ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਜੇਲ੍ਹ ‘ਚ ਸਿੱਧੂ ਪੀਊ ‘ਰੋਜ਼ਮੈਰੀ’ ਤੇ ‘ਕੈਮੋਮਾਈਲ’ ਚਾਹ!!

ਪਟਿਆਲਾ : ਰੋਡ ਰੇਜ ਕੇਸ ਚ ਸਾਲ ਦੀ ਸਜ਼ਾ ਭੁਗਤਣ ਤਹਿਤ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ ਦੀ ਸਿਹਤ ਜਾਂਚ ਤੋਂ ਬਾਅਦ ਡਾਕਟਰੀ ਬੋਰਡ ਵਲੋਂ ਅਦਾਲਤ ਵਿਚ ਖ਼ੁਰਾਕ ਸਾਰਣੀ ਪੇਸ਼ ਕੀਤੀ ਗਈ ਹੈ। ਇਸ ਵਿਚ ਸਿੱਧੂ ਨੂੰ ਸਿਹਤਮੰਦ ਖਾਣਾ ਦੇਣ ਬਾਰੇ ਲਿਖਿਆ ਗਿਆ ਹੈ। ਡਾਕਟਰੀ ਟੀਮ ਨੇ ਸਵੇਰੇ ‘ਰੋਜ਼ਮੈਰੀ’ ਤੇ ਰਾਤ ਨੂੰ ‘ਕੈਮੋਮਾਈਲ’ ਚਾਹ ਲੈਣ ਦੀ ਸਲਾਹ ਦਿੰਦਿਆਂ ਭਾਰ ਘਟਾਉਣ ਲਈ ਰੋਜ਼ਾਨਾ 30 ਤੋਂ 45 ਮਿੰਟ ਕਸਰਤ ਕਰਨ ਲਈ ਕਿਹਾ ਹੈ। ਡਾਕਟਰੀ ਜਾਂਚ ਦੌਰਾਨ ਨਵਜੋਤ ਸਿੱਧੂ ਦੀ ਜਿਗਰ ਦੀ ਚਰਬੀ ਵਧੀ ਹੋਈ ਤੇ ਫੇਫਡ਼ਿਆਂ ’ਚ ਖ਼ੂਨ ਦੇ ਧੱਬੇ ਵੀ ਨਜ਼ਰ ਆਏ ਹਨ। ਸਰਕਾਰੀ ਰਜਿੰਦਰਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਵਲੋਂ ਜਾਰੀ ਖ਼ੁਰਾਕ ਸਾਰਣੀ ਅਨੁਸਾਰ ਨਵਜੋਤ ਸਿੱਧੂ ਨੂੰ ਸਵੇਰੇ ਰੋਜ਼ਮੈਰੀ ਚਾਹ ਦਾ ਇਕ ਕੱਪ, ਸਫ਼ੇਦ ਪੇਠੇ ਦੇ ਜੂਸ ਦਾ ਅੱਧਾ ਗਿਲਾਸ ਜਾਂ ਨਾਰੀਅਲ ਪਾਣੀ ਇਕ ਗਿਲਾਸ ਦਿੱਤਾ ਜਾ ਸਕਦਾ ਹੈ। ਨਾਸ਼ਤੇ ਵਿਚ ਲੈਕਟਸ ਮੁਕਤ ਦੁੱਧ ਦੇ ਇਕ ਕੱਪ ਨਾਲ ਇਕ ਚਮਚ ਅਲਸੀ ਦੇ ਬੀਜ, ਖ਼ਰਬੂਜ਼ੇ ਦੇ ਬੀਜ, ਬਦਾਮ ਦੀਆਂ 5 ਜਾਂ 6 ਗਿਰੀਆਂ, ਇਕ ਅਖਰੋਟ ਦਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ ਚੁਕੰਦਰ, ਘੀਆ, ਖੀਰਾ, ਮੁਸੱਮੀ, ਤੁਲਸੀ ਤੇ ਪੂਦੀਨੇ ਦੇ ਪੱਤੇ, ਔਲਾ, ਅਜਵਾਇਣ ਦੇ ਪੱਤੇ, ਤਾਜ਼ਾ ਹਲਦੀ, ਗਾਜਰ ਤੇ ਇਕ ਗਲਾਸ ਐਲੋਵੀਰਾ ਜੂਸ ਦਿੱਤਾ ਸਕਦਾ ਹੈ। ਇਹ ਸਭ ਨਾ ਹੋਵੇ ਤਾਂ ਖ਼ਰਬੂਜ਼ਾ, ਕੀਵੀ, ਸਟ੍ਰਾਬੇਰੀ, ਅਮਰੂਦ ਤੇ ਸੇਬ ’ਚੋਂ ਇਕ ਫਲ ਦਿੱਤਾ ਜਾ ਸਕਦਾ ਹੈ ਜਾਂ ਫਿਰ ਪੁੰਗਰਦੇ ਕਾਲੇ ਛੋਟੇ 25 ਗ੍ਰਾਮ, ਹਰੀ ਦਾਲ 25 ਗ੍ਰਾਮ, ਖੀਰਾ, ਟਮਾਟਰ, ਅੱਧਾ ਨਿੰਬੂ ਤੇ ਆਵਾਕਾਡੋ ਦਿੱਤਾ ਸਕਦਾ ਹੈ। ਦੁਪਹਿਰ ਦੇ ਖਾਣੇ ਵਿਚ ਜਵਾਰ, ਸਿੰਗਾਡ਼ੇ ਤੇ ਰਾਗੀ ਆਟੇ (30 ਗ੍ਰਾਮ) ਦੀ ਇਕ ਰੋਟੀ ਨਾਲ ਇਕ ਕੌਲੀ ਮੌਸਮੀ ਹਰੀ ਸਬਜ਼ੀ, ਖੀਰ ਜਾਂ ਘੀਏ ਜਾਂ ਚੁਕੰਦਰ ਦਾ ਰੈਤਾ, ਇਕ ਕਟੋਰੀ ਹਰਾ ਸਲਾਦ ਤੇ ਇਕ ਗਿਲਾਸ ਲੱਸੀ ਦਿੱਤਾ ਜਾ ਸਕਦਾ ਹੈ। ਸ਼ਾਮ ਦੀ ਚਾਹ ਘੱਟ ਫੈਟ ਵਾਲੇ ਦੁੱਧ ਵਾਲੀ ਹੋਣੀ ਚਾਹੀਦੀ ਹੈ ਤੇ ਨਾਲ ਇਕ 25 ਗ੍ਰਾਮ ਪਨੀਰ ਤੇ 24 ਗ੍ਰਾਮ ਟੋਫੂ ਨਾਲ ਅੱਧਾ ਨਿੰਬੂ ਵੀ ਦਿੱਤਾ ਸਕਦਾ ਹੈ। ਰਾਤ ਦੇ ਖਾਣੇ ਵਿਚ ਰਲੀਆਂ-ਮਿਲੀਆਂ ਸਬਜ਼ੀਆਂ ਤੇ ਦਾਲ ਜਾਂ ਕਾਲੇ ਛੋਲਿਆਂ ਦਾ ਸੂਪ ਇਕ ਕੌਲੀ, ਭੁੰਨੀਆਂ ਹਰੀਆਂ ਸਬਜ਼ੀਆਂ ਇਕ ਕੌਲੀ ਦੇਣ ਦੀ ਸਲਾਹ ਦਿੱਤੀ ਗਈ ਹੈ। ਡਾਕਟਰਾਂ ਨੇ ਸਿੱਧੂ ਨੂੰ ਰਾਤ ਨੂੰ ਸੌਣ ਸਮੇਂ ਕੈਮੋਮਾਈਲ ਚਾਹ ਇਕ ਕੱਪ ਤੇ ਅੱਧਾ ਗਲਾਸ ਗਰਮ ਪਾਣੀ ਵਿਚ ਇਕ ਚਮਚ ਈਸਬਗੋਲ ਲੈਣ ਲਈ ਵੀ ਕਿਹਾ ਹੈ। ਇਸ ਦੇ ਨਾਲ ਹੀ ਹਰ ਰੋਜ਼ 10 ਤੋਂ 12 ਗਲਾਸ ਪਾਣੀ ਪੀਣ ਅਤੇ ਰੋਜ਼ਾਨਾ 30 ਤੋਂ 45 ਮਿੰਟ ਕਸਰਤ ਕਰਨ ਦੀ ਸਲਾਹ ਦਿੱਤੀ ਗਈ ਹੈ। ਪ੍ਰੋਸੈਸਡ ਭੋਜਨ, ਦੇਸੀ ਘਿਓ, ਮੱਖਣ ਆਦਿ ਤੋਂ ਪਰਹੇਜ਼ ਕਰਨ ਅਤੇ ਖਾਣੇ ਵਿਚ ਜੈਤੂਨ ਦਾ ਤੇਲ ਜਾਂ ਚੌਲਾਂ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿੱਧੂ ਦੇ ਜਿਗਰ ਵਿਚ ਇਨਫੈਕਸ਼ਨ ਦੇ ਨਾਲ ਚਰਬੀ ਵਧੀ ਹੋਈ ਹੈ ਅਤੇ ਫੇਫਡ਼ਿਆਂ ਵਿਚ ਵੀ ਕੁਝ ਦਿੱਕਤ ਹੈ। ਡਾਕਟਰਾਂ ਮੁਤਾਬਕ ਫੇੇਫਡ਼ਿਆਂ ਵਿਚ ਖ਼ੂਨ ਦੇ ਧੱਬੇ ਹਨ, ਜਿਸ ਦੀ ਦਵਾਈ ਸ਼ੁਰੂ ਕਰਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਕਣਕ ਤੋਂ ਐਲਰਜੀ ਨਹੀਂ ਹੈ। ਸੋਮਵਾਰ ਨੂੰ ਵੀ ਕਣਕ ਐਲਰਜੀ ਸਬੰਧੀ ਹਸਪਤਾਲ ਵਿਚ ਕੋਈ ਟੈਸਟ ਨਹੀਂ ਕਰਵਾਇਆ ਗਿਆ। ਸੂਤਰਾਂ ਅਨੁਸਾਰ ਸਿੱਧੂ ਨੇ ਖ਼ੁਦ ਡਾਕਟਰੀ ਟੀਮ ਨੂੰ ਦੱਸਆ ਕਿ ਕਣਕ ਰੋਟੀ ਖਾਣ ਤੋਂ ਬਾਅਦ ਚੰਗਾ ਮਹਿਸੂਸ ਨਹੀਂ ਕਰਦੇ, ਇਸ ਲਈ ਸਲਾਦ, ਜੂਸ ਤੇ ਸੂਪ ਆਦਿ ਲੈ ਲੈਂਦੇ ਹਨ।  ਕੇਂਦਰੀ ਜੇਲ੍ਹ ਵਿਚ ਬੰਦ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਨ ਲਈ ਮੰਗਲਵਾਰ ਨੂੰ ਕੋਈ ਨਹੀਂ ਆਇਆ। ਹੁਣ ਮੁਲਾਕਾਤ ਦਾ ਸਮਾਂ ਸ਼ੁੱਕਰਵਾਰ ਹੈ।

Comment here