ਸਿਆਸਤਚਲੰਤ ਮਾਮਲੇਵਿਸ਼ੇਸ਼ ਲੇਖ

ਜੇ ਵੋਟਰ ਸੁਧਰ ਜਾਏ ਤਾਂ ਲੀਡਰ ਜ਼ਰੂਰ ਸੁਧਰੇਗਾ

ਵੋਟਾਂ ਦਾ ਯੁਗ ਹੈ ਤੇ ਇਸ ਵੇਲੇ ਵੋਟਾਂ ਦਾ ਹੀ ਮੌਸਮ ਹੈ। ਜੇ ਬੀਜ ਵੀ ਚੰਗਾ ਹੋਵੇਗਾ, ਧਰਤੀ ਵੀ ਚੰਗੀ ਹੋਵੇਗੀ ਤੇ ਕਿਸਾਨ ਜਾਂ ਮਾਲੀ ਵੀ ਚੰਗਾ ਹੋਵੇਗਾ, ਤਾਂ ਹੀ ਚੰਗੀ ਫ਼ਸਲ ਹੋਵੇਗੀ। ਵੋਟਾਂ ਬੀਜ ਕੇ ਉਗਾਈ ਗਈ ਫ਼ਸਲ ਵੀ ਤਾਂ ਹੀ ਚੰਗੀ ਹੋਵੇਗੀ ਜੇ ਵੋਟਰ ਵੀ ਚੰਗਾ ਹੋਵੇਗਾ, ਵੋਟ ਸਿਸਟਮ ਵੀ ਚੰਗਾ ਹੋਵੇਗਾ ਤੇ ਲੀਡਰ ਵੀ ਚੰਗਾ ਹੋਵੇਗਾ। ਇਕ ਚੀਜ਼ ਵੀ ਖ਼ਰਾਬ ਹੋ ਗਈ ਤਾਂ ਚੰਗੇ ਤੋਂ ਚੰਗੇ ਮੌਸਮ ਵਿਚ ਵੀ, ਫ਼ਸਲ ਚੰਗੀ ਨਹੀਂ ਹੋਵੇਗੀ। ਇਹ ਕੁਦਰਤ ਦਾ ਨਿਯਮ ਹੈ ਜੋ ਨਾ ਫ਼ਸਲ ਦੀ ਹਾਲਤ ਵਿਚ ਬਦਲ ਸਕਦਾ ਹੈ, ਨਾ ਡੈਮੋਕਰੇਸੀ ਜਾਂ ਲੋਕ ਰਾਜ ਦੀ ਹਾਲਤ ਵਿਚ। ਚੱਲ ਰਹੀਆਂ ਚੋਣਾਂ ਵਿੱਚ ਵੋਟਰਾਂ ਨੇ ਅਕਸਰ ਇਹ ਸਵਾਲ ਆਪਣੇ ਲੀਡਰਾਂ ਨੂੰ ਕੀਤਾ ਹੈ (ਖ਼ਾਸ ਤੌਰ ’ਤੇ ਟੀਵੀ ਚੈਨਲਾਂ ’ਤੇ) ਕਿ 70 ਸਾਲ ਵਿਚ ਤੁਸੀ ਦੱਸੋ, ਤੁਸੀ ਕਿੰਨੇ ਸੁਧਰੇ ਹੋ? ਕਹਿੰਦੇ ਹੋ, ਲੋਕਾਂ ਦੀ ਸੇਵਾ ਕਰਨ ਲਈ ਲੀਡਰ ਬਣੇ ਹੋ ਪਰ ਸੇਵਾ ਆਪਣੀ ਹੀ ਕਰਦੇ ਰਹੇ ਹੋ। ਟੁੱਟੇ ਭੱਜੇ ਸਾਈਕਲ ਤੇ ਘੁੰਮਦੇ ਹੁੰਦੇ ਸਾਉ, ਅੱਜ ਕਾਰਾਂ ਦਾ ਝੁੰਡ ਤੁਹਾਡੇ ਬੂਹੇ ਅੱਗੇ ਖੜਾ ਰਹਿੰਦਾ ਹੈ ਤੇ ਤੁਸੀ ਕਰੋੜਪਤੀ ਤੇ ਅਰਬਪਤੀ ਬਣ ਗਏ ਹੋ ਪਰ ਤੁਹਾਡੇ ਵੋਟਰ ਉਥੇ ਦੇ ਉਥੇ, ਗ਼ਰੀਬ ਦੇ ਗ਼ਰੀਬ ਹੀ ਰਹਿ ਗਏ ਨੇ। ਹੁਣ ਤੁਹਾਨੂੰ ਦੁਬਾਰਾ ਵੋਟ ਕਿਉਂ ਦਈਏ?  ਹਾਂ ਵੋਟਰ ਹੁਣ ਲੀਡਰਾਂ ਕੋਲੋਂ ਤਾਂ ਇਹ ਸਵਾਲ ਪੁੱਛਣ ਲੱਗ ਪਏ ਹਨ ਪਰ ਵੋਟਰਾਂ ਨੇ ਆਪ ਅਪਣੇ ਕੋਲੋਂ ਕਦੀ ਕੋਈ ਸਵਾਲ ਨਹੀਂ ਪੁੱਛਿਆ। ਉਨ੍ਹਾਂ ਨੂੰ ਆਪਣੇ ਆਪ ਤੋਂ ਵੀ ਕੁੱਝ ਸਵਾਲ ਪੁੱਛਣੇ ਬਣਦੇ ਹਨ।

