ ਵੱਧ ਦੇ ਕਤਲ ’ਚ ਹਾਈਬ੍ਰਿਡ ਜਾਂ ਪਾਰਟ-ਟਾਈਮ ਅੱਤਵਾਦੀ ਸ਼ਾਮਲ ਸਨ, ਜਿਨ੍ਹਾਂ ਦਾ ਪੁਲਸ ਜਾਂ ਸੁਰੱਖਿਆ ਫ਼ੋਰਸਾਂ ਕੋਲ ਕੋਈ ਰਿਕਾਰਡ ਨਹੀਂ ਹੈ।
ਦੱਸਣਯੋਗ ਹੈ ਕਿ ਇੱਥੋਂ ਦੇ ਪੁਰਾਣੇ ਸ਼੍ਰੀਨਗਰ ਦੇ ਬੋਹਰੀ ਕਦਲ ਇਲਾਕੇ ’ਚ ਅੱਤਵਾਦੀਆਂ ਨੇ ਇਕ ਕਸ਼ਮੀਰੀ ਪੰਡਿਤ ਦੀ ਦੁਕਾਨ ’ਤੇ ਸੇਲਜ਼ਮੈਨ ਵਜੋਂ ਕੰਮ ਕਰਨ ਵਾਲੇ ਇਕ ਨਾਗਰਿਕ ਦਾ ਬੀਤੇ ਸੋਮਵਾਰ ਰਾਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਇਕ ਦਿਨ ਪਹਿਲਾਂ ਅੱਤਵਾਦੀਆਂ ਨੇ ਸ਼੍ਰੀਨਗਰ ਦੇ ਬਟਮਾਲੂ ਇਲਾਕੇ ਵਿਚ ਇਕ ਪੁਲਸ ਮੁਲਾਜ਼ਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਕਤ ਘਟਨਾਵਾਂ ਪਿੱਛੋਂ ਹੀ ਕੇਂਦਰ ਸਰਕਾਰ ਨੇ ਇਹ ਕਦਮ ਚੁੱਕਿਆ ਹੈ। ਸੀ.ਆਰ.ਪੀ.ਐੱਫ. ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਸ਼ਾਸਿਤ ਖੇਤਰ ’ਚ ਹੁਣੇ ਜਿਹੇ ਵੱਖ-ਵੱਖ ਨਾਗਰਿਕਾਂ ਦੇ ਕਤਲ ਨੂੰ ਧਿਆਨ ’ਚ ਰੱਖਿਆ 5 ਵਾਧੂ ਕੰਪਨੀਆਂ ਜੰਮੂ ਕਸ਼ਮੀਰ ਭੇਜੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ 25 ਕੰਪਨੀਆਂ ਭੇਜੀਆਂ ਗਈਆਂ ਸਨ।
ਸੀ.ਆਰ.ਪੀ.ਐੱਫ. ਅਨੁਸਾਰ ਜੰਮੂ-ਕਸ਼ਮੀਰ ਵਿਚ ਇਸ ਸਾਲ ਹੁਣ ਤੱਕ 112 ਅੱਤਵਾਦੀ ਮਾਰੇ ਗਏ ਹਨ ਅਤੇ 135 ਅੱਤਵਾਦੀ ਫੜੇ ਹਨ। ਦੋ ਹੋਰਨਾਂ ਨੇ ਆਤਮਸਮਰਪਣ ਕੀਤਾ ਹੈ। ਇਕ ਸਾਲ ਅੰਦਰ ਜੰਮੂ ਕਸ਼ਮੀਰ ’ਚ ਕੁੱਲ 33 ਨਾਗਰਿਕ ਮਾਰੇ ਗਏ ਹਨ, ਜਿਨ੍ਹਾਂ ਵਿਚੋਂ 27 ਦੀ ਜਾਨ ਅੱਤਵਾਦੀਆਂ ਨੇ ਲਈ ਹੈ। ਅੱਤਵਾਦੀਆਂ ਨੇ ਸ਼ਰੀਨਗਰ ’ਚ 12, ਪੁਲਵਾਮਾ ’ਚ 4, ਅਨੰਤਨਾਗ ’ਚ 4, ਕੁਲਗਾਮ ’ਚ 3, ਬਾਰਾਮੂਲਾ ’ਚ 2 ਅਤੇ ਬਡਗਾਮ ਤੇ ਬਾਂਦੀਪੋਰਾ ’ਚ 1-1 ਆਮ ਨਾਗਰਿਕ ਦੀ ਜਾਨ ਲਈ। ਅੱਤਵਾਦੀਆਂ ਨੇ ਸੋਮਵਾਰ ਸੇਲਜ਼ਮੈਨ ਦੀ ਜਿਹੜੀ ਹੱਤਿਆ ਕੀਤੀ, ਉਹ ਇਕ ਅਕਤੂਬਰ ਤੋਂ ਬਾਅਦ 13ਵੀਂ ਸੀ।
ਸ੍ਰੀਨਗਰ ਮੁਕਾਬਲੇ ’ਚ 2 ਬਿਜ਼ਨੈੱਸਮੈਨ ਮਾਰੇ ਗਏ
ਇਥੇ ਬੀਤੇ ਸੋਮਵਾਰ ਮੁਕਾਬਲੇ ਦੌਰਾਨ ਦੋ ਬਿਜ਼ਨੈੱਸਮੈਨਾਂ ਸਣੇ ਚਾਰ ਵਿਅਕਤੀ ਮਾਰੇ ਗਏ। ਪੁਲਸ ਨੇ ਕਿਹਾ ਕਿ ਦੋ ਦਹਿਸ਼ਤਗਰਦ ਮਾਰੇ ਗਏ, ਜਦਕਿ ਬਿਜ਼ਨੈੱਸਮੈਨ ਦਹਿਸ਼ਤਗਰਦਾਂ ਦੇ ਹਮਾਇਤੀ ਸਨ। ਮੁਕਾਬਲਾ ਹੈਦਰਪੁਰਾ ਵਿਖੇ ਹੋਇਆ, ਜਿੱਥੋਂ ਦੇ ਕਮਰਸ਼ੀਅਲ ਕੰਪਲੈਕਸ ਵਿਚ ਬਿਜ਼ਨੈੱਸਮੈਨ ਡਾ. ਮੁਦੱਸਿਰ ਗੁੱਲ ਤੇ ਅਲਤਾਪ ਭੱਟ ਦੀਆਂ ਦੁਕਾਨਾਂ ਸਨ। ਡਾ. ਗੁੱਲ ਡੈਂਟਲ ਸਰਜਨ ਸੀ, ਪਰ ਕੰਪਿਊਟਰ ਸੈਂਟਰ ਚਲਾਉਂਦਾ ਸੀ, ਜਦਕਿ ਭੱਟ ਕਮਰਸ਼ੀਅਲ ਕੰਪਲੈਕਸ ਦਾ ਮਾਲਕ ਸੀ।
ਆਈ ਜੀ ਵਿਜੇ ਕੁਮਾਰ ਨੇ ਕਿਹਾ ਕਿ ਗੁੱਲ ਦਾ ਕੰਪਿਊਟਰ ਸੈਂਟਰ ਅਣਅਧਿਕਾਰਤ ਕਾਲ ਸੈਂਟਰ ਸੀ ਤੇ ਉਥੇ ਛੇ ਕੰਪਿਊਟਰ ਸਨ। ਕਾਲ ਸੈਂਟਰ ਨੂੰ ਦਹਿਸ਼ਤਗਰਦ ਵਰਤਦੇ ਸਨ। ਉਨ੍ਹਾ ਗੁੱਲ ਤੇ ਭੱਟ ਦੇ ਪਰਵਾਰਾਂ ਨੂੰ ਕਿਹਾ ਸੀ ਕਿ ਉਨ੍ਹਾਂ ਨਾਲ ਚੱਲ ਕੇ ਲਾਸ਼ਾਂ ਦਫਨਾ ਲੈਣ, ਪਰ ਉਹ ਨਹੀਂ ਮੰਨੇ। ਪੁਲਸ ਨੇ ਕਿਹਾ ਕਿ ਮੁਕਾਬਲੇ ਵਾਲੀ ਥਾਂ ਤੋਂ ਦੋ ਪਿਸਤੌਲ ਮਿਲੇ।
ਹੈਦਰਪੁਰਾ ਮੁਕਾਬਲੇ ਵਿੱਚ ਹਲਾਕ ਸਨਅਤਕਾਰ ਅਤਿਵਾਦੀਆਂ ਦਾ ਪਨਾਹਗੀਰ ਕਰਾਰ
ਪੁਲੀਸ ਨੇ ਦੱਸਿਆ ਕਿ ਹੈਦਰਪੁਰਾ ਵਿੱਚ ਬੀਤੇ ਸੋਮਵਾਰ ਨੂੰ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਹੋਈ ਦੁਵੱਲੀ ਫਾਇਰਿੰਗ ਵਿੱਚ ਮਕਾਨ ਮਾਲਕ ਮੁਹੰਮਦ ਅਲਤਾਫ਼ ਭੱਟ ਮਾਰਿਆ ਗਿਆ ਪਰ ਉਸ ਨੂੰ ‘ਅਤਿਵਾਦੀਆਂ ਦਾ ਪਨਾਹਗਾਰ’ ਮੰਨਿਆ ਜਾਵੇਗਾ ਕਿਉਂਕਿ ਉਸ ਨੇ ਅਧਿਕਾਰੀਆਂ ਨੂੰ ਆਪਣੀ ਬਿਲਡਿੰਗ ਵਿੱਚ ਰਹਿੰਦੇ ਕਿਰਾਏਦਾਰਾਂ ਦੀ ਜਾਣਕਾਰੀ ਨਹੀਂ ਦਿੱਤੀ। ਜ਼ਿਕਰਯੋਗ ਹੈ ਕਿ ਸ੍ਰੀਨਗਰ ਦੇ ਹੈਦਰਪੁਰਾ ਇਲਾਕੇ ਵਿੱਚ ਸੋਮਵਾਰ ਸ਼ਾਮ ਨੂੰ ਹੋਈ ਦੁਵੱਲੀ ਗੋਲੀਬਾਰੀ ਵਿੱਚ ਮਾਰੇ ਗਏ ਚਾਰ ਵਿਅਕਤੀਆਂ ਵਿੱਚ ਅਲਤਾਫ ਭੱਟ ਵੀ ਸ਼ਾਮਲ ਹੈ। ਕਸ਼ਮੀਰ ਜ਼ੋਨ ਦੇ ਇੰਸਪੈਕਟਰ ਜਨਰਲ ਆਫ ਪੁਲੀਸ ਵਿਜੈ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ,‘ਅਤਿਵਾਦੀਆਂ ਨਾਲ ਹੋਈ ਦੁਵੱਲੀ ਫਾਇਰੰਗ ਵਿੱਚ ਅਲਤਾਫ਼ ਮਾਰਿਆ ਗਿਆ। ਪੋਸਟਮਾਰਟਮ ਰਿਪੋਰਟ ਵਿੱਚ ਪਤਾ ਲੱਗੇਗਾ ਕਿ ਉਹ ਕਿਸ ਦੀ ਗੋਲੀ ਨਾਲ ਮਰਿਆ ਹੈ।
ਅਤਿਵਾਦੀਆਂ ਨਾਲ ਮੁਕਾਬਲਿਆਂ ’ਚ ਆਮ ਲੋਕਾਂ ਨੂੰ ਮਾਰਨਾ ਦੁਖਦਾਈ : ਮਹਿਬੂਬਾ
ਜੰਮੂ ਕਸ਼ਮੀਰ ਦੀ ਪੀਪਲਜ਼ ਡੈਮੋਕਰੇਟਿਕ ਪਾਰਟੀ ਦੀ ਪ੍ਰਧਾਨ ਮਹਿਬੂਬਾ ਮੁਫ਼ਤੀ ਨੇ ਸ੍ਰੀਨਗਰ ਵਿੱਚ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਸੋਮਵਾਰ ਨੂੰ ਹੋਏ ਮੁਕਾਬਲੇ ਵਿੱਚ ਮਾਰੇ ਗਏ ਮਕਾਨ ਮਾਲਕ ਤੇ ਡਾਕਟਰ ਦੀ ਮੌਤ ’ਤੇ ਦੁੱਖ ਜ਼ਾਹਰ ਕਰਦਿਆਂ ਕਿਹਾ,‘ਇਹ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਅਤਿਵਾਦੀਆਂ ਨਾਲ ਲੜਦਿਆਂ ਤੁਸੀਂ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ।’ ਜ਼ਿਕਰਯੋਗ ਹੈ ਕਿ ਸ੍ਰੀਨਗਰ ਦੇ ਹੈਦਰਪੁਰਾ ਇਲਾਕੇ ਵਿੱਚ ਸੋਮਵਾਰ ਸ਼ਾਮ ਨੂੰ ਹੋਈ ਦੁਵੱਲੀ ਗੋਲੀਬਾਰੀ ਵਿੱਚ ਮਾਰੇ ਗਏ ਚਾਰ ਵਿਅਕਤੀਆਂ ਵਿੱਚ ਇਕ ਮਕਾਨ ਮਾਲਕ ਤੇ ਡਾਕਟਰ ਵੀ ਸ਼ਾਮਲ ਹਨ। ਪੁਲੀਸ ਨੇ ਇਨ੍ਹਾਂ ਨੂੰ ਅਤਿਵਾਦੀਆਂ ਦਾ ਸਹਿਯੋਗੀ ਗਰਦਾਨਿਆ ਹੈ। ਦੂਜੇ ਪਾਸੇ ਪਰਿਵਾਰਕ ਜੀਆਂ ਨੇ ਅਜਿਹੇ ਦੋਸ਼ਾਂ ਨੂੰ ਖਾਰਜ ਕੀਤਾ ਹੈ।
ਪਾਰਟੀ ਦਫ਼ਤਰ ਵਿੱਚ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਮਹਿਬੂਬਾ ਨੇ ਕਿਹਾ, ‘ਮੈਨੂੰ ਹੈਦਰਪੁਰਾ ਵਿੱਚ ਹੋਏ ਮੁਕਾਬਲੇ ਬਾਰੇ ਖ਼ਬਰ ਪੜ੍ਹ ਕੇ ਪਤਾ ਲੱਗਿਆ। ਦਹਿਸ਼ਤਗਰਦਾਂ ਨੂੰ ਮਾਰਨਾ ਤਾਂ ਸਮਝ ਆਉਂਦਾ ਹੈ ਪਰ ਪਰਿਵਾਰ ਦੇ ਦੋਸ਼ ਹਨ ਕਿ ਘਰ ਦੇ ਮਾਲਕ ਨੂੰ ਮਨੁੱਖੀ ਢਾਲ ਵਜੋਂ ਵਰਤਿਆ ਗਿਆ ਅਤੇ ਇਕ ਡਾਕਟਰ ਨੂੰ ਵੀ ਮਾਰ ਦਿੱਤਾ ਗਿਆ।’ ਉਨ੍ਹਾਂ ਕਿਹਾ, ‘ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੂੰ (ਮਕਾਨ ਮਾਲਕ ਤੇ ਡਾਕਟਰ) ਕਿਸ ਵਰਗ ਵਿੱਚ ਰੱਖਿਆ ਗਿਆ ਪਰ ਇਸ ਨਾਲ ਦਿਲ ਦੁਖਦਾ ਹੈ। ਇਹ ਦੇਖ ਕੇ ਦੁੱਖ ਹੁੰਦਾ ਹੈ ਕਿ ਤੁਸੀਂ ਦਹਿਸ਼ਤਗਰਦਾਂ ਨਾਲ ਮੁਕਾਬਲਾ ਕਰਦਿਆਂ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਕਿ ਗ਼ਲਤ ਗੱਲ ਹੈ।’ ਜੰਮੂ ਦਾ ਪੰਜ ਰੋਜ਼ਾ ਦੌਰਾ ਕਰ ਰਹੀ ਮਹਿਬੂਬਾ ਨੇ ਦੋਸ਼ ਲਾਇਆ ਕਿ ਅਗਲੇ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੇਸ਼ ਦਾ ਧਰੁਵੀਕਰਨ ਕਰ ਰਹੀ ਹੈ। ਉਨ੍ਹਾਂ ਕਿਹਾ, ‘ਪਹਿਲਾਂ ਸਰਕਾਰਾਂ ਆਪਣੀਆਂ ਪ੍ਰਾਪਤੀਆਂ ਦੇ ਆਧਾਰ ’ਤੇ ਵੋਟਾਂ ਮੰਗਦੀਆਂ ਹੁੰਦੀਆਂ ਸਨ ਪਰ ਭਾਜਪਾ ਹਿੰਦੂਆਂ ਤੇ ਮੁਸਲਮਾਨਾਂ ਦੀ ਲੜਾਈ ਕਰਵਾ ਕੇ ਵੋਟਾਂ ਬਟੋਰਦੀ ਹੈ।

Comment here