ਨਜ਼ਰੀਆ
ਹਾਲ ਹੀ ਚ ਸੰਪੰਨ ਹੋਈ ਚੋਣ ਦੇ ਪ੍ਰਚਾਰ ਦੀ ਸਰਗਰਮੀ ਵੇਲੇ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਨਿਕਲ ਕੇ ਸੰਯੁਕਤ ਸਮਾਜ ਮੋਰਚਾ ਬਣਾਉਣ ਵਾਲੇ ਆਗੂ ਚੋਣ ਜਿੱਤ ਲਈ ਪੂਰੇ ਉਤਸ਼ਾਹਿਤ ਸਨ, ਜਿਉਂ ਹੀ ਵੋਟਿੰਗ ਦਾ ਵਕਤ ਨੇੜੇ ਆਇਆ ਹਕੀਕਤ ਦੇ ਰੂਬਰੂ ਹੋਏ ਤਾਂ ਮੋਰਚੇ ਦੀ ਅਗਵਾਈ ਕਰਨ ਵਾਲੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਕਿਸਾਨੀ ਸੰਘਰਸ਼ ਦੇ ਸਾਥੀਆਂ ਦੀ ਯਾਦ ਆ ਗਈ। ਕੁਝ ਗਲਤ ਤੇ ਦਿਲ ਦੁਖਾਉਣ ਵਾਲਾ ਕਿਹਾ ਗਿਆ ਹੋਵੇ ਤਾਂ ਮਾਫ ਕਰਿਓ, ਪਰ ਵੋਟਾਂ ਚ ਸਾਥ ਦਿਓ, ਤਾਂ ਜੋ ਸਥਾਪਿਤ ਧਿਰਾਂ ਨੂੰ ਹਾਰ ਦਿੱਤੀ ਜਾ ਸਕੇ। ਇਹ ਅਪੀਲ ਬੜੇ ਹੀ ਤਰਲੇ ਭਰੇ ਭਾਵ ਨਾਲ ਰਾਜੇਵਾਲ ਸਾਹਿਬ ਨੇ ਕੀਤੀ, ਪਰ ਕਿਸੇ ਵੀ ਪੁਰਾਣੇ ਸਾਥੀ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ਸਭ ਤੋਂ ਵੱਡੀ ਕਿਸਾਨੀ ਜਥੇਬੰਦੀ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਤਾਂ ਸਾਫ ਹੀ ਕਹਿ ਦਿੱਤਾ ਕਿ ਅਸੀਂ ਕਿਸੇ ਦਾ ਵੀ ਵੋਟਾਂ ਲਈ ਸਮਰਥਨ ਨਹੀਂ ਕਰਾਂਗੇ, ਉਹ ਭਾਵੇਂ ਸਾਡੇ ਕਿਸਾਨ ਆਗੂ ਹੀ ਕਿਉਂ ਨਾ ਹੋਣ… ਮੋਰਚੇ ਦੇ ਉਮੀਦਵਾਰਾਂ ਚੋਂ ਕੁਝ ਕਿਸੇ ਹੋਰ ਦੇ ਸਮਰਥਨ ਚ ਬਹਿ ਗਏ, ਕੁਝ ਪਿੱਛੇ ਹਟ ਗਏ.. ਬਹੁਤ ਸਾਰੇ ਹੋਰਨਾਂ ਪਾਰਟੀਆਂ ਤੋਂ ਆਏ ਹੋਏ ਟਿਕਟ ਲੈ ਗਏ। ਕਹਿ ਸਕਦੇ ਹਾਂ ਕਿ ਸੰਯੁਕਤ ਸਮਾਜ ਮੋਰਚਾ ਕੁਝ ਵੀ ਨਵਾਂ ਚੋਣ ਪਿੜ ਚ ਨਹੀਂ ਸਿਰਜ ਸਕਿਆ। ਅਦਾਰਾ ਸਪੋਕਸਮੈਨ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੈਦਨ ਚ ਨਿਤਰੇ ਕਿਸਾਨੀ ਮੋਰਚੇ ਤੇ ਸੱਤਾ ਦੀ ਲਾਲਸਾ ਦਾ ਬੇਵਕਤ ਸ਼ਿਕਾਰ ਹੋਏ ਕਿਸਾਨ ਆਗੂਆਂ ਬਾਰੇ ਬੜੀ ਦਿਲਚਸਪ ਟਿਪਣੀ ਕੀਤੀ ਹੈ,
ਕਿ ਜੇ ਕਿਤੇ ਕਿਸਾਨ ਆਗੂ ਕਾਹਲੇ ਨਾ ਪੈਂਦੇ…
ਅਖਬਾਰ ਲਿਖਦਾ ਹੈ ਕਿ ਦਿੱਲੀ ਵਿਚ ਸਾਲ ਭਰ ਚੱਲੇ ਬੇਮਿਸਾਲ ਕਿਸਾਨ ਅੰਦੋਲਨ ਨੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ‘ਇਕ’ ਕਰ ਦਿਤਾ ਤੇ ਅਖ਼ੀਰ ਇਤਿਹਾਸਕ ਜਿੱਤ ਪ੍ਰਾਪਤ ਕਰ ਕੇ, ਸਾਰੀ ਦੁਨੀਆਂ ਤੋਂ ਵਾਹ ਵਾਹ ਖੱਟੀ ਤੇ ਹੱਠੀ ਤੇ ਹਠੀਲੀ ਸਰਕਾਰ ਨੂੰ ਝੁਕਣ ਲਈ ਮਜਬੂਰ ਕਰ ਦਿਤਾ, ਉਸ ਦਾ ਨਾਂ ਭਾਵੇਂ ‘ਅੰਦੋਲਨ’ ਹੀ ਸੀ ਪਰ ਕਿਸੇ ਤਰ੍ਹਾਂ ਵੀ ਰੂਸੀ ਇਨਕਲਾਬ ਤੋਂ ਘੱਟ ਨਹੀਂ ਸੀ। ਬਾਬੇ ਨਾਨਕ ਦਾ ਨਾਂ ਲੈ ਕੇ, ਨਿਮਾਣੇ ਤੇ ਨਿਤਾਣੇ ਕਿਸਾਨਾਂ ਨੇ ‘ਨਾਨਕੀ ਇਨਕਲਾਬ’ ਲਿਆ ਦਿਤਾ ਸੀ ਜਿਸ ਵਿਚ ‘ਬੇਗਾਨਾ’ ਕਿਸੇ ਨੂੰ ਨਹੀਂ ਸੀ ਰਹਿਣ ਦਿਤਾ ਤੇ ‘ਸਗਲ ਸੰਗ ਹਮ ਕੋ ਬਨ ਆਈ’ ਦੇ ਹਥਿਆਰ ਨਾਲ, ਖ਼ੂਨ ਦਾ ਇਕ ਕਤਰਾ ਡੋਲ੍ਹੇ ਬਗ਼ੈਰ, ‘ਰਾਜਿਆਂ’ ਨੂੰ ‘ਰੰਕਾਂ’ ਅੱਗੇ ਸਿਰ ਝੁਕਾ ਦੇਣ ਲਈ ਮਜਬੂਰ ਕਰ ਦਿਤਾ। ਅਖਬਾਰ ਲਿਖਦਾ ਹੈ ਕਿ ਇਸੇ ਦਾਈਏ ਨਾਲ ਅਸੀਂ ਕੁੱਝ ਕਿਸਾਨ ਆਗੂਆਂ ਦੀ ਨਾਰਾਜ਼ਗੀ ਸਹਿ ਕੇ ਵੀ, ਸੁਨੇਹਾ ਦਿਤਾ ਕਿ ਮੰਗਾਂ ‘ਮਨਵਾ ਕੇ’ ਨਹੀਂ, ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾ ਕੇ ਉਠਿਉ। ਪਰ ਕੁੱਝ ਕਿਸਾਨ ਨੇਤਾ ਅੰਦੋਲਨ ਵਿਚ ਮਿਲੀ ਪ੍ਰਸਿੱਧੀ ਤੇ ਹਰਮਨ-ਪਿਆਰਤਾ ਨੂੰ ‘‘ਕੈਸ਼ ਕਰਨ’’ ਲਈ ਏਨੇ ਕਾਹਲੇ ਪੈ ਗਏ ਸਨ ਕਿ ਉਹ ਕਹਿਣ ਲੱਗ ਪਏ ਕਿ ‘‘ਹੁਣ ਚੋਣਾਂ ਹੋਣ ਵਾਲੀਆਂ ਹਨ ਤਾਂ ਅਸੀ ਏਥੇ ਹੀ ਬੈਠੇ ਰਹੀਏ ਤੇ ਵਜ਼ੀਰ ਉਨ੍ਹਾਂ ਨੂੰ ਬਣਨ ਦਈਏ ਜਿਨ੍ਹਾਂ ਨੇ ਕਿਸਾਨਾਂ ਲਈ ਕੱਖ ਨਹੀਂ ਕੀਤਾ? ਕਿਸਾਨਾਂ ਨੇ ਵੱਡੀ ਕੁਰਬਾਨੀ ਦੇ ਕੇ ਮੋਰਚਾ ਜਿਤਿਆ ਹੈ ਤੇ ਇਸ ਵੇਲੇ ਚੋਣਾਂ ਵਿਚ ਕਿਸਾਨਾਂ ਦੇ ਆਗੂ ਆਸਾਨੀ ਨਾਲ ਐਮ.ਐਲ.ਏ. ਤੇ ਫੇਰ ਵਜ਼ੀਰ ਬਣ ਸਕਦੇ ਨੇ ਤੇ ਅਸੰਬਲੀ ਵਿਚ ਜਾ ਕੇ ਕਿਸਾਨਾਂ ਦੇ ਦੁੱਖ ਕਲੇਸ਼ ਖ਼ਤਮ ਕਰਨ ਦਾ ਕੰਮ ਆਪਣੇ ਹੱਥੀਂ ਕਰ ਸਕਦੇ ਨੇ। ਇਸ ਮੌਕੇ ਦਾ ਫ਼ਾਇਦਾ ਉਠਾਉਣ ਦੀ ਬਜਾਏ ਅਸੀ ਇਥੇ ਬੈਠੇ ਰਹੀਏ ਤੇ ਕਿਸਾਨਾਂ ਦੇ ਦੁਸ਼ਮਣਾਂ ਨੂੰ ਫਿਰ ਤੋਂ ਪੰਜਾਬ ਵਿਚ ਸੱਤਾ ਸੰਭਾਲ ਦਈਏ, ਇਹ ਕਿਥੋਂ ਦੀ ਸਿਆਣਪ ਹੈ? ਇਹ ਕਿਸਾਨ ਆਗੂ ਮੰਨ ਰਹੇ ਸੀ ਕਿ ਮੋਦੀ ਦੀ ਏਨੀ ਹਿੰਮਤ ਨਹੀਂ ਕਿ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਿੱਛੇ ਹੱਟ ਜਾਏ। ਸਾਰੀ ਦੁਨੀਆਂ ਉਸ ਨੂੰ ਲਾਹਨਤਾਂ ਪਾਏਗੀ ਤੇ ਪੰਜਾਬ ਅਸੰਬਲੀ ਵਿਚ ਸਾਡੀ ਵਧੀ ਹੋਈ ਤਾਕਤ ਸਾਹਮਣੇ ਉਹ ਕੋਈ ਜ਼ਿਆਦਤੀ ਕਰਨ ਦੀ ਸੋਚੇਗਾ ਵੀ ਤਾਂ ਸਾਡੇ ਕੋਲ ਲੜਨ ਜੋਗੀ ਦੁਗਣੀ ਤਾਕਤ ਇਕੱਠੀ ਹੋ ਚੁੱਕੀ ਹੋਵੇਗੀ।’’
ਇਹ ‘ਦਲੀਲਾਂ’ ਕਿਸਾਨਾਂ ਨੂੰ ਜਦ ਇਹ ਸੰਦੇਸ਼ਾ ਦੇਂਦੀਆਂ ਸਨ ਕਿ ਪੰਜਾਬ ਦੀ ਸੱਤਾ ਹੁਣ ਕਿਸਾਨਾਂ ਦਾ ਹੁਕਮ ਮੰਨਣ ਵਾਲੀ ਗੋਲੀ ਬਣਨ ਲਈ ਤਿਆਰ ਹੈ ਤਾਂ ਆਮ ਕਿਸਾਨ ਵੀ ਸੱਤਾ ਦੇ ਨਸ਼ੇ ਦਾ ਹੁਲਾਰਾ ਲੈਣ ਲਗਦੇ ਸਨ ਤੇ ਦੂਜੀ ਗੱਲ ਕਰਨ ਵਾਲਿਆਂ ਦੀ ਗੱਲ ਸੁਣਨਾ ਵੀ ਪਸੰਦ ਨਹੀਂ ਸਨ ਕਰਦੇ। ਪਰ ਦਿੱਲੀ ਦੇ ਹਾਕਮ ਕਿਸਾਨਾਂ ਨੂੰ ਵਾਰ ਵਾਰ ‘ਬੇਨਤੀਆਂ’ ਕਰਨ ਵਿਚ ਮਸਰੂਫ਼ ਸਨ ਕਿ ਤੁਹਾਡੀਆਂ ਮੰਗਾਂ ਮੰਨੀਆਂ ਜਾ ਚੁੱਕੀਆਂ ਨੇ, ਹੁਣ ਘਰ ਜਾਉ ਤੇ ਬਾਲ ਬੱਚਿਆਂ ਵਿਚ ਬੈਠ ਕੇ ਖ਼ੁਸ਼ੀਆਂ ਮਨਾਉ, ਦਿੱਲੀ ਜਾਂ ਹਰਿਆਣੇ ਦੀਆਂ ਸੜਕਾਂ ’ਤੇ ਬੈਠ ਕੇ ਕਸ਼ਟ ਝੱਲਣ ਦਾ ਕੀ ਫ਼ਾਇਦਾ? ਦਰਅਸਲ ਉਨ੍ਹਾਂ ਨੇ ਕੁੱਝ ਕਿਸਾਨ ਲੀਡਰਾਂ ਦੇ ‘ਵਜ਼ੀਰ ਬਣਨ’ ਦੇ ਸੁਪਨੇ ਨੂੰ ਭਾਂਪ ਲਿਆ ਸੀ ਤੇ ਉਹ ਚਾਹੁੰਦੇ ਸਨ ਕਿ ਇਹ ਚੋਣਾਂ ਲੜਨ, ਇਨ੍ਹਾਂ ਵਿਚ ਫੁੱਟ ਪਵੇ ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ, ਜੋ ਇਨ੍ਹਾਂ ਦੇ ਹੱਕ ਵਿਚ ਭੁਗਤ ਰਹੀਆਂ ਸਨ, ਉਨ੍ਹਾਂ ਨਾਲ ਇਨ੍ਹਾਂ ਦਾ ਟਕਰਾਅ ਸ਼ੁਰੂ ਹੋ ਜਾਏ। ਸਪੋਕਸਮੈਨ ਅਖਬਾਰ ਲਿਖਦਾ ਹੈ ਕਿ ਸਾਡੀ ਰਾਏ ਇਹ ਸੀ ਕਿ ਏਨੀ ਵੱਡੀ ਕਾਮਯਾਬੀ ਹਾਸਲ ਕਰਨ ਮਗਰੋਂ, ਪੰਜਾਬ ਦੇ ਕਿਸਾਨ ਲੀਡਰ, ਹਮੇਸ਼ਾ ਲਈ, ਦੇਸ਼ ਦੇ ਬਾਕੀ ਕਿਸਾਨ ਲੀਡਰਾਂ ਨਾਲ ਇਕ ਸਾਂਝਾ ‘ਦਬਾਅ ਮੰਚ’ (pressure group) ਬਣਾ ਲੈਣ ਜੋ ਆਪ ਕਦੇ ਵੀ ਚੋਣਾਂ ਨਾ ਲੜਨ ਪਰ ਦੇਸ਼ ਉਤੇ ਮੁੱਠੀ ਭਰ ਪੂੰਜੀਪਤੀਆਂ ਨੂੰ ਕਾਬਜ਼ ਨਾ ਹੋਣ ਦੇਣ (ਜਿਵੇਂ ਹੁਣ ਹੋਏ ਪਏ ਹਨ) ਤੇ ਕਿਸੇ ਇਕ ਪਾਰਟੀ ਵਲ ਝੁਕੇ ਬਗ਼ੈਰ, ਸਾਰੀਆਂ ਪਾਰਟੀਆਂ ਉਤੇ ਹੀ ਅਪਣਾ ਦਬਾਅ ਬਣਾ ਕੇ ਗ਼ਰੀਬ ਦੇ ਹੱਕ ਵਿਚ ਹਵਾ ਖੜੀ ਕਰ ਦੇਣ। ਅਤੇ ਇਸ ਤੋਂ ਇਲਾਵਾ ਇਹ ਦਿੱਲੀ ਵਿਚੋਂ ਉਦੋਂ ਹੀ ਉਠਣ ਜਦੋਂ ਮੰਨੀਆਂ ਗਈਆਂ ਮੰਗਾਂ ਲਾਗੂ ਕਰ ਦਿਤੀਆਂ ਜਾਣ। (ਪੰਜਾਬ ਨਾਲ ਕੀਤੇ ਜਾਂਦੇ ਵਾਅਦੇ ਕਦੇ ਵੀ ਪੂਰੇ ਨਾ ਕਰਨ ਦਾ ਇਤਿਹਾਸ ਏਨਾ ਵੱਡਾ ਹੈ ਕਿ ਇਸ ਤਜਰਬੇ ਨੂੰ ਯਾਦ ਕਰਵਾਉਣ ਦੀ ਲੋੜ ਵੀ ਨਹੀਂ ਹੋਣੀ ਚਾਹੀਦੀ) ਜੇ ਇਕ ਮਹੀਨਾ ਹੀ ਕਿਸਾਨ ਰੁਕ ਜਾਂਦੇ ਤਾਂ ਯੂਪੀ ਦੀਆਂ ਚੋਣਾਂ ਵਿਚ ਹਾਰ ਦੇ ਡਰ ਕਾਰਨ, ਮੰਗਾਂ ਲਾਗੂ ਕਰ ਦਿਤੀਆਂ ਜਾਣੀਆਂ ਸਨ। ਪਰ ਕੁੱਝ ਕਿਸਾਨ ਆਗੂਆਂ ਨੇ ‘‘ਛੇਤੀ ਚਲੋ ਪੰਜਾਬ ਵਿਚ ਸੱਤਾ ’ਤੇ ਕਬਜ਼ਾ ਕਰ ਲਈਏ ਤੇ ਅਪਣੀ ਹੋਣੀ ਦੇ ਮਾਲਕ ਆਪ ਬਣੀਏ’’ ਦਾ ਨਾਹਰਾ ਇਸ ਜੋਸ਼ ਨਾਲ ਲਾਇਆ ਕਿ ਸਾਰੇ ਕਿਸਾਨ ਮੋਰਚਾ ਬੰਦ ਕਰਨ ਲਈ ਤਿਆਰ ਹੋ ਗਏ। ਮੰਨੀਆਂ ਗਈਆਂ ਮੰਗਾਂ ਲਾਗੂ ਕਰਵਾਉਣ ਲਈ ਅਜੇ ਵੀ ਪੁਤਲੇ ਸਾੜੇ ਜਾ ਰਹੇ ਹਨ ਤੇ…….। ਉਧਰ ਚੋਣ ਮੋਰਚੇ ਵਲ ਵੇਖੋ ਤਾਂ ਅੱਜ ਹਾਲਤ ਇਹ ਹੈ ਕਿ ਕੋਈ ਪਾਰਟੀ ਲਟਕਵੀਂ ਅਸੈਂਬਲੀ ਲਈ ਕੰਮ ਕਰ ਰਹੀ ਹੈ ਤਾਕਿ ਗਵਰਨਰੀ ਰਾਜ ਮਗਰੋਂ ਦੁਬਾਰਾ ਚੋਣਾਂ ਕਰਵਾ ਸਕੇ, ਕੋਈ ਮੁਫ਼ਤ ਵਿਚ ਛਣਕਣੇ ਵੰਡ ਕੇ ਜਿਤਣਾ ਚਾਹੁੰਦੀ ਹੈ, ਕੋਈ ਸੱਪ ਤੇ ਨਿਉਲੇ ਦੇ ਗਠਜੋੜ ’ਚੋਂ ਸੱਤਾ ਲੱਭ ਰਹੀ ਹੈ, ਕੋਈ ਪੰਜਾਬ ਅਤੇ ਪੰਥਕ ਏਜੰਡੇ ਨੂੰ ਬਰਫ਼ ਵਿਚ ਲਗਾ ਕੇ ਸੱਤਾ ਪ੍ਰਾਪਤੀ ਲਈ ਜੂਝ ਰਹੀ ਹੈ, ਕੋਈ ਬਾਬਿਆਂ ਦੇ ਚਰਨੀਂ ਢਹਿ ਕੇ ਸੱਤਾ ਲੈਣੀ ਚਾਹੁੰਦੀ ਹੈ। ਇਹ ਹਾਲਤ ਬਿਲਕੁਲ ਹੋਰ ਤਰ੍ਹਾਂ ਦੀ ਹੋਣੀ ਸੀ ਜੇ ਕਿਸਾਨ ਮੋਰਚੇ ਦੇ ਸਾਰੇ ਆਗੂ ਅਪਣੀ ਜਿੱਤ ਦੇ ਇਤਿਹਾਸਕ ਅਰਥਾਂ ਨੂੰ ਸਮਝਦੇ ਤੇ ਪੰਜਾਬ ਦੀ ਸੱਤਾ ਉਤੇ ਨਹੀਂ, ਹਿੰਦੁਸਤਾਨ ਦੀ ਸੱਤਾ ਉਤੇ ‘ਕਿਸਾਨ ਸ਼ਕਤੀ’ ਦਾ ਕਬਜ਼ਾ ਕਰਵਾਉਣ ਦਾ ਪ੍ਰੋਗਰਾਮ ਬਣਾ ਕੇ ਉਠਦੇ। ਦੁਨੀਆਂ ਵਿਚ ਚਰਚਿਤ ਵੱਡੀ ਇਤਿਹਾਸਕ ਜਿੱਤ ਪ੍ਰਾਪਤ ਕਰਨ ਵਾਲਾ ਕਿਸਾਨ ਆਗੂ ਇਸ ਵੇਲੇ ਕਿਧਰੇ ਨਜ਼ਰ ਨਹੀਂ ਆ ਰਿਹਾ, ਨਾ ਪੰਜਾਬ ਦੇ ਅਸਲ ਮੁੱਦਿਆਂ ਦੀ ਹੀ ਕੋਈ ਗੱਲ ਹੋ ਰਹੀ ਹੈ।
ਅਫਸੋਸ ਕਿ ਪੰਜਾਬ ਨਾਲ ਪੰਜਾਬੀਆਂ ਨਾਲ ਹਮੇਸ਼ਾ ਤੋਂ ਹੀ ਅਜਿਹਾ ਹੁੰਦਾ ਆਇਆ ਹੈ। ਪੰਜਾਬ ਦੇ ਅਜਿਹੇ ਹਾਲਾਤਾਂ ਤੇ ਕਵੀ ਸੰਤ ਰਾਮ ਉਦਾਸੀ ਦੀ ਕਵਿਤਾ ਦੇ ਇਹ ਬੋਲ ਚੇਤੇ ਆਉਂਦੇ ਨੇ…
ਸਾਡੀ ਭੁੱਖ ਵਾਲੀ ਭੱਠੀ ਜੇ ਤੂੰ ਨਹੀਂ ਸੀ ਬੁਝਾਉਣੀ,
ਕਾਹਨੂੰ ਵਿਚੋ ਵਿਚ ਭੁੰਨੀ ਗਏ ਦਾਣਿਆਂ ਦੇ ਵਾਂਗ ।
ਵਾਰ ਵਾਰ ਦਾ ਕਰਾਰ ਵਾਰ ਵਾਰ ਇਨਕਾਰ,
ਅਸੀਂ ਮੰਨੀ ਗਏ ਰੱਬ ਦਿਆਂ ਭਾਣਿਆਂ ਦੇ ਵਾਂਗ ।
Comment here