ਅਪਰਾਧਸਿਆਸਤਖਬਰਾਂ

ਜੋੜੇ ਤੋਂ ਹਥਿਆਰਾਂ ਦੀ ਨੋਕ ‘ਤੇ 20 ਤੋਲੇ ਸੋਨਾ, ਨਗਦੀ, ਤੇ ਲਸੰਸੀ ਪਿਸਤੌਲ ਲੈ ਗਏ

ਕਪੂਰਥਲਾ- ਪੰਜਾਬ ਵਿੱਚ ਐਸਾ ਕੋਈ ਦਿਨ ਨਹੀਂ ਬੀਤਦਾ ਕਿ ਵੱਡਾ ਅਪਰਾਧ ਨਾ ਹੋਵੇ। ਲਾਅ ਐਂਡ ਆਰਡਰ ਦੀ ਮਾੜੀ ਸਥਿਤੀ ਕਰਕੇ ਮਾਨ ਸਰਕਾਰ ਵੀ ਅਲੋਚਨਾ ਦਾ ਸ਼ਿਕਾਰ ਹੈ ਅਤੇ ਪੁਲਸ ਪ੍ਰਸ਼ਾਸਨ ਵੀ ਸਵਾਲਾਂ ਦੇ ਘੇਰੇ ਵਿੱਚ ਹੈ। ਬੀਤੀ ਰਾਤ ਚੋਰਾਂ ਨੇ ਕਪੂਰਥਲਾ ਦੇ ਸ਼ੇਖੂਪੁਰ ਵਿਚ ਇਕ ਘਰ ’ਤੇ ਧਾਵਾ ਬੋਲਦਿਆਂ ਘਰ ਦੇ ਮਾਲਕ ਤੇ ਉਸਦੀ ਪਤਨੀ ਨੂੰ ਬੰਦੀ ਬਣਾ ਕੇ ਘਰ ਵਿਚੋਂ ਸੋਨਾ, ਨਗਦੀ ਤੇ ਇਕ ਰਿਵਾਲਵਰ ਲੁੱਟ ਕੇ ਲੈ ਗਏ। ਘਰ ਦੇ ਮਾਲਕ ਅਸ਼ੋਕ ਕੁਮਾਰ ਪੁੱਤਰ ਬਲਦੇਵ ਰਾਜ ਵਾਸੀ ਸ਼ੇਖੂਪੁਰ ਨੇ ਦੱਸਿਆ ਕਿ ਉਹ ਤੇ ਉਸਦੀ ਪਤਨੀ ਰੀਟਾ ਸ਼ਰਮਾ ਬੀਤੀ ਰਾਤ ਆਪਣੇ ਘਰ ‘ਚ ਸੁੱਤੇ ਹੋਏ ਸਨ। 2 ਵਜੇ ਦੇ ਕਰੀਬ ਘਰ ਦੀ ਛੱਤ ਰਾਹੀਂ 4-5 ਵਿਅਕਤੀ ਘਰ ਅੰਦਰ ਦਾਖਲ ਹੋ ਗਏ ਤੇ ਉਕਤ ਅਣਪਛਾਤੇ ਚੋਰਾਂ ਨੇ ਮੈਨੂੰ ਲੱਤਾਂ-ਬਾਹਾਂ ਤੋਂ ਫੜ ਲਿਆ। ਕਹਿਣ ਲੱਗੇ ਕਿ ਸਾਡੇ ਮਗਰ ਪੁਲਿਸ ਲੱਗੀ ਹੋਈ ਹੈ ਸਾਨੂੰ ਥੋੜ੍ਹੀ ਦੇਰ ਪਨਾਹ ਦਿੱਤੀ ਜਾਵੇ। ਜੇਕਰ ਰੌਲ਼ਾ ਪਾਇਆ ਤਾਂ ਮਾਰ ਦਿੱਤਾ ਜਾਵੇਗਾ ਕਿਉਂਕਿ ਅਸੀਂ ਪਹਿਲਾਂ ਹੀ ਇਕ ਕਤਲ ਕਰ ਕੇ ਆਏ ਹੋਏ ਹਾਂ। ਉਨ੍ਹਾਂ ਦੇ ਪਾਸ ਇਕ ਦੇਸੀ ਕੱਟਾ ਤੇ ਇਕ ਤੇਜ਼ਧਾਰ ਹਥਿਆਰ ਵੀ ਸੀ ਜਿਸ ਨੂੰ ਦਿਖਾ ਕੇ ਉਨ੍ਹਾਂ ਮੈਨੂੰ ਤੇ ਮੇਰੀ ਪਤਨੀ ਨੂੰ ਡਰਾ ਧਮਕਾ ਕੇ ਬੰਦੀ ਬਣਾ ਲਿਆ। ਸਾਡੇ ਮੂੰਹ ਉੱਪਰ ਟੇਪ ਕਰ ਦਿੱਤੀ ਜਿਸ ਤੋਂ ਬਾਅਦ ਚੋਰਾਂ ਨੇ ਸਾਡੇ ਹੱਥ-ਪੈਰ ਬੰਨ੍ਹ ਦਿੱਤੇ। ਫਿਰ ਪੈਸਿਆਂ ਦੀ ਮੰਗ ਕਰਨ ਲੱਗੇ, ਜਿਸ ‘ਤੇ ਮੇਰੀ ਪਤਨੀ ਨੇ ਉਨ੍ਹਾਂ ਨੂੰ ਅਲਮਾਰੀ ਦੀ ਚਾਬੀ ਦੇ ਦਿੱਤੀ। ਉਕਤ ਅਣਪਛਾਤੇ ਚੋਰਾਂ ਨੇ ਅਲਮਾਰੀ ‘ਚ ਪਏ ਕਰੀਬ 20 ਤੋਲੇ ਸੋਨੇ ਦੇ ਗਹਿਣੇ ਤੇ 1 ਲੱਖ ਦੇ ਕਰੀਬ ਨਗਦੀ ਜੋ ਘਰ ਅੰਦਰ ਮਕਾਨ ਦੀ ਉਸਾਰੀ ਵਾਸਤੇ ਰੱਖੀ ਹੋਈ ਸੀ, ਲੁੱਟ ਲਈ ਅਤੇ ਜਾਂਦੇ-ਜਾਂਦੇ ਦਰਾਜ ‘ਚ ਪਿਆ ਮੇਰਾ ਲਾਇਸੰਸੀ ਰਿਵਾਲਵਰ ਜੋ ਲੋਡਿਡ ਸੀ, ਵੀ ਲਾਇਸੰਸ ਸਮੇਤ ਲੈ ਗਏ। ਇਸ ਦੀ ਜਾਣਕਾਰੀ ਉਨ੍ਹਾਂ ਪੁਲਿਸ ਨੂੰ ਦੇ ਦਿੱਤੀ ਹੈ। ਇਸ ਸਬੰਧੀ ਘਟਨਾ ਸਥਾਨ ’ਤੇ ਡੀਐਸਪੀ ਸੁਰਿੰਦਰ ਸਿੰਘ ਅਤੇ ਥਾਣਾ ਸਿਟੀ ਦੇ ਐਸਐਸਓ ਸੁਰਜੀਤ ਸਿੰਘ ਪੱਤੜ ਵੀ ਪਹੁੰਚੇ ਜਿੰਨਾਂ ਨੇ ਮੌਕਾ ਮੁਆਇਨਾ ਕੀਤਾ ਤੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ। ਪੁਲਿਸ ਵੱਖ-ਵੱਖ ਥਾਵਾਂ ’ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਚੋਰਾਂ ਨੂੰ ਲੱਭਣ ਦਾ ਯਤਨ ਕਰ ਰਹੀ ਹੈ ।

Comment here