ਸਿਆਸਤਖਬਰਾਂਦੁਨੀਆ

ਜੈਕ ਡੋਰਸੀ ਦੀ ਥਾਂ ਪਰਾਗ ਅਗਰਵਾਲ ਬਣੇ ਟਵਿੱਟਰ ਦੇ ਸੀਈਓ

ਨਵੀਂ ਦਿੱਲੀ- ਸੋਸ਼ਲ ਮੀਡੀਆ ਦੇ ਪਲੇਟਫਾਰਮ ਟਵਿੱਟਰ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਜੈਕ ਡੋਰਸੀ ਨੇ ਅਸਤੀਫਾ ਦੇ ਦਿੱਤਾ ਹੈ। ਕੰਪਨੀ ਦੇ ਬੋਰਡ ਨੇ ਸਰਬਸੰਮਤੀ ਨਾਲ ਭਾਰਤੀ ਮੂਲ ਦੇ ਪਰਾਗ ਅਗਰਵਾਲ ਨੂੰ ਟਵਿਟਰ ਦਾ ਅਗਲਾ ਸੀਈਓ ਨਿਯੁਕਤ ਕੀਤਾ ਹੈ। ਪਰਾਗ ਹੁਣ ਤੱਕ ਟਵਿੱਟਰ ਦੇ ਚੀਫ ਟੈਕਨਾਲੋਜੀ ਅਫਸਰ ਸਨ। ਡੋਰਸੀ ਨੇ ਇਕ ਬਿਆਨ ਵਿਚ ਕਿਹਾ, “ਮੈਂ ਟਵਿੱਟਰ ਛੱਡਣ ਦਾ ਫੈਸਲਾ ਕੀਤਾ ਹੈ ਕਿਉਂਕਿ ਮੇਰਾ ਮੰਨਣਾ ਹੈ ਕਿ ਕੰਪਨੀ ਆਪਣੇ ਸੰਸਥਾਪਕਾਂ ਦੀ ਛਤਰ ਛਾਇਆ ਤੋਂ ਅੱਗੇ ਨਿਕਲ ਕੇ ਵਧਣ ਲਈ ਤਿਆਰ ਹੈ।” 45 ਸਾਲਾ ਡੋਰਸੀ ਨੇ ਅਸਤੀਫੇ ਦੇ ਨਾਲ ਆਪਣੇ ਉੱਤਰਾਧਿਕਾਰੀ ਪਰਾਗ ਅਗਰਵਾਲ ‘ਤੇ ਭਰੋਸਾ ਜਤਾਇਆ ਹੈ। ਪਰਾਗ ਨੇ 2011 ਵਿਚ ਟਵਿੱਟਰ ਨੂੰ ਜੁਆਇੰਨ ਕੀਤਾ ਸੀ। 2017 ਵਿਚ ਕੰਪਨੀ ਨੇ ਉਹਨਾਂ ਨੂੰ ਸੀਟੀਓ ਨਿਯੁਕਤ ਕੀਤਾ ਸੀ। ਡੋਰਸੀ ਨੇ ਕਿਹਾ, “ਮੈਨੂੰ ਟਵਿੱਟਰ ਦੇ ਸੀਈਓ ਦੇ ਰੂਪ ਵਿਚ ਪਰਾਗ ‘ਤੇ ਪੂਰਾ ਯਕੀਨ ਹੈ। ਪਿਛਲੇ 10 ਸਾਲਾਂ ਵਿਚ ਉਹਨਾਂ ਦਾ ਕੰਮ ਕ੍ਰਾਂਤੀਕਾਰੀ ਰਿਹਾ ਹੈ। ਮੈਂ ਉਹਨਾਂ ਦੇ ਹੁਨਰ ਤੋਂ ਬਹੁਤ ਪ੍ਰਭਾਵਿਤ ਹਾਂ। ਹੁਣ ਸਮਾਂ ਆ ਗਿਆ ਹੈ ਕਿ ਉਹ ਅੱਗੇ ਵਧਣ”। ਅਗਰਵਾਲ ਨੇ ਇਸ ਬਾਰੇ ਕਿਹਾ ਕਿ ਮੈਂ ਬੋਰਡ ਦਾ ਮੇਰੇ ‘ਤੇ ਅਤੇ ਮੇਰੀ ਅਗਵਾਈ ‘ਚ ਵਿਸ਼ਵਾਸ ਜਤਾਉਣ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਜੈਕ ਦਾ ਉਹਨਾਂ ਦੀ ਨਿਰੰਤਰ ਸਲਾਹ, ਸਮਰਥਨ ਅਤੇ ਭਾਗੀਦਾਰੀ ਲਈ ਧੰਨਵਾਦੀ ਹਾਂ। ਉਹਨਾਂ ਕਿਹਾ ਮੈਂ ਜੈਕ ਡੋਰਸੀ ਦੀ ਅਗਵਾਈ ਵਿਚ ਕੰਪਨੀ ਵਲੋਂ ਹਾਸਲ ਕੀਤੀਆਂ ਪ੍ਰਾਪਤੀਆਂ ਨੂੰ ਵਧਾਉਣ ਲਈ ਤਿਆਰ ਹਾਂ। ਇਸ ਸਮੇਂ ਪੂਰੀ ਦੁਨੀਆ ਸਾਨੂੰ ਦੇਖ ਰਹੀ ਹੈ। ਅਗਰਵਾਲ ਨੇ ਕਿਹਾ ਕਿ ਅੱਜ ਦੀਆਂ ਖ਼ਬਰਾਂ ਬਾਰੇ ਲੋਕ ਵੱਖ-ਵੱਖ ਵਿਚਾਰ ਦਿਖਾਉਣਗੇ। ਅਜਿਹਾ ਇਸ ਲਈ ਕਿਉਂਕਿ ਉਹ ਟਵਿੱਟਰ ਅਤੇ ਸਾਡੇ ਭਵਿੱਖ ਦੀ ਪਰਵਾਹ ਕਰਦੇ ਹਨ। ਇਹ ਇਸ ਗੱਲ ਦਾ ਸੰਕੇਤ ਹੈ ਕਿ ਸਾਡਾ ਕੰਮ ਮਹੱਤਵਪੂਰਨ ਹੈ। ਆਓ ਦੁਨੀਆ ਨੂੰ ਟਵਿੱਟਰ ਦੀ ਪੂਰੀ ਸਮਰੱਥਾ ਦਿਖਾਉਂਦੇ ਹਾਂ। ਦੱਸ ਦਈਏ ਕਿ ਟਵਿੱਟਰ ਦੇ ਨਾਲ ਜੁੜਨ ਤੋਂ ਪਹਿਲਾਂ ਪਰਾਗ ਅਗਰਵਾਲ ਨੇ ਯਾਹੂ, ਮਾਈਕ੍ਰੋਸਾਫਟ ਅਤੇ ਏਟੀਐਂਡਟੀ ਵਰਗੀਆਂ ਪ੍ਰਮੁੱਖ ਅਮਰੀਕੀ ਕੰਪਨੀਆਂ ਨਾਲ ਕੰਮ ਕੀਤਾ ਹੈ।

Comment here