ਸਿਆਸਤਖਬਰਾਂ

ਜੰਤਰ ਮੰਤਰ ਤੇ ਕਿਸਾਨ ਸੰਸਦ ਨੂੰ ਮਿਲਿਆ ਵਿਰੋਧੀ ਧਿਰਾਂ ਦਾ ਸਾਥ

ਨਵੀਂ ਦਿੱਲੀ- ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹਦਾਂ ਤੇ ਲਾਏ ਧਰਨੇ ਤੋਂ ਬਾਅਦ ਸੰਘਰਸ਼ ਨੂੰ ਸੰਸਦ ਤੱਕ ਲਿਜਾਂਦਿਆਂ ਜੰਤਰ ਮੰਤਰ ਵਿਚ ਕਿਸਾਨ ਸੰਸਦ ਵੀ ਚਲਾਈ ਜਾ ਰਹੀ ਹੈ। ਓਧਰ ਸੰਸਦ ਦੇ ਅੰਦਰ ਵਿਰੋਧੀ ਧਿਰ ਨੇ ਪੈਗਾਸਸ ਜਾਸੂਸੀ ਘਟਨਾ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਅਤੇ ਖੇਤੀਬਾੜੀ ਕਾਨੂੰਨਾਂ ‘ਤੇ ਚਰਚਾ ਦੀ ਮੰਗ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸੇ ਸਿਲਸਿਲੇ ਵਿਚ ਅੱਜ ਰਾਹੁਲ ਗਾਂਧੀ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਦੇ ਆਗੂ ਬੱਸ ਰਾਹੀਂ ਜੰਤਰ-ਮੰਤਰ ਪਹੁੰਚੇ ਅਤੇ ਕਿਸਾਨਾਂ ਦੇ ਵਿਰੋਧ ਵਿਚ ਸ਼ਾਮਲ ਹੋ ਕੇ ਨਾਅਰੇਬਾਜ਼ੀ ਕੀਤੀ।ਅੱਜ ਸਵੇਰੇ ਹੋਈ ਮੀਟਿੰਗ ਵਿਚ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਜੰਤਰ-ਮੰਤਰ ‘ਤੇ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਬਾਰੇ ਵੀ ਗੱਲ ਕੀਤੀ ਸੀ। ਇਨ੍ਹਾਂ ਸਾਰੇ ਨੇਤਾਵਾਂ ਨੇ ਕਿਸਾਨਾਂ ਦੇ ਸਮਰਥਨ ਵਿਚ ਸੰਸਦ ਤੋਂ ਜੰਤਰ-ਮੰਤਰ ਤਕ ਪੈਦਲ ਚੱਲਣ ਦਾ ਫੈਸਲਾ ਕੀਤਾ ਸੀ। ਇਹ ਮੀਟਿੰਗ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਦੇ ਦਫ਼ਤਰ ਵਿਚ ਹੋਈ ਸੀ। ਰਾਹੁਲ ਗਾਂਧੀ ਤੋਂ ਇਲਾਵਾ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਸੀਨੀਅਰ ਕਾਂਗਰਸੀ ਨੇਤਾ ਆਨੰਦ ਸ਼ਰਮਾ ਅਤੇ ਜੈਰਾਮ ਰਮੇਸ਼, ਡੀਐਮਕੇ ਦੇ ਟੀਆਰ ਬਾਲੂ, ਸ਼ਿਵ ਸੈਨਾ ਦੇ ਸੰਜੇ ਰਾਉਤ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਮੀਟਿੰਗ ਵਿਚ ਹਿੱਸਾ ਲੈਣ ਲਈ ਸ਼ਾਮਲ ਹੋਏ। ਰਾਹੁਲ ਦੀ ਬ੍ਰੇਕਫਾਸਟ ਮੀਟਿੰਗ ਤੋਂ ਗਾਇਬ ਆਮ ਆਦਮੀ ਪਾਰਟੀ ਸਮੇਤ 14 ਪਾਰਟੀਆਂ ਨੇ ਇਸ ਮੀਟਿੰਗ ਵਿਚ ਹਿੱਸਾ ਲਿਆ। ਸੂਤਰਾਂ ਦੇ ਅਨੁਸਾਰ, ਵਿਰੋਧੀ ਨੇਤਾਵਾਂ ਦੀ ਬੈਠਕ ਵਿਚ ਇਹ ਵੀ ਫੈਸਲਾ ਕੀਤਾ ਗਿਆ ਕਿ ਪੈਗਾਸਸ ਜਾਸੂਸੀ ਮਾਮਲੇ ਅਤੇ ਮਹਿੰਗਾਈ ਦੇ ਮੁੱਦੇ ਉੱਤੇ ਸਰਕਾਰ ਨੂੰ ਘੇਰਿਆ ਜਾਵੇਗਾ। ਪੈਗਾਸਸ ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਸੰਸਦ ਦੇ ਮੌਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਦੋਹਾਂ ਸਦਨਾਂ ਵਿਚਕਾਰ ਵਿਵਾਦ ਚੱਲ ਰਿਹਾ ਹੈ। ਓਧਰ ਸੰਸਦ ਦੇ ਬਾਹਰ ਅਕਾਲੀ ਦਲ ਬਾਦਲ ਦੇ ਐਮ ਪੀ ਨੇ ਕਾਂਗਰਸੀ ਐਮ ਪੀਜ਼ ਨਾਲ ਵਿਰੋਧ ਪ੍ਰਦਰਸ਼ਨ ਕਰਕੇ ਕਿਸਾਨ ਮੁੱਦੇ ਤੇ ਵਿਰੋਧੀ ਧਿਰ ਦੀ ਏਕਤਾ ਦਾ ਸੁਨੇਹਾ ਦਿੱਤਾ।

Comment here