ਅਪਰਾਧਸਿਆਸਤਖਬਰਾਂਚਲੰਤ ਮਾਮਲੇਮਨੋਰੰਜਨ

ਜੋਗੀ ’ਦਿ ਦਿੱਲੀ ਫਾਈਲਜ਼’ ਨਵੰਬਰ ’84 ਬਾਰੇ ਸੱਚੀ ਤਸਵੀਰ

1990 ਦੇ ਦਹਾਕੇ ਦੌਰਾਨ ਕਸ਼ਮੀਰ ਵਾਦੀ ’ਚੋਂ ਕਸ਼ਮੀਰੀ ਪੰਡਿਤਾਂ ਦੇ ਪਲਾਇਨ ਕਰਨ ਦੇ ਸੰਵੇਦਨਸ਼ੀਲ ਮੁੱਦੇ ਦੀ ਤ੍ਰਾਸਦੀ ਨੂੰ ਵਿਵੇਕ ਅਗਨੀਹੋਤਰੀ ਵਲੋਂ ਕੁਝ ਸਮੇਂ ਪਹਿਲਾਂ ’ਦਿ ਕਸ਼ਮੀਰ ਫਾਈਲਜ਼’ ਰਾਹੀਂ ਵੱਡੇ ਪਰਦੇ ’ਤੇ ਇਕ ਦਲੇਰਾਨਾ ਪੇਸ਼ਕਾਰੀ ਕੀਤੀ ਗਈ। ਉਸੇ ਤਰਾਂ ਦਿਲਜੀਤ ਦੁਸਾਂਝ ਦੀ ਮੁੱਖ ਭੂਮਿਕਾ ਨਾਲ ਅਲੀ ਅੱਬਾਸ ਜ਼ਫ਼ਰ ਨੇ ’ਦਿ ਦਿੱਲੀ ਫਾਈਲਜ਼’ ਜੋਗੀ ਨੂੰ ਨਿਰਦੇਸ਼ਤ ਕਰਦਿਆਂ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੇ ਖ਼ੌਫ਼ਨਾਕ ਵਰਤਾਰੇ ਨੂੰ ’ਨੈਟਫਲਿਕਸ’ ਰਾਹੀਂ ਪੂਰੀ ਦੁਨੀਆ ਦੇ ਰੂਬਰੂ ਕੀਤਾ ਹੈ। 38 ਸਾਲ ਪਹਿਲਾਂ ਦਾ ਉਹ ਦੁਖਾਂਤ ਪੰਜਾਬੀ ਸਿਨੇਮੇ ’ਚ ਕਈ ਵਾਰ ਰੂਪਮਾਨ ਕੀਤਾ ਜਾ ਚੁੱਕਿਆ ਹੈ। ਹਿੰਦੀ ਸਿਨੇਮਾ ’ਚ ਦਲਜੀਤ ਦੁਸਾਂਝ ਦੀ ਇਸ ਵਿਸ਼ੇ ’ਤੇ ਪਹਿਲੀ ਪੇਸ਼ਕਾਰੀ ਹੈ। ਇਸ ਤੋ ਪਹਿਲਾਂ ਉਹ 2014 ਵਿੱਚ ਸਿੱਖ ਭਾਈਚਾਰੇ ਦੀ ਤ੍ਰਾਸਦੀ ਪ੍ਰਤੀ ਪੰਜਾਬੀ ਫ਼ਿਲਮ ’ਪੰਜਾਬ 1984’ ਵਿੱਚ ਅਭਿਨੈ ਕਰ ਚੁੱਕੇ ਹਨ। ਇਕ ਰਾਸ਼ਟਰੀ ਦੁਖਾਂਤ ਨੂੰ ਵਿਅਕਤੀਗਤ ਰੂਪ ਦੇਣ ਦੇ ਬਾਵਜੂਦ, ਜੋਗੀ ਨੇ 31 ਅਕਤੂਬਰ 1984 ਨੂੰ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਕਾਂਗਰਸ ਸਰਕਾਰ ਦੀ ਨਫਰਤੀ ਵਰਤਾਰੇ ਤਹਿਤ ਦੇ ਸਿੱਖ ਨਸਲਕੁਸ਼ੀ ਦੌਰਾਨ ਜੋ ਸਿੱਖ ਭਾਈਚਾਰੇ ਨੂੰ ਦੁੱਖ ਝੱਲਣਾ ਪਿਆ ਉਸ ਸੱਚ ਅਤੇ ਪੀੜਾ ਨੂੰ ਬਿਆਨ ਕੀਤਾ ਹੈ।
