ਬਾਲੀ-ਜੀ-20 ਸੰਮੇਲਨ ਵਿੱਚ ਚੀਨ ਦੇ ਰਾਸ਼ਟਰਪਤੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਵਿਚਾਲੇ ਹੋਈ ਤਕਰਾਰ ਦਾ ਵੀਡੀਓ ਸਾਹਮਣੇ ਆਇਆ ਹੈ। ਸਿਖਰ ਸੰਮੇਲਨ ਦੌਰਾਨ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ। ਦਰਅਸਲ ਇਸ ਦੌਰਾਨ ਸ਼ੀ ਜਿਨਪਿੰਗ ਨੇ ਇਸ ਗੱਲ ’ਤੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਉਨ੍ਹਾਂ ਦੀ ਪਿਛਲੀ ਮੁਲਾਕਾਤ ’ਚ ਹੋਈ ਗੱਲਬਾਤ ਮੀਡੀਆ ’ਚ ਲੀਕ ਹੋ ਗਈ ਸੀ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਚੀਨੀ ਰਾਸ਼ਟਰਪਤੀ ਨੇ ਜੀ-20 ਮੀਟਿੰਗ ਦੇ ਸਮਾਪਤੀ ਸੈਸ਼ਨ ਦੇ ਮੌਕੇ ’ਤੇ ਟਰੂਡੋ ਨੂੰ ਇੱਕ ਅਨੁਵਾਦਕ ਰਾਹੀਂ ਦੱਸਿਆ ਕਿ ਅਸੀਂ ਜੋ ਵੀ ਚਰਚਾ ਕਰਦੇ ਹਾਂ ਉਹ ਮੀਡੀਆ ਨੂੰ ਲੀਕ ਕਰ ਦਿੱਤਾ ਜਾਂਦਾ ਹੈ, ਜੋ ਕਿ ਸਹੀ ਨਹੀਂ ਹੈ। ਇਹ ਸੰਚਾਰ ਕਰਨ ਦਾ ਤਰੀਕਾ ਨਹੀਂ ਹੈ। ਜੇਕਰ ਗੰਭੀਰਤਾ ਹੋਵੇ ਤਾਂ ਚੰਗੀ ਗੱਲਬਾਤ ਹੋ ਸਕਦੀ ਹੈ। ਨਹੀਂ ਤਾਂ ਇਹ ਮੁਸ਼ਕਲ ਹੋ ਜਾਵੇਗਾ। ਜਿਨਪਿੰਗ ਨੇ ਇਹ ਗੱਲ ਚੀਨੀ ਭਾਸ਼ਾ ਵਿੱਚ ਕਹੀ, ਜਿਸ ਦਾ ਅੰਗਰੇਜ਼ੀ ਵਿੱਚ ਅਨੁਵਾਦ ਉਸ ਦੇ ਅਧਿਕਾਰਤ ਦੁਭਾਸ਼ੀਏ ਨੇ ਟਰੂਡੋ ਨੂੰ ਕੀਤਾ। ਇਸ ਦੇ ਨਾਲ ਹੀ ਕੈਨੇਡਾ ਦੇ ਪੀਐਮ ਟਰੂਡੋ ਨੇ ਵੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਸੀਂ ਆਜ਼ਾਦ, ਖੁੱਲ੍ਹੀ ਅਤੇ ਸਪੱਸ਼ਟ ਗੱਲਬਾਤ ਵਿੱਚ ਵਿਸ਼ਵਾਸ ਰੱਖਦੇ ਹਾਂ ਅਤੇ ਇਹੀ ਅਸੀਂ ਕਰਦੇ ਰਹਾਂਗੇ। ਅਸੀਂ ਰਚਨਾਤਮਕ ਤੌਰ ’ਤੇ ਇਕੱਠੇ ਕੰਮ ਕਰਨਾ ਜਾਰੀ ਰੱਖਾਂਗੇ ਪਰ ਕੁਝ ਅਜਿਹੀਆਂ ਚੀਜ਼ਾਂ ਹੋਣਗੀਆਂ ਜਿਨ੍ਹਾਂ ’ਤੇ ਅਸੀਂ ਅਸਹਿਮਤ ਹਾਂ। ਇਸ ’ਤੇ ਚੀਨੀ ਰਾਸ਼ਟਰਪਤੀ ਜਿਨਪਿੰਗ ਨੇ ਕਿਹਾ ਕਿ ਪਹਿਲਾਂ ਸਾਨੂੰ ਹਾਲਾਤ ਬਣਾਉਣੇ ਚਾਹੀਦੇ ਹਨ, ਜਿਸ ਤੋਂ ਬਾਅਦ ਦੋਵਾਂ ਨੇ ਹੱਥ ਮਿਲਾਇਆ ਅਤੇ ਦੋਵੇਂ ਉਥੋਂ ਚਲੇ ਗਏ।
Comment here