ਜਲੰਧਰ-ਪੰਜਾਬ ਦੀਆਂ ਜੇਲ੍ਹਾਂ ਵਿਚ ਵਾਰ-ਵਾਰ ਹੁੰਦੀਆਂ ਗੈਂਗਵਾਰ ਦੀਆਂ ਘਟਨਾਵਾਂ ਨੇ ਬਿਨਾਂ ਸ਼ੱਕ ਪੰਜਾਬ ਸਰਕਾਰ ਦੀਆਂ ਚਿੰਤਾਵਾਂ ਵਿਚ ਵਾਧਾ ਕੀਤਾ ਹੈ। ਪੰਜਾਬ ਵਿਚ ਅਜਿਹੀ ਤਾਜ਼ਾ ਘਟਨਾ ਅੰਮ੍ਰਿਤਸਰ ਦੀ ਫ਼ਤਹਿਪੁਰ ਸਥਿਤ ਕੇਂਦਰੀ ਜੇਲ੍ਹ ਅੰਦਰ ਵਾਪਰੀ ਹੈ, ਜਿੱਥੇ ਕੈਦੀਆਂ ਦੇ ਦੋ ਧੜਿਆਂ ਵਿਚ ਲਗਾਤਾਰ ਕਈ ਮਿੰਟਾਂ ਤੱਕ ਨਾ ਸਿਰਫ਼ ਲੜਾਈ ਹੁੰਦੀ ਰਹੀ, ਸਗੋਂ ਇਸ ਲੜਾਈ ਵਿਚ ਦੋਵਾਂ ਪਾਸਿਆਂ ਤੋਂ ਜੇਲ੍ਹ ਦੇ ਅੰਦਰ ਹੀ ਬਣਾਏ ਗਏ ਦੇਸੀ ਤੇ ਘਾਤਕ ਹਥਿਆਰਾਂ ਨਾਲ ਇਕ-ਦੂਜੇ ‘ਤੇ ਹਮਲੇ ਕੀਤੇ ਗਏ। ਪ੍ਰਾਪਤ ਖ਼ਬਰਾਂ ਅਨੁਸਾਰ ਕੈਦੀਆਂ ਨੇ ਇਕ-ਦੂਜੇ ਦੀ ਭਜਾ-ਭਜਾ ਕੇ ਕੁੱਟਮਾਰ ਕੀਤੀ। ਇਸ ਦੌਰਾਨ ਜੇਲ੍ਹ ਦੇ ਸੁਰੱਖਿਆ ਬਲਾਂ ਨੇ ਤਾਕਤ ਦੀ ਵਰਤੋਂ ਵੀ ਕੀਤੀ ਅਤੇ ਬੜੀ ਦੇਰ ਬਾਅਦ ਸਥਿਤੀ ‘ਤੇ ਕਾਬੂ ਪਾਇਆ ਜਾ ਸਕਿਆ। ਇਸ ਗੈਂਗਵਾਰ ਦੌਰਾਨ ਤਿੰਨ ਲੋਕ ਜ਼ਖ਼ਮੀ ਹੋਏ, ਜਿਨ੍ਹਾਂ ਵਿਚੋਂ ਇਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਕ ਹੋਰ ਕੈਦੀ ਦੀ ਇਕ ਲੱਤ ਤੋੜ ਦਿੱਤੀ ਗਈ, ਜਿਸ ‘ਤੇ ਪਲੱਸਤਰ ਚੜ੍ਹਾਇਆ ਗਿਆ ਹੈ। ਝਗੜੇ ਦੀ ਵਜ੍ਹਾ ਦਾ ਤਾਂ ਤਤਕਾਲ ਰੂਪ ਨਾਲ ਪਤਾ ਨਹੀਂ ਲੱਗਾ, ਪਰ ਦੋਵਾਂ ਧਿਰਾਂ ਵਲੋਂ ਚਿਰਾਂ ਤੋਂ ਇਕ-ਦੂਜੇ ਨੂੰ ਚਿਤਾਵਨੀਆਂ ਤੇ ਧਮਕੀਆਂ ਜ਼ਰੂਰ ਦਿੱਤੀਆਂ ਜਾ ਰਹੀਆਂ ਸਨ। ਇਸ ਘਟਨਾ ਨੇ ਜੇਲ੍ਹ ਅਧਿਕਾਰੀਆਂ ਅਤੇ ਸੂਬਾ ਪ੍ਰਸ਼ਾਸਨ ਦੀ ਸੰਪੂਰਨ ਕਾਰਜ-ਪ੍ਰਣਾਲੀ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਖੜ੍ਹਾ ਕੀਤਾ ਹੈ। ਜੇਲ੍ਹ ਪ੍ਰਸ਼ਾਸਨ ਨੇ ਬੇਸ਼ੱਕ ਇਸ ਘਟਨਾ ਲਈ 12 ਬੰਦੀਆਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ, ਪਰ ਲੰਬੇ ਸਮੇਂ ਤੋਂ ਦੋਵਾਂ ਧਿਰਾਂ ‘ਚ ਚੱਲੀ ਆ ਰਹੀ ਰੰਜਿਸ਼ ਦਾ ਪਤਾ ਲੱਗਣ ਦੇ ਬਾਵਜੂਦ ਵੀ ਜੇਲ੍ਹ ਤੰਤਰ ਵਲੋਂ ਇਸ ਨੂੰ ਦਰਕਿਨਾਰ ਕਰਦੇ ਰਹਿਣਾ ਜ਼ਰੂਰ ਅਣਗਹਿਲੀ ਪ੍ਰਤੀਤ ਹੁੰਦੀ ਹੈ।