ਨਿਰਸੰਦੇਹ ਚਰਚਾ ਦਾ ਵਿਸ਼ਾ ਬਣੀ ਇਹ ਫ਼ਿਲਮ ਉਨ੍ਹਾਂ ਸਿਆਸੀ ਪਰਿਵਾਰਾਂ ਅਤੇ ਪਾਰਟੀ ਦੇ ਲੋਕਾਂ ਨੂੰ ਔਖੀ ਮਹਿਸੂਸ ਕਰੇਗੀ,  ਜਿਨ੍ਹਾਂ ਨੇ ਅਜ਼ਾਦੀ ਉਪਰੰਤ ਦੇਸ਼ ਦੀ ਵਾਗਡੋਰ ਸੰਭਾਲਦਿਆਂ ਸਵਾਰਥ ’ਚ ਆ ਕੇ ਪੰਜਾਬ ਅਤੇ ਸਿੱਖਾਂ ਪ੍ਰਤੀ ਗ਼ਲਤ ਫ਼ੈਸਲੇ ਲਏ। ਹਿੰਦੂ ਅਤੇ ਸਿੱਖ ਭਾਈਚਾਰਿਆਂ ’ਚ ਨਫ਼ਰਤ ਪੈਦਾ ਕਰਨ ਤੋਂ ਇਲਾਵਾ ਮਨੁੱਖਤਾ ਅਤੇ ਸਭਿਅਤਾ ਦੇ ਘਾਣ ਦੀ ਉਹ ਦਾਸਤਾਨ ਲਿਖੀ ਗਈ ਜਿਸ ਪ੍ਰਤੀ ਹਿੰਦੂ ਸਿੱਖਾਂ ਨੇ ਕਦੀ ਸੁਪਨੇ ’ਚ ਵੀ ਨਹੀਂ ਸੋਚਿਆ ਸੀ। ਦਿਲੀ ਸਮੇਤ ਦੇਸ਼ ਭਰ ’ਚ ਨਵੰਬਰ ’84 ਦਾ ਪਹਿਲਾ ਹਫ਼ਤਾ, ਇਕ ਖ਼ੌਫ਼ਨਾਕ ਵਰਤਾਰਾ ਸੀ ਜਿੱਥੇ ਸਿੱਖ ਹੋਣ ਦਾ ਮਤਲਬ ਮੌਤ ਸੀ। ਸਿੱਖ ਭਾਈਚਾਰਾ ਜਿਸ ਨੇ ਆਪਣੀ ਕਿਸਮਤ ਭਾਰਤ ਨਾਲ ਜੋੜ ਲਈ, ਦੇਸ਼ ਨੂੰ ਅਜ਼ਾਦ ਕਰਾਉਣ ਅਤੇ ਪੁਨਰ ਨਿਰਮਾਣ ’ਚ ਸਭ ਤੋਂ ਵੱਧ ਖ਼ੂਨ ਵਹਾਇਆ, ਨੇ ਕਦੀ ਨਹੀਂ ਸੋਚਿਆ ਕਿ 37 ਸਾਲ ਬਾਅਦ ਉਸੇ ਦੇਸ਼ ਵਿਚ ਇਸ ਨੂੰ ਬੇਆਬਰੂ ਹੋਣ ਦਾ ਦਰਦ ਸਹਿਣਾ ਪਵੇਗਾ। ਉਸ ਦੇ ਬੇਕਸੂਰ ਲੋਕਾਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾਵੇਗਾ ਕਿਉਂਕਿ ਉਨ੍ਹਾਂ ਨੇ ਸਿਰਾਂ ’ਤੇ ਪੱਗਾਂ ਬੰਨੀਆਂ ਅਤੇ ਦਾੜ੍ਹੀਆਂ ਰੱਖੀਆਂ ਹੋਈਆਂ ਸਨ? ਦਿੱਲੀ ਸਮੇਤ ਦੇਸ਼ ਦੇ 18 ਸੂਬਿਆਂ ਦੇ ਸੌ ਤੋਂ ਵੱਧ ਸ਼ਹਿਰਾਂ ’ਚ 7000 ਤੋਂ ਵੱਧ ਨਿਰਦੋਸ਼ ਸਿੱਖਾਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ। ਉਨ੍ਹਾਂ ਨੂੰ ਟੋਟੇ ਟੋਟੇ ਕਰਦਿਆਂ ਕੋਹ ਕੋਹ ਕੇ ਮਾ‌ਰਿਆ ਗਿਆ, ਸਿੱਖਾਂ ਨੂੰ ਅਣ ਮਨੁੱਖੀ ਤਰੀਕੇ ਨਾਲ ਨਿਸ਼ਾਨਾ ਬਣਾਉਂਦਿਆਂ ਜਿਊਂਦੇ ਜੀਅ ਪੈਟਰੋਲ ਪਾ ਕੇ ਅਤੇ ਉਨ੍ਹਾਂ ਦੇ ਗੱਲਾਂ ਵਿਚ ਟਾਇਰ ਪਾ ਕੇ ਅੱਗ ਲਗਾਉਣਾ ਤੋਂ ਇਲਾਵਾ ਦਿਨ ਦਿਹਾੜੇ ਧੀਆਂ ਭੈਣਾਂ ਦੀ ਜਿਵੇਂ ਬੇਪਤੀ ਕੀਤੀ ਗਈ ਉਹ ਰੂਹ ਕੰਬਾਉਣ ਵਾਲੀ ਸੀ। ਕਰੋੜਾਂ ਦੀ ਸੰਪਤੀ ਲੁੱਟੀ ਅਤੇ ਫੂਕੀ ਗਈ। ਸਾਰਾ ਸਿਸਟਮ ਸਿੱਖਾਂ ਦੇ ਵਿਰੁੱਧ ਸੀ।  ਸਰਕਾਰ, ਪ੍ਰਸ਼ਾਸਨ ਅਤੇ ਪੁਲੀਸ ਦਰਸ਼ਕ ਹੀ ਨਹੀਂ ਬਣੀ ਸਗੋਂ ਕਾਤਲ ਧਾੜਾਂ ਦੀ ਮਦਦ  ਕੀਤੀ ਅਤੇ ਸਿੱਖਾਂ ਦੇ ਘਰਾਂ ਦੀ ਸ਼ਨਾਖ਼ਤ ਦੱਸਦੀ ਰਹੀ। ਰਾਜੀਵ ਗਾਂਧੀ ਦਾ ਇਹ ਕਹਿਣਾ ’’ਬੜਾ ਦਰੱਖਤ ਗਿਰਤਾ ਹੈ ਤੋਂ ਧਰਤੀ ਹਿਲਤੀ ਹੈ’’ ਨੇ ਕਾਤਲਾਂ ਨੂੰ ਹਲਾਸ਼ੇਰੀ ਦਿੱਤੀ। ਇਹ ਦੇਸ਼ ਦੀ ਹਾਕਮ ਧਿਰ ਦੀ ਸਰਪ੍ਰਸਤੀ ਹੇਠ ਸਿੱਖਾਂ ਦਾ ਯੋਜਨਾਬੱਧ ਸਮੂਹਿਕ ਕਤਲੇਆਮ ਸੀ। ਬਾਅਦ ’ਚ ਮਰਵਾਹਾ ਕਮੇਟੀ ਤੋਂ ਲੈ ਕੇ ਨਾਨਾਵਤੀ ਕਮਿਸ਼ਨ ਤਕ 30 ਸਾਲਾਂ ’ਚ ਜਾਂਚ ਦੇ 10 ਕਮਿਸ਼ਨਾਂ ਬਣਾਏ ਗਏ। ਸਰਕਾਰੀ ਰਿਕਾਰਡ ਮੁਤਾਬਿਕ ਇਕੱਲੇ ਦਿੱਲੀ ’ਚ ਹੀ 2733 ਸਿੱਖ ਕਤਲ ਹੋਏ। ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਭੇਜਣਾ ਤਾਂ ਦੂਰ 3600 ਤੋਂ ਵੱਧ ਗਵਾਹਾਂ ਦੇ ਬਾਵਜੂਦ ਅਦਾਲਤੀ ਕਟਹਿਰੇ ’ਚ ਖੜੇ ਕੀਤੇ ਗਏ ਕਾਤਲਾਂ ਨੂੰ ਨਿਆਂ ਪ੍ਰਣਾਲੀ ਠੋਸ ਸਬੂਤਾਂ ਦੀ ਘਾਟ ਕਹਿ ਕੇ ਬਰੀ ਕਰੀ ਗਏ ।  ਅਗਸਤ 2005 ਵਿਚ ਕਤਲੇਆਮ ਸੰਬੰਧੀ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਲੋਕ ਸਭਾ ਵਿਚ ਰੱਖੀ ਗਈ ਤਾਂ ਉਸ ਸਮੇਂ ਵਿਸ਼ਵ ਦੇ ਸਭ ਤੋਂ ਵੱਡੀ ਜਮਹੂਰੀਅਤ ਦੇ ਤਿੰਨੇ ਸਤੰਭ( ਵਿਧਾਨ ਪਾਲਿਕਾ, ਨਿਆਂ ਪਾਲਿਕਾ ਅਤੇ ਕਾਰਜ ਪਾਲਿਕਾ) ਹਿੱਲਦੇ ਨਜ਼ਰ ਆਏ। ਨਾਨਾਵਤੀ ਕਮਿਸ਼ਨ ਨੇ ਦਿਨ ਦਿਹਾੜੇ ਹਜ਼ਾਰਾਂ ਨਿਰਦੋਸ਼ਾਂ ਦੇ ਕਤਲਾਂ ਲਈ ਮੌਕੇ ਦੀ ਕਾਂਗਰਸ ਸਰਕਾਰ ਅਤੇ ਕਾਂਗਰਸੀ ਆਗੂਆਂ ਦੀ ਸਖ਼ਤ ਆਲੋਚਨਾ ਕੀਤੀ। ਫਿਰ ਵੀ ਕਮਿਸ਼ਨ ਵੱਲੋਂ ਦੋਸ਼ੀ ਠਹਿਰਾਏ ਗਏ ਕਾਂਗਰਸੀ ਆਗੂਆਂ ਵਿਰੁੱਧ ਕਾਰਵਾਈ ਕਰਨ ਤੋਂ ਸਰਕਾਰ ਨੇ ਨਾ ਕੇਵਲ ਇਨਕਾਰ ਕਰ ਦਿੱਤਾ ਸਗੋਂ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਗਈ । ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਦਿਆਂ ਕਤਲੇਆਮ ਨੂੰ ਅੰਜਾਮ ਦੇਣ ਵਾਲੇ ਕਾਂਗਰਸੀ ਆਗੂਆਂ ਐਚ ਕੇ ਐਲ ਭਗਤ, ਕਮਲ ਨਾਥ, ਜਗਦੀਸ਼ ਟਾਈਟਲਰ ਅਤੇ ਸਜਨ ਕੁਮਾਰ  ਵਰਗਿਆਂ ਨੂੰ ਵੱਡੇ ਸਰਕਾਰੀ ਅਹੁਦਿਆਂ ਨਾਲ ਸਨਮਾਨਿਤ ਕੀਤਾ ਅਤੇ ਉਹ ਸਤਾ ਦਾ ਸੁਖ ਭੋਗਦੇ ਰਹੇ। ਪਰ ਜਸਟਿਸ ਢੀਂਗਰਾ ਵਰਗੇ ਕੁਝ ਇਮਾਨਦਾਰ ਜੱਜ ਵੀ ਸਨ ਜਿਨ੍ਹਾਂ ਜ਼ਮੀਰ ਦੀ ਅਵਾਜ਼ ਸੁਣ ਕੇ  ਐਚ ਕੇ ਐਲ ਭਗਤ ਨੂੰ 1995 ’ਚ ਦੋਸ਼ੀ ਮੰਨਦਿਆਂ ਜੇਲ੍ਹ ਵੀ ਭੇਜਿਆ। ਲੇਕਿਨ ਬਹੁਤੇ ਮਾਮਲਿਆਂ ਵਿਚ ਅਦਾਲਤਾਂ ’ਚ ਰੁਲਦੇ ਚਸ਼ਮਦੀਦ ਗਵਾਹਾਂ ਦੇ ਇਕ ਇਕ ਕਰਕੇ ਦੁਨੀਆ ਤੋਂ ਰੁਖ਼ਸਤ ਹੋ ਰਹੇ ਸਨ। ਭਲਾ ਹੋਵੇ ਸ੍ਰੀ ਨਰਿੰਦਰ ਮੋਦੀ ਦਾ ਜਿਨ੍ਹਾਂ ਨੇ 2014 ’ਚ ਪ੍ਰਧਾਨ ਮੰਤਰੀ ਬਣਦਿਆਂ ਸਾਰ ਠੋਸ ਫ਼ੈਸਲਾ ਲੈਂਦਿਆਂ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਿੱਟ ਬਣਾਈ। ਨਤੀਜੇ ਵਜੋਂ ਕਾਂਗਰਸੀ ਆਗੂ ਸਜਨ ਕੁਮਾਰ ਨੂੰ ਦਿੱਲੀ ਹਾਈ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਦੋ ਹੋਰ ਦੋਸ਼ੀ ਯਸ਼ਪਾਲ ਨੂੰ ਮੌਤ ਦਾ ਸਜ਼ਾ ਅਤੇ ਨਰੇਸ਼ ਸ਼ੇਰਾਵਤ ਨੂੰ ਉਮਰ ਕੈਦ ਦੀ ਸਜ਼ਾ ਤੋਂ ਇਲਾਵਾ ਦਿੱਲੀ ਦੀ ਹੀ ਇਕ ਅਦਾਲਤ ਨੇ ਸਾਬਕਾ ਕਾਂਗਰਸੀ ਵਿਧਾਇਕ ਮਹਿੰਦਰ ਯਾਦਵ ਅਤੇ ਕੌਂਸਲਰ ਬਲਵਾਨ ਖੋਖਰ ਨੂੰ ਉਤਰ ਕੈਦ ਅਤੇ ਤਿੰਨ ਹੋਰਨਾਂ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਨਾਲ ਪੀੜਤ ਲੋਕਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲੱਗਿਆ। ਯੂ ਪੀ ਦੀ ਯੋਗੀ ਸਰਕਾਰ ਵੀ ਇਸ ਪਾਸੇ ਪੂਰੀ ਯੂਰਪੀ ਕਰ ਰਹੀ ਹੈ ਅਤੇ ਕਾਨਪੁਰ ’ਚ ਹੋਏ 127 ਸਿੱਖਾਂ ਦੇ ਕਤਲ ਲਈ ਜ਼ਿੰਮੇਵਾਰ ਦਰਜਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।