 ਮਿਸਾਲ ਵਜੋਂ :
– ਸੱਤਰ ਸਾਲਾਂ ਵਿਚ ਤੇਰੇ ਲੀਡਰ ਨਹੀਂ ਸੁਧਰੇ ਤਾਂ ਕੀ ਇਨ੍ਹਾਂ ਸੱਤਰਾਂ ਸਾਲਾਂ ਵਿਚ ਤੂੰ ਆਪ ਸੁਧਰ ਗਿਆ ਹੈਂ?
– ਤੂੰ ਵਾਰ ਵਾਰ ਉਨ੍ਹਾਂ ਨੂੰ ਹੀ ਕਿਉਂ ਚੁਣਦਾ ਹੈਂ ਜੋ ਤੈਨੂੰ ਹਰ ਵਾਰ ਠੱਗ ਕੇ ਸੌ-ਪਤੀ ਤੋਂ ਹਜ਼ਾਰ-ਪਤੀ, ਹਜ਼ਾਰ ਪਤੀ ਤੋਂ ਲੱਖ ਪਤੀ,       ਲੱਖਪਤੀ ਤੋਂ ਕਰੋੜਪਤੀ ਤੇਰੇ ਸਾਹਮਣੇ ਬਣਦੇ ਆ ਰਹੇ ਨੇ ਤੇ ਤੇਰੀ ਹਾਲਤ ਠੀਕ ਕਰਨ ਵਿਚ ਜਿਨ੍ਹਾਂ ਨੇ ਕੱਖ ਵੀ ਨਹੀਂ ਕੀਤਾ?

 -ਤੈਨੂੰ ਅੱਜ ਕੋਈ ਛੋਟੇ ਮੋਟੇ ‘ਮੁਫ਼ਤ’ ਦੇ ਲਾਲਚ ਦੇਣ ਦੇ ਦਾਅਵੇ ਕਰ ਦੇਵੇ ਤਾਂ ਤੂੰ ਉਧਰ ਉਲਰ ਪੈਂਦਾ ਹੈਂ ਤੇ ਨਹੀਂ ਸੋਚਦਾ ਕਿ ਇਹ ‘ਮੁਫ਼ਤ ਦੇ ਛਣਕਣੇ’ ਉਨ੍ਹਾਂ ਅਪਣੀ ਕਮਾਈ ’ਚੋਂ ਦੇਣੇ ਹੁੰਦੇ ਤਾਂ ਹੁਣੇ ਦੇ ਦੇਂਦੇ ਪਰ ਉਹ ਤੇਰੇ ਦਿਤੇ ਟੈਕਸਾਂ ’ਚੋਂ ਕੁੱਝ ਚੀਜ਼ਾਂ ‘ਮੁਫ਼ਤ’ ਦੇ ਦੇਣਗੇ ਤੇ ਤੇਰੇ ਬੱਚਿਆਂ ਨੂੰ ਪੱਕੀਆਂ ਨੌਕਰੀਆਂ ਦੇਣੀਆਂ ਰੋਕ ਲੈਣਗੇ। ਉਨ੍ਹਾਂ ਦਾ ਕੀ ਜਾਂਦਾ ਹੈ ਜੇ ਖ਼ਜ਼ਾਨਾ ਲੁਟਾਏ ਜਾਣ ਨਾਲ ਤੂੰ ਖ਼ੁਸ਼ ਹੋ ਜਾਂਦਾ ਹੈਂ? ਦਰਅਸਲ ਸੱਚ ਇਹ ਹੈ ਕਿ ਜੇ ਸਿਆਸਤਦਾਨ ਨਹੀਂ ਸੁਧਰਿਆ ਤਾਂ ਤੂੰ ਵੀ ਤਾਂ ਨਹੀਂ ਸੁਧਰਿਆ।

–  ਸਿਆਸਤਦਾਨ ਕਹਿੰਦਾ ਹੈ, ਮੈਂ ਖ਼ਾਲਿਸਤਾਨ ਬਣਾ ਦਿਆਂਗਾ। ਤੂੰ ਉੱਧਰ ਉਲਰ ਜਾਂਦਾ ਹੈਂ। ਦੂਜਾ ਸਿਆਸਤਦਾਨ ਕਹਿੰਦਾ ਹੈ, ਮੈਂ ਸਾਰੇ ਦੇਸ਼ ਨੂੰ ‘ਹਿੰਦੂ ਦੇਸ਼’ ਬਣਾ ਦਿਆਂਗਾ ਤੇ ‘ਹਿੰਦੂਤਵਾ’ ਲਾਗੂ ਕਰ ਦਿਆਂਗਾ ਤੇ ਮੰਦਰ ਹੀ ਮੰਦਰ ਬਣਾਈ ਜਾਵਾਂਗਾ ਜਾਂ ਵੱਡੇ ਵੱਡੇ ਬੁੱਤ। ਤੂੰ ਫਿਰ ਉਸ ਵੱਲ ਝੁਕ ਜਾਂਦਾ ਹੈਂ। ਤੂੰ ਉਨ੍ਹਾਂ ਨੂੰ ਕਦੇ ਨਹੀਂ ਪੁੱਛਿਆ ਕਿ ਕਿਹੜੇ ਯੁਗ ਵਿੱਚ ਰਹਿ ਰਹੇ ਹੋ? ਇਕ ਧਰਮ ਦੇ ਰਾਜ ਦਾ ਯੁਗ ਕਈ ਸੌ ਸਾਲ ਪਹਿਲਾਂ ਬੀਤ ਗਿਆ ਸੀ। ਅੱਜ ਤਾਂ ਬਹੁ-ਧਰਮੀ, ਬਹੁ-ਭਾਸ਼ਾਈ, ਬਹੁ-ਸਭਿਆਚਾਰੀ ਰਾਜ ਉਸਾਰਨ ਦਾ ਯੁਗ ਹੈ। ਤੇਰੀ ਚੁੱਪੀ ਨੂੰ ਵੇਖ ਕੇ ਸਿਆਸਤਦਾਨ ਸਮਝ ਜਾਂਦਾ ਹੈ ਕਿ ਤੂੰ ਨਹੀਂ ਸੁਧਰਿਆ, ਤੈਨੂੰ ਬੇਵਕੂਫ਼ ਹੀ ਬਣਾਇਆ ਜਾਣਾ ਚਾਹੀਦੈ।

ਸਿਆਸਤਦਾਨ ਕਹਿੰਦਾ ਹੈ ਮੈਂ ਐਨੇ ਪੁਲ ਬਣਾਏ, ਐਨੇ ਸਟੇਡੀਅਮ ਬਣਾਏ, ਐਨੀਆਂ ਸੜਕਾਂ ਬਣਾਈਆਂ। ਤੂੰ ਕਦੀ ਉਸ ਨੂੰ ਪੁੱਛਿਆ ਹੈ ਕਿ ਜਿਸ ਸਮੇਂ ਤੂੰ ਇਹ ਪੁਲ, ਸਟੇਡੀਅਮ ਤੇ ਸੜਕ ਮਾਰਗ ਬਣਾਏ, ਉਸ ਸਮੇਂ ਦੌਰਾਨ ਤੂੰ ਟੈਕਸਾਂ ਦੇ ਰੂਪ ਵਿਚ ਕਿੰਨੀ ਵਾਰ ਕਿੰਨਾ-ਕਿੰਨਾ ਪੈਸਾ ਲੋਕਾਂ ਤੋਂ ਲਿਆ ਸੀ ਤੇ ਵੋਟਰਾਂ ਵਲੋਂ ਦਿਤੇ ਏਨੇ ਪੈਸੇ ਨਾਲ ਕੀ ਇਕ ਵੀ ਪੁਲ ਬਣਨੋਂ ਰਹਿ ਸਕਦਾ ਸੀ, ਇੱਕ ਵੀ ਸੜਕ ਟੁੱਟੀ ਰਹਿ ਸਕਦੀ ਸੀ ਤੇ ਇਕ ਵੀ ਪਿੰਡ ਸਟੇਡੀਅਮ ਤੋਂ ਬਿਨਾਂ ਰਹਿ ਸਕਦਾ ਸੀ? ਫਿਰ ਕਿਉਂ ਅੱਧੇ ਤੋਂ ਵੱਧ ਪੰਜਾਬ ਵਿਚ ਕੁੱਝ ਨਹੀਂ ਬਣਿਆ? ਤੂੰ ਤੇ ਤੇਰੇ ਯਾਰ ਠੇਕੇਦਾਰ ਹੀ ਸੱਭ ਖਾ ਗਏ। ਉਸ ਦਾ ਹਿਸਾਬ ਕਦੋਂ ਦੇਵੇਂਗਾ?

