ਸਿਆਸਤਖਬਰਾਂਚਲੰਤ ਮਾਮਲੇਦੁਨੀਆ

ਜੰਗ ਪੀੜਤਾਂ ਲਈ ਧਾਰਮਿਕ ਅਸਥਾਨਾਂ ਦੇ ਦਰ ਖੋਲ੍ਹੇ

ਵਾਰਸਾ-ਰੂਸ ਵਲੋਂ ਯੂਕਰੇਨ ਤੇ ਹਮਲੇ ਤੋਂ ਬਾਅਦ ਲੱਖਾਂ ਲੋਕ ਯੂਕਰੇਨ ਵਿੱਚੋਂ ਆਪਣੀ ਜਾਨ ਬਚਾ ਕੇ ਗੁਆਂਢ ਦੇਸ਼ਾਂ ਵਿਚ ਪਨਾਹ ਲੈ ਰਹੇ ਹਨ। ਬਹੁਤ ਸਾਰੇ ਲੋਕ ਪੋਲੈਂਡ ਪਹੁੰਚ ਚੁੱਕੇ ਹਨ। ਇੱਥੇ ਆਉਣ ਵਾਲੇ ਲੋਕਾਂ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਰੂਸੀ ਹਮਲੇ ਤੋਂ ਬਾਅਦ ਯੂਕਰੇਨ ਤੋਂ ਪਰਤਣ ਵਾਲੇ ਲੋਕਾਂ ਲਈ ਗੁਰਦੁਆਰਿਆਂ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਗਏ ਹਨ। ਇੱਥੇ ਲੋਕਾਂ ਨੂੰ ਗੁਰਦੁਆਰਿਆਂ ਵਿੱਚ ਲੰਗਰ ਛਕਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਮੰਦਰ ਵਿੱਚ ਰਾਤ ਦੇ ਠਹਿਰਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਯੂਕਰੇਨ ਤੋਂ ਆਉਣ ਵਾਲੇ ਹਰ ਵਿਅਕਤੀ ਦਾ ਇਨ੍ਹਾਂ ਧਾਰਮਿਕ ਸਥਾਨਾਂ ਤੇ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਇਸ ‘ਚ ਨਾ ਸਿਰਫ ਯੁੱਧ ਖੇਤਰ ਤੋਂ ਆਉਣ ਵਾਲੇ ਭਾਰਤੀਆਂ, ਸਗੋਂ ਯੂਕਰੇਨ ਦੇ ਨਾਗਰਿਕਾਂ ਨੂੰ ਵੀ ਸਨਮਾਨ ਨਾਲ ਸੁਰੱਖਿਅਤ ਰੱਖਿਆ ਜਾ ਰਿਹਾ ਹੈ।  ਪੋਲੈਂਡ ਦੀ ਰਾਜਧਾਨੀ ਵਾਰਸਾ ਪਹੁੰਚੇ ਹੁਸ਼ਿਆਰਪੁਰ ਦੇ ਗੁਰਭੇਜ ਨੇ ਦੱਸਿਆ ਕਿ ਇੱਥੋਂ ਦੀ ਸਰਕਾਰ ਨੇ ਬਹੁਤ ਵੱਡੀ ਸੇਵਾ ਕੀਤੀ ਹੈ। ਯੂਕਰੇਨ ਤੱਕ ਆਵਾਜਾਈ ਪੂਰੀ ਮੁਫ਼ਤ ਹੈ। ਕੋਈ ਵੀ ਵਿਦਿਆਰਥੀ ਬਿਨਾਂ ਕਿਰਾਏ ਦੇ ਕਿਤੇ ਵੀ ਯਾਤਰਾ ਕਰ ਸਕਦਾ ਹੈ। ਪੋਲੈਂਡ ਪਹੁੰਚਣ ‘ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸਾਡਾ ਸਵਾਗਤ ਕੀਤਾ ਹੈ। ਉਥੇ ਲੰਗਰ ਦਾ ਵਧੀਆ ਪ੍ਰਬੰਧ ਹੈ। ਯੂਕਰੇਨ ਤੋਂ ਆਉਣ ਵਾਲੇ ਸਾਰੇ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ।  ਪੋਲੈਂਡ ਦੀ ਰਾਜਧਾਨੀ ਵਾਰਸਾ ਦੇ ਹਿੰਦੂ ਮੰਦਰ ਦੇ ਪ੍ਰਧਾਨ ਹਰੀਸ਼ ਲਾਲਵਾਨੀ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਲਾਲਵਾਨੀ ਨੇ ਕਿਹਾ ਕਿ ਯੂਕਰੇਨ ਤੋਂ ਸਾਡੇ ਭੈਣ-ਭਰਾ ਦੁੱਖ ਝੱਲ ਕੇ ਇੱਥੇ ਆਏ ਹਨ। ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਇੱਥੇ ਕੋਈ ਪਰੇਸ਼ਾਨੀ ਨਾ ਹੋਵੇ। ਇਸ ਲਈ ਉਨ੍ਹਾਂ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ। ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਜਲਦੀ ਤੋਂ ਜਲਦੀ ਆਪਣੇ ਵਤਨ ਅਤੇ ਪਰਿਵਾਰ ਵਾਪਸ ਪਰਤ ਸਕੇ।

Comment here