ਅਪਰਾਧਸਿਆਸਤਖਬਰਾਂ

ਜੂਡੋ ਦਾ ਕੌਮੀ ਖਿਡਾਰੀ ਡਰੱਗ ਰੱਖਣ ਦੇ ਦੋਸ਼ ਚ ਕਾਬੂ

ਪਾਤੜਾਂ- ਸ਼ੁਤਰਾਣਾ ਤੇ ਪਾਤੜਾਂ ਪੁਲੀਸ ਨੇ ਸ਼ਹਿਰ ਦੀਆਂ ਵੱਖ ਵੱਖ ਥਾਵਾਂ ’ਤੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਮੁਹਿੰਮ ਚਲਾਈ। ਪੁਲੀਸ ਨੇ ਹਰਿਆਣਾ ਨਾਲ ਸਬੰਧਤ ਜੂਡੋ ਦੇ ਕੌਮੀ ਖਿਡਾਰੀ, ਉਸ ਦੇ ਸਾਥੀ ਅਤੇ ਪਤੀ-ਪਤਨੀ ਕੋਲੋਂ 4122 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਥਾਣਾ ਮੁਖੀ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ ਥਾਣੇਦਾਰ ਬੀਰਬਲ ਸ਼ਰਮਾ ਵੱਲੋਂ ਪੁਲੀਸ ਪਾਰਟੀ ਨਾਲ ਹਾਮਝੇੜੀ ਬਾਈਪਾਸ ਉੱਤੇ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਸਪਲੈਂਡਰ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਰੋਕ ਕੇ ਸ਼ੱਕ ਦੇ ਆਧਾਰ ’ਤੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 3400 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਜੂਡੋ ਦੇ ਕੌਮੀ ਖਿਡਾਰੀ ਰਾਕੇਸ਼ ਤੇ ਪਵਨ ਕੁਮਾਰ ਵਾਸੀ ਬਰਵਾਲਾ (ਹਰਿਆਣਾ) ਵਜੋਂ ਹੋਈ। ਜੂਡੋ ਖਿਡਾਰੀ ਰਾਕੇਸ਼ ਕੁਮਾਰ ਨੇ ਕਿਹਾ ਕਿ ਨਸ਼ੀਲੀਆਂ ਗੋਲੀਆਂ ਪਵਨ ਕੁਮਾਰ ਦੀਆਂ ਹਨ ਤੇ ਉਹ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਉਸ ਨੇ ਸਿਰਫ ਪਵਨ ਕੁਮਾਰ ਨੂੰ ਲਿਫਟ ਦਿੱਤੀ ਸੀ। ਇਸੇ ਤਰ੍ਹਾਂ ਥਾਣਾ ਸ਼ੁਤਰਾਣਾ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੂੰ ਇਤਲਾਹ ਮਿਲੀ ਕਿ ਇਕ ਔਰਤ ਅਤੇ ਵਿਅਕਤੀ ਨਸ਼ੀਲੀਆਂ ਗੋਲੀਆਂ ਵੇਚ ਰਹੇ ਹਨ। ਪੁਲੀਸ ਨੇ ਛਾਪਾ ਮਾਰਿਆ ਤੇ ਜੀਵਨ ਕੁਮਾਰ ਪਾਸੋਂ 422 ਅਤੇ ਪੂਨਮ ਰਾਣੀ ਪਾਸੋਂ 300 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਜ਼ਿਕਰਯੋਗ ਹੈ ਕਿ ਕੁਝ ਰਾਜਨੀਤਕ ਵਿਅਕਤੀਆਂ ਵੱਲੋਂ ਸ਼ੁਤਰਾਣਾ ਪੁਲੀਸ ਉੱਤੇ ਜੀਵਨ ਕੁਮਾਰ ਤੇ ਪੂਨਮ ਰਾਣੀ ਨੂੰ ਛੱਡਣ ਲਈ ਦਬਾਅ ਪਾਇਆ ਗਿਆ ਪਰ ਪੁਲੀਸ ਨੇ ਕੇਸ ਦਰਜ ਕਰਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Comment here