ਜਕਾਰਤਾ-ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਦੇ ਦੌਰੇ ‘ਤੇ ਹਨ। ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਇੱਥੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ ਅਤੇ ਯੂਕ੍ਰੇਨ, ਮਿਆਂਮਾਰ ਅਤੇ ਭਾਰਤੀ ਪ੍ਰਸ਼ਾਂਤ ਖੇਤਰ ਵਰਗੇ ਮੁੱਦਿਆਂ ‘ਤੇ ਚਰਚਾ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ, “ਵਿਦੇਸ਼ ਮੰਤਰੀ ਬਲਿੰਕਨ ਨਾਲ ਮੁਲਾਕਾਤ ਵਧੀਆਂ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਲੀਆ ਅਮਰੀਕਾ ਫੇਰੀ ਤੋਂ ਬਾਅਦ ਚਰਚਾ ਹੋਈ। ਯੂਕ੍ਰੇਨ, ਮਿਆਂਮਾਰ ਅਤੇ ਭਾਰਤੀ ਪ੍ਰਸ਼ਾਂਤ ਵਰਗੇ ਮੁੱਦਿਆਂ ‘ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।
ਹਿੰਦ ਮਹਾਸਾਗਰ, ਪੱਛਮੀ ਅਤੇ ਮੱਧ ਪ੍ਰਸ਼ਾਂਤ ਮਹਾਸਾਗਰ ਅਤੇ ਦੱਖਣੀ ਚੀਨ ਸਾਗਰ ਹਿੰਦ ਪ੍ਰਸ਼ਾਂਤ ਖੇਤਰ ‘ਚ ਆਉਂਦੇ ਹਨ। ਇਸ ਖੇਤਰ ‘ਚ ਚੀਨ ਦੇ ਵਧਦੇ ਫੌਜੀ ਹਮਲਿਆਂ ਦੇ ਪਿਛੋਕੜ ‘ਚ ਅਮਰੀਕਾ, ਭਾਰਤ ਅਤੇ ਕਈ ਹੋਰ ਸ਼ਕਤੀਆਂ ਹਿੰਦ ਪ੍ਰਸ਼ਾਂਤ ਖੇਤਰ ਨੂੰ ਖੁੱਲ੍ਹਾ ਅਤੇ ਮੁਕਤ ਖੇਤਰ ਬਣਾਉਣ ਦੀ ਲੋੜ ‘ਤੇ ਜ਼ੋਰ ਦੇ ਰਹੀਆਂ ਹਨ। ਵਿਦੇਸ਼ ਮੰਤਰੀ ਜੈਸ਼ੰਕਰ ਆਸੀਆਨ ਫਾਰਮੈਟ ਆਸੀਆਨ-ਭਾਰਤ, ਪੂਰਬੀ ਏਸ਼ੀਆ ਸੰਮੇਲਨ ਅਤੇ ਆਸੀਆਨ ਖੇਤਰੀ ਫੋਰਮ (ਏਆਰਐੱਫ) ਦੇ ਤਹਿਤ ਵਿਦੇਸ਼ ਮੰਤਰੀਆਂ ਦੀ ਮੀਟਿੰਗ ‘ਚ ਹਿੱਸਾ ਲੈਣ ਲਈ ਇੰਡੋਨੇਸ਼ੀਆ ‘ਚ ਹਨ। ਜਕਾਰਤਾ ਤੋਂ ਬਾਅਦ, ਜੈਸ਼ੰਕਰ ਮੇਕਾਂਗ ਗੰਗਾ ਸਹਿਯੋਗ (ਏਐੱਮਜੀਸੀ) ਵਿਧੀ ਦੀ 12ਵੀਂ ਵਿਦੇਸ਼ ਮੰਤਰੀਆਂ ਦੀ ਮੀਟਿੰਗ ‘ਚ ਸ਼ਾਮਲ ਹੋਣ ਲਈ ਐਤਵਾਰ ਨੂੰ ਬੈਂਕਾਕ ਦੀ ਯਾਤਰਾ ‘ਤੇ ਜਾਣਗੇ।
ਜੈਸ਼ੰਕਰ ਨੇ ਆਸੀਆਨ ਖੇਤਰੀ ਮੰਚ (ਏਆਰਐੱਫ) ਦੀ ਮੀਟਿੰਗ ਤੋਂ ਇਲਾਵਾ ਯੂਰਪੀਅਨ ਯੂਨੀਅਨ ਲਈ ਵਿਦੇਸ਼ੀ ਮਾਮਲਿਆਂ ਅਤੇ ਸੁਰੱਖਿਆ ਨੀਤੀ ਦੇ ਉੱਚ ਪ੍ਰਤੀਨਿਧੀ ਅਤੇ ਯੂਰਪੀਅਨ ਕਮਿਸ਼ਨ ਦੇ ਉਪ-ਪ੍ਰਧਾਨ ਜੋਸੇਫ ਬੋਰੇਲ ਫੋਂਟੀਲਿਸ ਨਾਲ ਵੀ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅੱਜ ਏ.ਆਰ.ਐੱਫ. ਦੀ ਬੈਠਕ ਦੇ ਮੌਕੇ ‘ਤੇ ਯੂਰਪੀਅਨ ਯੂਨੀਅਨ ਦੇ ਉੱਚ ਪ੍ਰਤੀਨਿਧੀ ਜੋਸੇਫ ਬੋਰੇਲ ਫੋਂਟੀਲਿਸ ਨਾਲ ਮੁਲਾਕਾਤ ਕੀਤੀ ਅਤੇ ਯੂਕ੍ਰੇਨ ਸੰਘਰਸ਼, ਮਿਆਂਮਾਰ ਦੀ ਸਥਿਤੀ ‘ਤੇ ਵਿਸਤ੍ਰਿਤ ਚਰਚਾ ਕੀਤੀ।
ਜੈਸ਼ੰਕਰ ਨੇ ਬਲਿੰਕਨ ਨਾਲ ਹਿੰਦ ਪ੍ਰਸ਼ਾਂਤ ਮੁੱਦਿਆਂ ‘ਤੇ ਕੀਤੀ ਚਰਚਾ

Comment here