ਅਪਰਾਧਸਿਆਸਤਖਬਰਾਂ

ਜੰਗ ਨੂੰ ਕੂਟਨੀਤਕ ਗੱਲਬਾਤ ਰਾਹੀਂ ਹੀ ਖ਼ਤਮ ਕੀਤਾ ਜਾ ਸਕਦਾ-ਪੁਤਿਨ

ਮਾਸਕੋ-ਹਾਲ ਹੀ ਵਿੱਚ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਅਮਰੀਕਾ ਦਾ ਦੌਰਾ ਕੀਤਾ, ਜਿੱਥੇ ਅਮਰੀਕਾ ਨੇ ਉਨ੍ਹਾਂ ਨੂੰ 1.85 ਬਿਲੀਅਨ ਡਾਲਰ ਦੀ ਵਿੱਤੀ ਸਹਾਇਤਾ ਦਿੱਤੀ ਹੈ। ਹਾਲਾਂਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਵੱਡਾ ਬਿਆਨ ਦਿੱਤਾ ਹੈ।
ਰੂਸ ’ਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਪੁਤਿਨ ਨੇ ਕਿਹਾ ਹੈ ਕਿ ਯੂਕ੍ਰੇਨ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਯੁੱਧ ਨੂੰ ਰੂਸ ਖ਼ਤਮ ਕਰਨਾ ਚਾਹੁੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਦਾ ਟੀਚਾ ਫ਼ੌਜੀ ਸੰਘਰਸ਼ ਜਾਰੀ ਰੱਖਣਾ ਨਹੀਂ ਹੈ। ਇਸ ਦੇ ਉਲਟ ਉਹ ਜੰਗ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਪੁਤਿਨ ਨੇ ਕਿਹਾ ਕਿ ਉਹ ਜੰਗ ਨੂੰ ਖ਼ਤਮ ਕਰਨ ਲਈ ਯਤਨ ਕਰ ਰਹੇ ਹਨ ਅਤੇ ਭਵਿੱਖ ਵਿੱਚ ਵੀ ਅਜਿਹੇ ਯਤਨ ਕਰਦੇ ਰਹਿਣਗੇ। ਹਥਿਆਰਬੰਦ ਜੰਗ ਨੂੰ ਕੂਟਨੀਤਕ ਗੱਲਬਾਤ ਰਾਹੀਂ ਹੀ ਖ਼ਤਮ ਕੀਤਾ ਜਾ ਸਕਦਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਪੁਤਨ ਨੇ ਯੂਕ੍ਰੇਨ ਨੂੰ ਸਪਲਾਈ ਕੀਤੇ ਜਾ ਰਹੇ ਅਮਰੀਕੀ ਪੈਟ੍ਰਿਅਟ ਡਿਫੈਂਸ ਸਿਸਟਮ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਅਮਰੀਕਾ ਯੂਕ੍ਰੇਨ ਨੂੰ ਜੋ ਪੈਟ੍ਰਿਅਟ ਏਅਰ ਡਿਫੈਂਸ ਸਿਸਟਮ ਸਪਲਾਈ ਕਰ ਰਿਹਾ ਹੈ, ਉਹ ਅਮਰੀਕਾ ਦਾ ਪੁਰਾਣਾ ਹਥਿਆਰ ਸਿਸਟਮ ਹੈ ਅਤੇ ਰੂਸ ਇਸ ਦਾ ਮੁਕਾਬਲਾ ਕਰਨ ਦੇ ਸਮਰੱਥ ਹੈ। ਇਸ ਦਾ ਮੁਕਾਬਲਾ ਕਰਨ ਲਈ ਰੂਸ ਕੋਲ ਐੱਸ-300 ਸਿਸਟਮ ਹੈ।
ਨਾਟੋ ਪਿੱਛੇ ਹਟਣ ਲਈ ਤਿਆਰ ਨਹੀਂ
ਹਾਲ ਹੀ ਵਿੱਚ ਨਾਟੋ ਸਮੂਹ ਦੇ ਮੁਖੀ ਅਤੇ ਸਕੱਤਰ ਜਨਰਲ ਜੇਂਸ ਸਟੋਲਟਨਬਰਗ ਨੇ ਰੂਸ-ਯੂਕ੍ਰੇਨ ਯੁੱਧ ’ਤੇ ਕਿਹਾ ਸੀ ਕਿ ਨਾਟੋ ਪਿੱਛੇ ਹਟਣ ਵਾਲਾ ਨਹੀਂ ਹੈ। ਉਸ ਨੇ ਕਿਹਾ ਸੀ ਕਿ ਇਸ ਜੰਗ ਦੇ ਸ਼ਾਂਤੀਪੂਰਨ ਨਿਪਟਾਰੇ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਦਾ ਸਭ ਤੋਂ ਵਧੀਆ ਤਰੀਕਾ ਯੂਕ੍ਰੇਨ ਦੀ ਮਦਦ ਕਰਦੇ ਰਹਿਣਾ ਹੈ। ਜੇਂਸ ਸਟੋਲਟਨਬਰਗ ਨੇ ਕਿਹਾ ਸੀ ਕਿ ਨਾਟੋ ਯੂਕ੍ਰੇਨ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰੇਗਾ। ਰੂਸ ਯੂਕ੍ਰੇਨ ਦੇ ਊਰਜਾ ਢਾਂਚੇ ’ਤੇ ਲਗਾਤਾਰ ਹਮਲੇ ਕਰ ਰਿਹਾ ਹੈ। ਅਜਿਹੇ ਸਮੇਂ ਜਿਵੇਂ-ਜਿਵੇਂ ਸਰਦੀਆਂ ਨੇੜੇ ਆ ਰਹੀਆਂ ਹਨ, ਯੂਕ੍ਰੇਨ ਨੂੰ ਹੋਰ ਸਾਧਨਾਂ ਦੀ ਲੋੜ ਪਵੇਗੀ।
10 ਮਹੀਨਿਆਂ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ
ਰੂਸ ਨੇ 24 ਫਰਵਰੀ ਨੂੰ ਆਪਣੇ ਗੁਆਂਢੀ ਦੇਸ਼ ਯੂਕ੍ਰੇਨ ’ਤੇ ਹਮਲਾ ਕੀਤਾ ਸੀ। ਪਿਛਲੇ ਕਰੀਬ 10 ਮਹੀਨਿਆਂ ਦੌਰਾਨ ਇਸ ਯੁੱਧ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਲੱਖਾਂ ਲੋਕ ਬੇਘਰ ਹੋ ਗਏ ਹਨ। ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਇਸ ਹਫ਼ਤੇ ਕਿਹਾ ਕਿ ਰੂਸ ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਯੂਰਪ ਦੇ ਸਭ ਤੋਂ ਵੱਡੇ ਸੰਘਰਸ਼ ਨੂੰ ਖ਼ਤਮ ਕਰਨ ਦੀ ਜ਼ਰੂਰਤ ਹੈ। ਰੂਸ ਨੂੰ ਸ਼ਾਂਤੀ ਵੱਲ ਕਦਮ ਚੁੱਕਣਾ ਚਾਹੀਦਾ ਹੈ ਅਤੇ ਕ੍ਰਿਸਮਸ ਤੱਕ ਯੂਕ੍ਰੇਨ ਤੋਂ ਆਪਣੀਆਂ ਫ਼ੌਜਾਂ ਨੂੰ ਵਾਪਸ ਲੈਣਾ ਸ਼ੁਰੂ ਕਰਨਾ ਚਾਹੀਦਾ ਹੈ।

Comment here