ਸੱਚੀ ਗੱਲ ਇਹ ਹੈ ਕਿ ਜੇ ਵੋਟਰ ਸੁਧਰ ਜਾਏ ਤਾਂ ਲੀਡਰ ਜ਼ਰੂਰ ਸੁਧਰੇਗਾ। ਲੀਡਰ ਨੂੰ ਜਦ ਤਕ ਪਤਾ ਹੈ ਕਿ ਵੋਟਰ ਸ਼ਰਾਬ, ਪੈਸਾ ਤੇ ਛੋਟੀਆਂ ਛੋਟੀਆਂ ਚੀਜ਼ਾਂ ਲੈ ਕੇ ਖ਼ੁਸ਼ ਹੋ ਜਾਂਦਾ ਹੈ ਤਾਂ ਉਹਨੂੰ ਕੀ ਲੋੜ ਪਈ ਹੈ ਸੁਧਰਨ ਦੀ? ਤੂੰ ਤਾਂ ਸ਼੍ਰੋਮਣੀ ਕਮੇਟੀ ਦੇ ਗੁਰਦਵਾਰਾ ਪ੍ਰਬੰਧ ਲਈ ਵੀ ਸ਼ਰਾਬ ਲੈ ਕੇ ਮੈਂਬਰ ਚੁਣ ਲੈਂਦਾ ਹੈਂ। ਜਿਸ ਦੀ ਗੱਡੀ, ਮੁਰੰਮਤ ਕਰਵਾਏ ਬਿਨਾਂ ਚਲਦੀ ਜਾਂਦੀ ਹੈ, ਉਹ ਕਿਉਂ ਰੁਕ ਕੇ ਗੱਡੀ ਦੀ ਮੁਰੰਮਤ ਵਲ ਧਿਆਨ ਦੇਵੇਗਾ? ਵੋਟਾਂ ਦੇ ਇਸ ਮੌਸਮ ਵਿਚ ਵੋਟਰ ਦਾ ਇਮਤਿਹਾਨ ਲਿਆ ਜਾਂਦਾ ਹੈ ਤੇ ਵੇਖਿਆ ਜਾਂਦਾ ਹੈ ਕਿ ਉਹ ਸੁਧਰਿਆ ਹੈ ਜਾਂ ਨਹੀਂ। ਹਾਲੇ ਤਕ ਤਾਂ ਲੀਡਰਾਂ ਨੂੰ ਯਕੀਨ ਹੈ ਕਿ ਵੋਟਰ ਆਪ ਨਹੀਂ ਸੁਧਰਿਆ, ਇਸ ਲਈ ਉਨ੍ਹਾਂ (ਲੀਡਰਾਂ) ਦੇ ਸੁਧਰਨ ਦੀ ਕੋਈ ਲੋੜ ਨਹੀਂ। 70 ਸਾਲ ਦੇ ‘ਚੋਣ ਮੇਲਿਆਂ’ ਮਗਰੋਂ ਵੋਟਰ ਨੇ ਜਵਾਬ ਦੇਣਾ ਹੈ ਕਿ ਉਹ ਆਪ ਸੁਧਰਿਆ ਤੇ ਸਿਆਣਾ ਹੋਇਆ ਹੈ ਜਾਂ ਨਹੀਂ? ਨਹੀਂ ਸੁਧਰਨਾ ਤਾਂ ਰੋਣਾ ਤੇ ਸ਼ਿਕਾਇਤ ਕਰਨੀ ਬੰਦ ਕਰ ਦੇਵੇ। ਸੁਧਰਨਾ ਹੈ ਤਾਂ ਗ਼ਰੀਬ ਨੂੰ ਚੁਣ ਕੇ ਵਿਖਾਵੇ, ਇਕ ਵੀ ਕਰੋੜਪਤੀ ਨੂੰ ਨਾ ਚੁਣਿਆ ਜਾਵੇ। ਪਰ ਕੀ ਏਨੀ ਕੁ ਗੱਲ ਦੀ ਆਸ ਵੀ ਵੋਟਰ ਤੋਂ ਰੱਖੀ ਜਾ ਸਕਦੀ ਹੈ?

Comment here