ਵਾਸ਼ਿੰਗਟਨ – ਚੀਨ ਵੱਲੋਂ ਕੀਤੇ ਜਾ ਰਹੇ ਪਸਾਰੇ ਤੋਂ ਕਈ ਮੁਲਕਾਂ ਨੂੰ ਵੱਡੀਆਂ ਚੁਣੌਤੀਆਂ ਮਿਲ ਰਹੀਆਂ ਹਨ। ਖਾਸ ਕਰਕੇ ਅਮਰੀਕਾ ਤੇ ਜਰਮਨ ਵਰਗੇ ਮੁਲਕ ਵੀ ਇਸ ਨੂੰ ਲੈ ਕੇ ਫਿਕਰਮੰਦ ਹੋਏ ਚਰਚਾ ਕਰ ਰਹੇ ਹਨ। ਲੰਘੇ ਦਿਨ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਜਰਮਨੀ ਦੀ ਚਾਂਸਲਰ ਏੰਜਲਾ ਮਰਕੇਲ ਨੇ ਵ੍ਹਾਈਟ ਹਾਊਸ ’ਚ ਦੋ-ਪੱਖੀ ਬੈਠਕ ਦੌਰਾਨ ਚੀਨ ਦੀਆਂ ਚੁਣੌਤੀਆਂ ਬਾਰੇ ਚਰਚਾ ਕੀਤੀ। ਮਰਕੇਲ ਨੇ ਬਾਈਡੇਨ ਨਾਲ ਸਾਂਝੇ ਪੱਤਰਕਾਰ ਸੰਮੇਲਨ ’ਚ ਕਿਹਾ ਕਿ ਅਸੀਂ ਚੀਨ ਬਾਰੇ ਗੱਲ ਕੀਤੀ ਹੈ ਅਤੇ ਇਸ ਬਾਰੇ ਸਾਡੀ ਸਮਝ ਇਕੋ ਜਿਹੀ ਹੈ ਕਿ ਚੀਨ ਕਈ ਖੇਤਰਾਂ ’ਚ ਸਾਡਾ ਮੁਕਾਬਲੇਬਾਜ਼ ਹੈ। ਦੋਹਾਂ ਨੇਤਾਵਾਂ ਨੇ ਆਪਸੀ ਸਹਿਯੋਗ ਦੇ ਕਈ ਪਹਿਲੂਆਂ ਦੇ ਨਾਲ-ਨਾਲ ਚੀਨ ਵੱਲੋੰ ਮਿਲ ਰਹੀਆਂ ਆਰਥਿਕ, ਜਲਵਾਯੂ ਸੁਰੱਖਿਆ, ਫ਼ੌਜੀ ਖੇਤਰ ਜਾਂ ਫਿਰ ਸੁਰੱਖਿਆ ਦੇ ਖੇਤਰ ਵਿਚ ਮਿਲ ਰਹੀਆਂ ਚੁਣੌਤੀਆਂ ਨੂੰ ਲੈ ਕੇ ਗੱਲਬਾਤ ਕੀਤੀ ਹੈ ਤੇ ਆਪਸੀ ਸਹਿਯੋਗ ਨਾਲ ਮਸਲੇ ਨਾਲ ਸਿਝਿਆ ਜਾਵੇਗਾ। ਅੱਗੇ ਕਈ ਹੋਰ ਚੁਣੌਤੀਆਂ ਦਾ ਵੀ ਉਹਨਾਂ ਨੇ ਖਦਸ਼ਾ ਜ਼ਾਹਰ ਕੀਤਾ।ਮਰਕੇਲ ਨੇ ਕਿਹਾ ਕਿ ਚੀਨ ਨਾਲ ਵਪਾਰ ਇਸ ਧਾਰਨਾ ’ਤੇ ਟਿਕਿਆ ਹੋਣਾ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ ਬਰਾਬਰ ਮੌਕੇ ਮਿਲਣ, ਤਾਂ ਕਿ ਸਾਰੇ ਸਮਾਨ ਨਿਯਮਾਂ ਅਧੀਨ ਕੰਮ ਕਰਨ। ਸੰਜੋਗ ਨਾਲ, ਇਹ ਵਪਾਰ ’ਤੇ ਯੂਰਪੀ ਸੰਘ-ਚੀਨ ਸਮਝੌਤੇ ਦੇ ਪਿੱਛੇ ਵੀ ਪ੍ਰੇਰਕ ਸ਼ਕਤੀ ਸੀ ਕਿ ਕੌਮਾਂਤਰੀ ਲੇਬਰ ਸੰਗਠਨ ਦੇ ਮੁੱਖ ਮਜ਼ਦੂਰ ਮਾਪਦੰਡਾਂ ਦਾ ਪਾਲਣ ਕਰਦੇ ਹਨ। ਮਰਕੇਲ ਨੇ ਕਿਹਾ ਕਿ ਅਮਰੀਕਾ ਅਤੇ ਜਰਮਨੀ ਚਿਪ ਸਮੇਤ ਅਤਿਆਧੁਨਿਕ ਤਕਨਾਲੋਜੀਆਂ ਨੂੰ ਵਿਕਸਿਤ ਕਰਨ ਵਿਚ ਇਕ-ਦੂਜੇ ਦਾ ਸਹਿਯੋਗ ਕਰਨਗੇ। ਅਸੀਂ ਡਿਜੀਟਲੀਕਰਨ ਦੇ ਅਜਿਹੇ ਸਮੇਂ ’ਚ ਵਪਾਰ ’ਚ ਕੰਮ ਕਰਨਾ ਚਾਹੁੰਦੇ ਹਾਂ, ਜਿੱਥੇ ਸੁਰੱਖਿਆ ਦੇ ਮੁੱਦੇ ਸਾਡੇ ਏਜੰਡੇ ’ਚ ਸਭ ਤੋਂ ਮਹੱਤਵਪੂਰਨ ਹਨ। ਸਾਨੂੰ ਇਸ ’ਤੇ ਆਦਾਨ-ਪ੍ਰਦਾਨ ਕਰਨਾ ਚਾਹੀਦਾ ਹੈ। ਸਾਨੂੰ ਮਾਪਦੰਡਾਂ, ਇੰਟਰਨੈੱਟ ਨੂੰ ਕੰਟਰੋਲ ਕਰਨ ਬਾਰੇ ਗੱਲ ਕਰਨੀ ਚਾਹੀਦੀ ਹੈ। ਇਹ ਗੱਲ ਕਰਨੀ ਚਾਹੀਦੀ ਹੈ ਕਿ ਕੀ ਅਸੀਂ ਆਮ ਮਾਪਦੰਡਾਂ ’ਤੇ ਸਹਿਮਤ ਹੋ ਸਕਦੇ ਹਾਂ, ਖ਼ਾਸ ਰੂਪ ਨਾਲ ਚੀਨ ਨਾਲ ਸਾਡੇ ਸਬੰਧਾਂ ਦੇ ਲਿਹਾਜ ਨਾਲ। ਇਸ ਤੋਂ ਇਲਾਵਾ ਅੱਜ ਦੀ ਵਿਸ਼ਵਿਕ ਸਮੱਸਿਆ ਕੋਵਿਡ ਮਹਾਮਾਰੀ ਬਾਰੇ ਜਰਮਨੀ ਚਾਂਸਲਰ ਨੇ ਟੀਕਾਕਰਨ ਦੀ ਗੱਲ ਕਰਦਿਆਂ ਕਿਹਾ ਕਿ ਹਰੇਕ ਦੇ ਟੀਕਾ ਜ਼ਰੂਰ ਲੱਗੇ, ਅਜਿਹਾ ਮਹੌਲ ਤਿਆਰ ਕਰਨਾ ਚਾਹੀਦਾ ਹੈ ਅਤੇ ਕੋਵਿਡ ਰੋਕੂ ਟੀਕੇ ਬਣਾ ਰਹੀਆਂ ਕੰਪਨੀਆਂ ਨੂੰ ਉਤਪਾਦਨ ਵਧਾਉਣ ਲਈ ਵਧ ਤੋੰ ਵਧ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਇਸ ਵਾਇਰਸ ਦੀਆਂ ਸੰਭਾਵੀ ਲਹਿਰਾਂ ਤੋਂ ਮਨੁੱਖਤਾ ਨੂੰ ਬਚਾਇਆ ਜਾ ਸਕੇ।
ਜੋਅ ਬਾਈਡੇਨ ਤੇ ਮਰਕੇਲ ਦੀ ਬੈਠਕ- ਚੀਨ ਵਲੋਂ ਮਿਲ ਰਹੀਆਂ ਚੁਣੌਤੀਆਂ ਨੂੰ ਮਿਲ ਕੇ ਸਿੱਝਣ ਦਾ ਫੈਸਲਾ

Comment here