ਜੋਗੀ ਦੇ ਜ਼ਰੀਏ ਫ਼ਿਲਮ ਨਿਰਮਾਤਾ ਨੇ ਕਹਾਣੀ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਸੈਟ ਕਰਕੇ ਇੱਕ ਦਲੇਰਾਨਾ ਕਦਮ ਚੁੱਕਿਆ ਹੈ । ਜੋਗੀ ਦਾ ਪਲਾਟ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ਦਾ ਹੈ । ਜੋਗੀ ਇਕ ਕਾਲਪਨਿਕ ਪਾਤਰ ਹੈ। ਪਰ ਘਟਨਾਵਾਂ ਅਸਲ ਦੇ ਬਹੁਤ ਨੇੜੇ ਹਨ। ਕੌਂਸਲਰ ਤੇਜਪਾਲ ਅਰੋੜਾ ਦਾ ਕਿਰਦਾਰ ਕਾਂਗਰਸੀ ਸਿਆਸਤਦਾਨ ਤੋਂ ਪ੍ਰੇਰਿਤ ਹੈ। ਜੋਗੀ ਅਤੇ ਉਸ ਦੇ ਪਿਤਾ ਨੂੰ ਕੁਝ ਲੋਕਾਂ ਵੱਲੋਂ ਬੱਸ ਵਿੱਚ ਕੁੱਟਿਆ ਜਾ ਰਿਹਾ ਸੀ ਤਾਂ ਜੋਗੀ ਵੱਲੋਂ ਚੀਕ ਕੇ ਇਹ ਕਹਿਣਾ “ਹਮਾਰੀ ਕੀ ਗਲਤੀ ਹੈ ਅਤੇ ਕੌਂਸਲਰ ਤੇਜਪਾਲ ਵੱਲੋਂ ’’ਕੋਈ ਭੀ ਸਿੱਖ ਬਚਣਾ ਨਹੀਂ ਚਾਹੀਏ’’ ਹਕੀਕਤ ਦੇ ਬਹੁਤ ਨੇੜੇ ਹਨ।  ਦਿਲਜੀਤ ਦੁਸਾਂਝ ਨੇ ਨਵੰਬਰ 1984 ਦੇ ਸੰਵੇਦਨਸ਼ੀਲ  ਵਿਸ਼ੇ ‘ਤੇ ਕਿਰਦਾਰ ਨੂੰ ਬਾਖ਼ੂਬੀ ਨਿਭਾਉਂਦਿਆਂ ਕੈਰੀਅਰ ਦਾ ਸਰਵੋਤਮ ਪ੍ਰਦਰਸ਼ਨ ਦਿੱਤਾ ਹੈ। ਉਹ ਫ਼ਿਲਮ ਦੀ ਰੂਹ ਹੈ ਅਤੇ ਕਿਰਦਾਰ ਦੇ ਦਰਦ ਨੂੰ ਮਹਿਸੂਸ ਕਰ ਕੇ ਦ੍ਰਿਸ਼ਟੀਗੋਚਰ ਕੀਤੀ ਅਦਾਕਾਰੀ ਨਾਲ ਉਸ ਨੇ ਆਪਣੀ ਸਾਖ ਨੂੰ ਮਜ਼ਬੂਤੀ ਨਾਲ ਸਥਾਪਿਤ ਕੀਤਾ।  