ਸਿਆਸਤਖਬਰਾਂਦੁਨੀਆ

ਜੀ-20 ਬੈਠਕ ‘ਚ ਹਿੱਸਾ ਲੈਣ ਅਗਲੇ ਮਹੀਨੇ ਭਾਰਤ ਆਉਣਗੇ ਬਾਈਡੇਨ

ਨਵੀਂ ਦਿੱਲੀ-ਇਥੇ 20 ਵਿਸ਼ਵ ਨੇਤਾਵਾਂ ਦਾ ਸੰਮੇਲਨ 9 ਤੋਂ 10 ਸਤੰਬਰ ਤੱਕ ਹੋਵੇਗਾ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਗਲੇ ਮਹੀਨੇ ਭਾਰਤ ਦਾ ਦੌਰਾ ਕਰਨਗੇ। ਸਤੰਬਰ ਮਹੀਨੇ ‘ਚ ਉਹ ਜੀ-20 ਦੇਸ਼ਾਂ ਦੇ ਸੰਮੇਲਨ ‘ਚ ਹਿੱਸਾ ਲੈਣ ਲਈ 7-10 ਸਤੰਬਰ ਤੱਕ ਭਾਰਤ ਆਉਣਗੇ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੁਲੀਵਨ ਨੇ ਕਿਹਾ ਕਿ ਬਾਈਡੇਨ ਜੀ-20 ਮੀਟਿੰਗ ਵਿੱਚ ਸ਼ਾਮਲ ਹੋਣ ਦੌਰਾਨ ਕਈ ਦੁਵੱਲੀਆਂ ਮੀਟਿੰਗਾਂ ਕਰਨਗੇ। ਹਾਲਾਂਕਿ, ਉਨ੍ਹਾਂ ਨੇ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ। ਅਮਰੀਕਾ 2026 ਵਿੱਚ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ।
ਸਿਖਰ ਸੰਮੇਲਨ 9 ਤੋਂ 10 ਸਤੰਬਰ ਤੱਕ ਨਵੀਂ ਦਿੱਲੀ ਵਿੱਚ ਹੋਵੇਗਾ
ਵ੍ਹਾਈਟ ਹਾਊਸ ਨੇ ਮੰਗਲਵਾਰ ਨੂੰ ਇਕ ਬਿਆਨ ‘ਚ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੀ-20 ਲੀਡਰਸ਼ਿਪ ਦੀ ਵੀ ਸ਼ਲਾਘਾ ਕਰਨਗੇ। ਜੀ-20 ਵਿਸ਼ਵ ਨੇਤਾਵਾਂ ਦਾ ਸੰਮੇਲਨ ਨਵੀਂ ਦਿੱਲੀ ਵਿੱਚ 9 ਤੋਂ 10 ਸਤੰਬਰ ਤੱਕ ਹੋਵੇਗਾ। ਇਹ ਭਾਰਤ ਵਿੱਚ ਵਿਸ਼ਵ ਨੇਤਾਵਾਂ ਦਾ ਸਭ ਤੋਂ ਵੱਡਾ ਇਕੱਠ ਹੋਣ ਦੀ ਉਮੀਦ ਹੈ। ਭਾਰਤ ਨੇ 1 ਦਸੰਬਰ 2022 ਨੂੰ ਇੰਡੋਨੇਸ਼ੀਆ ਤੋਂ ਜੀ-20 ਦੀ ਪ੍ਰਧਾਨਗੀ ਸੰਭਾਲੀ।
ਬਹੁਪੱਖੀ ਵਿਕਾਸ ਬੈਂਕਾਂ ਦੀ ਸਮਰੱਥਾ ਵਧਾਉਣ ‘ਤੇ ਵੀ ਕੀਤੀ ਜਾਵੇਗੀ ਚਰਚਾ
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰਿਨ ਜੀਨ-ਪੀਅਰੇ ਨੇ ਕਿਹਾ, “ਰਾਸ਼ਟਰਪਤੀ ਬਾਈਡੇਨ ਅਤੇ ਜੀ-20 ਸਹਿਯੋਗੀ ਯੂਕ੍ਰੇਨ ਸੰਘਰਸ਼ ਦੇ ਆਰਥਿਕ ਅਤੇ ਸਮਾਜਿਕ ਪ੍ਰਭਾਵ ਨੂੰ ਖਤਮ ਕਰਨ, ਸਵੱਛ ਊਰਜਾ ਅਤੇ ਜਲਵਾਯੂ ਤਬਦੀਲੀ ਸਮੇਤ ਕਈ ਗਲੋਬਲ ਮੁੱਦਿਆਂ ਨੂੰ ਹੱਲ ਕਰਨ ਲਈ ਸਾਂਝੇ ਯਤਨਾਂ ‘ਤੇ ਚਰਚਾ ਕਰਨਗੇ।” ਉਨ੍ਹਾਂ ਇਕ ਬਿਆਨ ‘ਚ ਕਿਹਾ, ”ਗਰੀਬੀ ਦੀ ਸਮੱਸਿਆ ਨਾਲ ਬਿਹਤਰ ਤਰੀਕੇ ਨਾਲ ਲੜਨ ਲਈ ਵਿਸ਼ਵ ਬੈਂਕ ਸਮੇਤ ਬਹੁਪੱਖੀ ਵਿਕਾਸ ਬੈਂਕਾਂ ਦੀ ਸਮਰੱਥਾ ਵਧਾਉਣ ‘ਤੇ ਵੀ ਚਰਚਾ ਕੀਤੀ ਜਾਵੇਗੀ।”
ਜੀਨ-ਪੀਅਰੇ ਨੇ ਕਿਹਾ ਕਿ ਨਵੀਂ ਦਿੱਲੀ ਦੀ ਆਪਣੀ ਫੇਰੀ ਦੌਰਾਨ ਰਾਸ਼ਟਰਪਤੀ ਬਾਈਡੇਨ ਜੀ-20 ਦੀ ਪੀਐੱਮ ਮੋਦੀ ਦੀ ਅਗਵਾਈ ਦੀ ਵੀ ਤਾਰੀਫ ਕਰਨਗੇ ਅਤੇ ਆਰਥਿਕ ਸਹਿਯੋਗ ਦੇ ਪ੍ਰਮੁੱਖ ਮੰਚ ਵਜੋਂ ਜੀ-20 ਪ੍ਰਤੀ ਅਮਰੀਕਾ ਦੀ ਵਚਨਬੱਧਤਾ ਦੀ ਪੁਸ਼ਟੀ ਕਰਨਗੇ। ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ ਨੇ ਕਿਹਾ ਕਿ ਸੰਮੇਲਨ ਤੋਂ ਇਲਾਵਾ ਵੱਖ-ਵੱਖ ਨੇਤਾਵਾਂ ਨਾਲ ਬਾਈਡੇਨ ਦੀ ਗੱਲਬਾਤ ‘ਚ ਜਲਵਾਯੂ ਪਰਿਵਰਤਨ, ਯੂਕ੍ਰੇਨ-ਰੂਸ ਯੁੱਧ ਅਤੇ ਹੋਰ ਆਲਮੀ ਚੁਣੌਤੀਆਂ ‘ਤੇ ਚਰਚਾ ਕੀਤੀ ਜਾਵੇਗੀ। ਅਮਰੀਕਾ 2026 ਵਿੱਚ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰੇਗਾ।

Comment here