ਪੰਜਾਬ ਦੀਆਂ ਜੇਲ੍ਹਾਂ ਅੰਦਰ ਅਕਸਰ ਹੁੰਦੀ ਰਹਿਣ ਵਾਲੀ ਇਸ ਤਰ੍ਹਾਂ ਦੀ ਲੜਾਈ ਕੋਈ ਨਵੀਂ ਜਾਂ ਪਹਿਲੀ ਘਟਨਾ ਨਹੀਂ ਹੈ। ਪਹਿਲਾਂ ਵੀ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਅਖ਼ਬਾਰਾਂ ਰਾਹੀਂ ਸਾਹਮਣੇ ਆਉਂਦੀਆਂ ਰਹੀਆਂ ਹਨ। ਅਜਿਹੀ ਹੀ ਇਕ ਵੱਡੀ ਘਟਨਾ ਵਿਚ ਇਕ ਵਾਰ ਜੇਲ੍ਹ ਅੰਦਰ ਕਈ ਥਾਵਾਂ ‘ਤੇ ਸਾੜ-ਫੂਕ ਵੀ ਹੋਈ ਸੀ। ਇਸ ਸਾਲ ਕੁਝ ਮਹੀਨੇ ਪਹਿਲਾਂ ਤਰਨ ਤਾਰਨ ਦੀ ਗੋਇੰਦਵਾਲ ਜੇਲ੍ਹ ‘ਚ ਹੋਈ ਅਜਿਹੀ ਹੀ ਗੈਂਗਵਾਰ ਵਿਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ ਵਿਚ ਬੰਦ ਦੋ ਕੈਦੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਬਿਨਾਂ ਸ਼ੱਕ ਇਸ ਨਾਲ ਸੰਪੂਰਨ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਸਵਾਲਾਂ ਦੇ ਘੇਰੇ ਵਿਚ ਆ ਜਾਂਦੀ ਹੈ। ਇਸੇ ਜੇਲ੍ਹ ਵਿਚ ਨਸ਼ੇ ਦੇ ਸੇਵਨ ਨੂੰ ਲੈ ਕੇ ਨਸ਼ਾ ਤਸਕਰਾਂ ਦੇ ਦੋ ਕੈਦੀ ਧੜਿਆਂ ਵਿਚ ਹੋਈ ਲੜਾਈ ਨੇ ਵੀ ਪ੍ਰਸ਼ਾਸਨਿਕ ਤੰਤਰ ਦੀ ਕਾਰਜ ਪ੍ਰਣਾਲੀ ਨੂੰ ਕਟਹਿਰੇ ਵਿਚ ਲਿਆ ਖੜ੍ਹਾ ਕੀਤਾ ਸੀ। ਸੂਬੇ ਦੀ ਅੰਮ੍ਰਿਤਸਰ ਅਤੇ ਤਰਨ ਤਾਰਨ ਦੀ ਜੇਲ੍ਹ ਇਸ ਮਾਮਲੇ ‘ਚ ਬੇਹੱਦ ਨਾਜ਼ੁਕ ਮੰਨੀ ਜਾਂਦੀ ਹੈ, ਕਿਉਂਕਿ ਦੋਵੇਂ ਹੀ ਜ਼ਿਲ੍ਹੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਹਨ। ਦੋਵਾਂ ਪਾਸਿਆਂ ਦੇ ਤਸਕਰਾਂ ਵਲੋਂ ਡਰੋਨਾਂ ਰਾਹੀਂ ਵੱਡੀਆਂ-ਵੱਡੀਆਂ ਖੇਪਾਂ ਸਰਹੱਦ ਪਾਰ ਤੋਂ ਭਾਰਤੀ ਪੰਜਾਬ ‘ਚ ਮੰਗ ਦੇ ਅਨੁਸਾਰ ਭੇਜੀਆਂ ਜਾਂਦੀਆਂ ਹਨ। ਇਨ੍ਹਾਂ ਤਸਕਰਾਂ ਵਲੋਂ ਸਰਹੱਦ ਪਾਰ ਤੋਂ ਹੈਰੋਇਨ ਦੇ ਨਾਲ-ਨਾਲ ਹਥਿਆਰਾਂ ਦੀ ਵੀ ਯੋਜਨਾਬੱਧ ਢੰਗ ਨਾਲ ਤਸਕਰੀ ਕੀਤੀ ਜਾਂਦੀ ਹੈ। ਇਸ ਨਾਲ ਇਕ ਪਾਸੇ ਜਿੱਥੇ ਪੰਜਾਬ ‘ਚ ਅਪਰਾਧਿਕ ਕਾਰਵਾਈਆਂ ਵਧਦੀਆਂ ਹਨ, ਉੱਥੇ ਹੀ ਭਾਰਤ ਦੀ ਸੁਰੱਖਿਆ ਲਈ ਵੀ ਖ਼ਤਰਾ ਪੈਦਾ ਹੁੰਦਾ ਹੈ। ਹੋਣਾ ਤਾਂ ਇਹ ਚਾਹੀਦਾ ਹੈ ਕਿ ਸਰਹੱਦ ਪਾਰ ਤੋਂ ਵਧਦੇ ਖ਼ਤਰੇ ਦੇ ਮੱਦੇਨਜ਼ਰ ਸੂਬੇ ਅਤੇ ਇੱਥੋਂ ਦੀਆਂ ਜੇਲ੍ਹਾਂ ਦੀ ਸੁਰੱਖਿਆ ਵਿਵਸਥਾ ਨੂੰ ਦਰੁਸਤ ਕੀਤਾ ਜਾਵੇ, ਪਰ ਲਗਾਤਾਰ ਹੁੰਦੀਆਂ ਅਜਿਹੀਆਂ ਘਟਨਾਵਾਂ ਸਰਕਾਰ ਦੀ ਨੀਤੀ ਅਤੇ ਨੀਯਤ ਦੋਵਾਂ ਨੂੰ ਸਵਾਲਾਂ ਦੇ ਘੇਰੇ ‘ਚ ਲਿਆ ਖੜ੍ਹਾ ਕਰਦੀਆਂ ਹਨ।
ਸੂਬੇ ਦੀਆਂ ਜੇਲ੍ਹਾਂ ‘ਚ ਨਸ਼ੀਲੇ ਪਦਾਰਥਾਂ, ਨਸ਼ੀਲੀਆਂ ਗੋਲੀਆਂ ਅਤੇ ਮੋਬਾਈਲ ਫ਼ੋਨ ਆਦਿ ਪਾਏ ਜਾਣ ਦੀਆਂ ਘਟਨਾਵਾਂ ਵੀ ਆਮ ਹੁੰਦੀਆਂ ਰਹਿੰਦੀਆਂ ਹਨ। ਸੂਬੇ ਦੀਆਂ ਜੇਲ੍ਹਾਂ ਦੀ ਇਸ ਤਰ੍ਹਾਂ ਮਾੜੀ ਕਾਰਗੁਜ਼ਾਰੀ ਨੂੰ ਲੈ ਕੇ ਪਿਛਲੇ ਦਿਨੀਂ ਬਾਕਾਇਦਾ ਇਕ ਜਾਂਚ ਅਤੇ ਨਿਰੀਖਣ ਮੁਹਿੰਮ ਚਲਾਈ ਗਈ ਸੀ। ਜੇਲ੍ਹਾਂ ‘ਚ ਲੋਹੇ ਦੀ ਰਾਡ ਅਤੇ ਸਟੀਲ ਦੇ ਬਰਤਨਾਂ, ਚਮਚਿਆਂ ਆਦਿ ਨੂੰ ਤੋੜ ਕੇ ਬਣਾਏ ਗਏ ਜੁਗਾੜੂ ਹਥਿਆਰਾਂ ਨਾਲ ਛੋਟੇ-ਮੋਟੇ ਹਮਲੇ ਕੀਤੇ ਜਾਣ ਦੀਆਂ ਖ਼ਬਰਾਂ ਵੀ ਆਮ ਮਿਲਦੀਆਂ ਰਹਿੰਦੀਆਂ ਹਨ। ਸੂਬੇ ਦੇ ਕਈ ਹੋਰ ਜ਼ਿਲ੍ਹਿਆਂ ਜਿਵੇਂ ਜਲੰਧਰ, ਹੁਸ਼ਿਆਰਪੁਰ ਦੀਆਂ ਜੇਲ੍ਹਾਂ ਵੀ ਵੱਡੀਆਂ ਬੇਨਿਯਮੀਆਂ ਦੀਆਂ ਸ਼ਿਕਾਰ ਹੁੰਦੀਆਂ ਰਹੀਆਂ ਹਨ। ਕਪੂਰਥਲਾ ਦੀ ਜੇਲ੍ਹ, ਜਲੰਧਰ ਜੇਲ੍ਹ ਨੂੰ ਤੋੜ ਕੇ ਬਣਾਈ ਗਈ ਮਾਡਰਨ ਜੇਲ੍ਹ ਮੰਨੀ ਜਾਂਦੀ ਹੈ, ਪਰ ਇਸ ਜੇਲ੍ਹ ਦੀ ਅਵਿਵਸਥਾ ਵੀ ਅਕਸਰ ਸੁਰਖੀਆਂ ਵਿਚ ਰਹਿੰਦੀ ਹੈ।
Comment here