ਬਰਨਾਲਾ-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅੱਜ ਬਰਨਾਲਾ ਜੇਲ੍ਹ ਤੋਂ ਜ਼ਮਾਨਤ ’ਤੇ ਰਿਹਾਅ ਹੋ ਗਏ। ਬੈਂਸ ਦੇ ਸਵਾਗਤ ਲਈ ਬਰਨਾਲਾ ਜੇਲ੍ਹ ਦੇ ਬਾਹਰ ਵੱਡੀ ਗਿਣਤੀ ਵਿਚ ਸਮਰੱਥਕ ਇਕੱਠੇ ਹੋਏ ਸਨ। ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਸਮਰਥਕਾਂ ਨੇ ਬੈਂਸ ਦਾ ਬੈਂਡ ਵਾਜਿਆਂ ਨਾਲ ਸਵਾਗਤ ਕੀਤਾ। ਵੱਡੇ ਕਾਫ਼ਲੇ ਨਾਲ ਬੈਂਸ ਜੇਲ੍ਹ ਤੋਂ ਲੁਧਿਆਣਾ ਲਈ ਰਵਾਨਾ ਹੋ ਗਏ। ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਸਾਰੇ ਮੁਕੱਦਮੇ ਸਿਆਸੀ ਰੰਜਿਸ਼ ਤਹਿਤ ਦਰਜ ਕੀਤੇ ਗਏ ਹਨ।
7 ਮਹੀਨਿਆਂ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਹੋਏ ਬੈਂਸ ਨੇ ਕਿਹਾ ਕਿ ਮੈਂ ਬੇਗੁਨਾਹ ਸੀ ਅਤੇ ਮੈਨੂੰ ਕਾਨੂੰਨ ਉਪਰ ਪੂਰਾ ਭਰੋਸਾ ਸੀ ਕਿ ਮੈਂ ਇਸ ਪੂਰੇ ਮਾਮਲੇਵਿਚੋਂ ਪਾਕ ਸਾਫ ਨਿਕਲ ਕੇ ਆਵਾਂਗਾ। ਉਨ੍ਹਾਂ ਕਿਹਾ ਕਿ ਮੈਨੂੰ ਸਿਰਫ਼ ਰਾਜਨੀਤੀ ਦਾ ਸਿ਼ਕਾਰ ਬਣਾਇਆ ਗਿਆ ਹੈ। ਲੋਕ ਅੱਜ ਵੀ ਉਨ੍ਹਾ ਨਾਲ ਖੜੇ ਹਨ ਅਤੇ ਉਨ੍ਹਾਂ ਨੂੰ ਪਿਆਰ ਕਰਦੇ ਹਨ।
ਉਨ੍ਹਾਂ ਆਪਣੇ ਪੁਰਾਣੇ ਸਾਥੀਆਂ ‘ਤੇ ਹਮਲਾ ਕਰਦਿਆਂ ਕਿਹਾ ਕਿ ਉਹ ਜੇਲ੍ਹ ਸਿਰਫ਼ ਆਪਣੇ ਪੁਰਾਣੇ ਸਾਥੀਆਂ ਦੀ ਮੇਹਰਬਾਨੀ ਕਰਕੇ ਗਏ ਸਨ ਪਰੰਤੂ ਜੇਕਰ ਮੈਂ ਗੁਨਾਗਾਰ ਹੁੰਦਾ ਤਾਂ ਲੋਕ ਮੇਰੇ ਨਾਲ ਕਦੇ ਨਾ ਖੜਦੇ। ਉਨ੍ਹਾਂ ਕਿਹਾ ਕਿ ਇਸ ਬੁਰੇ ਸਮੇਂ ਵਿੱਚ ਪਰਿਵਾਰ ਦਾ ਉਨ੍ਹਾਂ ਨੂੰ ਪੂਰਾ ਸਾਥ ਮਿਲਿਆ।
ਇਸ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਉਪਰ ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ 7 ਮਹੀਨੇ ਰਹਿ ਕੇ ਮੈਂ ਅੰਦਰਲੇ ਹਾਲਾਤ ਵੇਖੇ ਹਨ, ਜੋ ਕਿ ਬਹੁਤ ਹੀ ਬੁਰੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਬੰਦੀ ਸਿੱਖ ਇੰਨੇ ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ, ਮੈਂ ਉਨ੍ਹਾਂ ਦਾ ਦਰਦ ਸਮਝ ਸਕਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਬੰਦੀ ਸਿੰਘਾਂ ਦੇ ਮੋਹਾਲੀ ਵਿਖੇ ਇਨਸਾਫ਼ ਮੋਰਚੇ ਵਿੱਚ ਵੀ ਜਾਵਾਂਗਾ ਅਤੇ ਇਨਸਾਫ਼ ਦੀ ਗੁਹਾਰ ਲਗਾਵਾਂਗਾ। ਇਸਦੇ ਨਾਲ ਹੀ ਬੈਂਸ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਜੇਲ੍ਹਾਂ ਦੇ ਹਾਲਾਤ ਤੋਂ ਜਾਣੂੰ ਕਰਵਾਉਣ ਲਈ ਮਿਲਣਗੇ।
ਜੇਲ੍ਹ ‘ਚ ਰਹਿ ਕੇ ਪਤਾ ਲੱਗਿਐ, ਹਾਲਾਤ ਬਹੁਤ ਬੁਰੇ : ਬੈਂਸ

Comment here