ਚੌਥੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦਾ ਅੱਜ ਸਮੁੱਚੇ ਸੰਸਾਰ ਭਰ ਵਿੱਚ ਜੋਤੀ ਜੋਤਿ ਦਿਵਸ ਬਹੁਤ ਹੀ ਸ਼ਰਧਾ ਭਾਵਨਾਂ ਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। ਗੁਰੂ ਸਾਹਿਬ ਨੇ ਸਿੱਖਾਂ ਨੂੰ ਅੰਮ੍ਰਿਤਸਰ ਵਰਗੀ ਪਵਿੱਤਰ ਧਰਤੀ ‘ਤੇ ਰਾਮਦਾਸ ਸਰੋਵਰ ਬਖਸ਼ਿਆ ਜਿੱਥੇ ਹਰ ਰੋਜ਼ ਲੱਖਾਂ ਦੀ ਗਿਣਤੀ ‘ਚ ਸੰਗਤਾਂ ਦਰਸ਼ਨ ਕਰਕੇ ਆਪਣੇ ਤਨ ਮਨ ਦੀ ਠੰਢਕ ਤੇ ਸ਼ਾਂਤੀ ਲੈ ਕੇ ਪਰਤਦੀਆਂ ਹਨ। ਗੁਰੂ ਰਾਮਦਾਸ ਜੀ ਦੀ ਉਸਤਿਤ ‘ਚ 11 ਭੱਟਾਂ ‘ਚੋਂ 7 ਭੱਟਾਂ ਨੇ ਸਵੱਈਏ ਲਿਖ ਕੇ ਆਪ ਜੀ ਦੀ ਮਹਾਨ ਅਧਿਆਤਮਿਕ ਪਹੁੰਚ ਨੂੰ ਸਤਕਾਰਿਆ ਤੇ ਸਨਮਾਨਿਆ ਤੇ ਬੇਨਤੀ ਕੀਤੀ ਹੈ ਕਿ ਸਾਨੂੰ ਆਪਣੀ ਸ਼ਰਨ ਦੇ ਵਿਚ ਰੱਖੋ ਜਿਸ ਦੀ ਸਾਨੂੰ ਬੜੀ ਲੋੜ ਹੈ।
“ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥ ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥ ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥”
( ਸਵੱਈਏ ਮਹਲੇ ਚਉਥੇ ਕੇ ੪)
ਗੁਰੂ ਰਾਮਦਾਸ ਜੀ ਦਾ ਜਨਮ ਚੂਨਾ ਮੰਡੀ ਲਾਹੌਰ ਦੇ ਵਸਨੀਕ ਪਿਤਾ ਹਰਦਾਸ ਜੀ ਦੇ ਘਰ ਮਾਤਾ ਦਇਆ ਕੌਰ ਜੀ ਦੀ ਪਾਵਨ ਕੁੱਖੋਂ 1534 ਈ: ਨੂੰ ਹੋਇਆ। ਮਾਪਿਆਂ ਦਾ ਵੱਡਾ ਸਪੱਤਰ ਹੋਣ ਕਰਕੇ ਆਪ ਜੀ ਨੂੰ ਜੇਠਾ ਕਿਹਾ ਜਾਣ ਲੱਗਾ। ਅੰਮ੍ਰਿਤਸਰ ਦੇ ਪਿੰਡ ਬਾਸਰਕੇ ਆਪ ਜੀ ਦੇ ਨਾਨਕੇ ਹੋਣ ਕਾਰਨ ਆਪ ਜੀ ਦਾ ਆਉਣਾ ਜਾਣਾ ਬਣਿਆ ਰਹਿੰਦਾ ਸੀ। ਮਾਤਾ-ਪਿਤਾ ਦੇ ਪ੍ਰਲੋਕ ਗਮਨ ਤੋਂ ਬਾਅਦ ਅਪ ਜੀ ਗੋਇੰਦਵਾਲ ਸਾਹਿਬ ਆ ਗਏ। ਜੇਠਾ ਜੀ ਨੇ ਗੁਰੂ ਅਮਰਦਾਸ ਜੀ ਦੀ ਅਥਾਹ ਸੇਵਾ ਕੀਤੀ ਤੇ ਇਸ ਸੇਵਾ ਨਿਮਰਤਾ ਨੂੰ ਦੇਖਦਿਆ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਤੇ ਆਪਣੇ ਪਰਿਵਾਰ ਦਾ ਇਕ ਹਿੱਸਾ ਬਣਾ ਲਿਆ।
ਗੁਰੂ ਸਾਹਿਬ ਦੇ ਜੀਵਨ ਤੇ ਝਾਤ ਪਾਈਏ ਤਾਂ ਪਤਾ ਲੱਗਦਾ ਹੈ ਕਿ ਆਪ ਜੀ ਸੇਵਾ ਸਹਿਣਸ਼ੀਲਤਾ ਤੇ ਆਗਿਆਕਾਰੀ ਸੁਭਾਅ ਦੇ ਮਾਲਕ ਸਨ। ਗੁਰੂ ਸਾਹਿਬ ਨੇ ਰੂੜੀਵਾਦੀ ਪਰੰਪਰਾਂ ਨੂੰ ਤੋੜਦਿਆ ਸਿੱਖ ਧਰਮ ਨੂੰ ਸਭ ਤੋਂ ਵੱਡਮੁੱਲੀ ਦੇਣ 4 ਲਾਂਵਾਂ ਦੇ ਰੂਪ ਵਿੱਚ ਦਿੱਤੀ। ਜਿਸ ਤੋਂ ਬਾਅਦ ਸਿੱਖ ਧਰਮ ਦੇ ਵਿਚ ਇਕ ਹੋਰ ਵਿਲੱਖਣਤਾ ਆ ਗਈ। ਇਸੇ ਤਰ੍ਹਾਂ ਆਪ 1581 ਈ: ਨੂੰ ਜੋਤੀ ਜੋਤਿ ਸਮਾਂ ਗਏ। ਐਸੇ ਦੀਨ ਦਇਆਲ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੋਤੀ ਜੋਤਿ ਦਿਵਸ ਤੇ ਏਬੀਪੀ ਸਾਂਝਾ ਵੀ ਸ਼ਰਧਾ ਭੇਟ ਕਰਦਾ ਹੈ।
ਜੋਤੀ-ਜੋਤਿ ਦਿਵਸ ਸ਼੍ਰੀ ਗੁਰੂ ਰਾਮਦਾਸ ਜੀ

Comment here