ਕੁਮੁਦ ਮਿਸ਼ਰਾ ਨੇ ਫ਼ਿਰਕਾਪ੍ਰਸਤ ਸਿਆਸਤਦਾਨ ਦੀ ਭੂਮਿਕਾ ’ਚ ਖਲਨਾਇਕਤਵ ਨੂੰ ਨਿਭਾਉਣ ’ਚ ਸਫਲ ਰਿਹਾ। ਜੋਗੀ ਫ਼ਿਲਮ ਲਈ ਨਿਰਦੇਸ਼ਕ ਅਲੀ ਅੱਬਾਸ ਜ਼ਫ਼ਰ, ਦਿਲਜੀਤ ਦੁਸਾਂਝ ਅਤੇ ਪੂਰੀ ਟੀਮ ਵਧਾਈ ਦੇ ਪਾਤਰ ਹਨ। ਅਜਿਹੀਆਂ ਫ਼ਿਲਮਾਂ 38 ਸਾਲਾਂ ਤੋਂ ਇਨਸਾਫ਼ ਨੂੰ ਉਡੀਕ ਰਹੇ ਹਜ਼ਾਰਾਂ ਬੇਕਸੂਰ ਪੀੜਤਾਂ ਨੂੰ ਇਨਸਾਫ਼ ਦਿਵਾਉਣ ’ਚ ਸਰਕਾਰੀ ਤੰਤਰ ਨੂੰ ਮਜਬੂਰ ਕਰਨ ’ਚ ਭੂਮਿਕਾ ਨਿਭਾਉਣਗੀਆਂ। ’84 ਦੇ ਪੂਰੇ ਵਿਸ਼ੇ ਨੂੰ ਇਕ ਫ਼ਿਲਮ ’ਚ ਸਮਾ ਲਿਆ ਜਾਵੇ ਇਹ ਸੰਭਵ ਨਹੀਂ, ਫਿਰ ਵੀ ਦੇਸ਼ ਸਮਾਜ ਨੂੰ ਜਾਗਰੂਕ ਕਰਨ ਦੇ ਸਰੋਕਾਰ ਹਿਤ ਬਣਾਈ ਗਈ ਇਸ ਤਰਾਂ ਦੀਆਂ ਫ਼ਿਲਮਾਂ ਦੀ ਪ੍ਰਸੰਸਾ ਕਰਨੀ ਬਣਦੀ ਹੈ। ਜੋਗੀ, ਬਾਲੀਵੁੱਡ ਸਿਨੇਮਾ ਪੱਖੋਂ ਕੁਝ ਕਮਜ਼ੋਰੀਆਂ ਦੇ ਬਾਵਜੂਦ ਇੱਕ ਸੰਵੇਦਨਸ਼ੀਲ ਮੁੱਦੇ ‘ਤੇ ਬਣਾਈ ਗਈ ਇੱਕ ਚੰਗੀ ਫ਼ਿਲਮ ਹੈ। ਤਸੱਲੀ ਦੀ ਗਲ ਹੈ ਕਿ ਜੋਗੀ ਫ਼ਿਲਮ ਦੇ ਬਹਾਨੇ ਸਿੱਖ ਭਾਈਚਾਰੇ ਦੀ ਸਮੂਹਿਕ ਅਵਚੇਤਨਾ ਦਾ ਹਿੱਸਾ ਬਣ ਚੁੱਕੀ ਨਵੰਬਰ ’84 ਦੀ ਸਿੱਖ ਨਸਲਕੁਸ਼ੀ ਦੀ ਦਰਦਨਾਕ ਕਹਾਣੀ 190 ਦੇਸ਼ਾਂ ਵਿਚ ਦੇਖੀ ਜਾਣ ਵਾਲੇ ਗਲੋਬਲ ਆਨਲਾਈਨ ਮਨੋਰੰਜਨ ਮੰਚ ਨੈਟਫਲਿਕਸ ਰਾਹੀਂ ਲੋਕਾਂ ਤਕ ਪਹੁੰਚ ਰਹੀ ਹੈ। ਨਵੀਂ ਪੀੜੀ ਨੂੰ ਸੱਚ ਜਾਣਨ ਦਾ ਹੱਕ ਹੈ। ਸਿੱਖ ਕੌਮ ਲਈ ਜੂਨ ’84 ਅਤੇ ਨਵੰਬਰ ’84 ’ਨਾ ਭੁੱਲੇ ਹਨ ਅਤੇ ਨਾ ਭੁਲਾਇਆ ਜਾ ਸਕਦਾ ਹੈ।
-ਪ੍ਰੋ: ਸਰਚਾਂਦ ਸਿੰਘ ਖਿਆਲਾ 

Comment here