ਸਿਆਸਤਖਬਰਾਂ

ਜੀਜਾ ਸਾਲਾ ਡੱਕ ਦੇਣੇ ਸੀ ਜੇ ਕਿਤੇ …

ਚੰਡੀਗੜ- ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਨਾ ਬਣਨ ਦਾ ਮਲਾਲ ਤਾਂ ਹੈ, ਤੇ ਗ੍ਰਹਿ ਮੰਤਰੀ ਹੀ ਬਣਾ ਦਿੱਤਾ ਜਾਂਦਾ ਤਾਂ ਵੀ ਗਿਲਾ ਕੁਝ ਘਟ ਹੋ ਜਾਂਦਾ, ਉਹ ਗਾਹੇ ਬਗਾਹੇ ਆਪਣੇ ਮਨ ਦੀ ਬਾਤ ਕਰਦੇ ਹੀ ਰਹਿੰਦੇ ਨੇ। ਸਿੱਧੂ ਪਿਛਲੇ ਕੁਝ ਦਿਨ ਤਾਂ ਸ਼ਾਂਤ ਰਹੇ ਪਰ ਹੁਣ ਉਹ ਮੁਡ਼ ਕਾਂਗਰਸ ਹਾਈ ਕਮਾਨ ਤੇ ਪੰਜਾਬ ਸਰਕਾਰ ਵਿਰੁੱਧ ਹਮਲਾਵਰ ਹੋ ਗਏ । ਬਾਬਾ ਬਕਾਲਾ ਰੈਲੀ ’ਚ ਪੁੱਜੇ ਸਿੱਧੂ ਨੇ ਮੰਚ ਤੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੇ ਉਹ ਹੋਰ ਮਨਿਸਟਰ ਹੁੰਦੇ ਤਾਂ ਸਿਰਫ਼ ਚਾਰ ਦਿਨ ਉਨ੍ਹਾਂ ਨੂੰ ਤਾਕਤ ਦਿੱਤੀ ਗਈ ਹੁੰਦੀ ਤਾਂ ਜੀਜਾ-ਸਾਲਾ ਜੇਲ੍ਹ ਅੰਦਰ ਹੁੰਦੇ। ਸਿੱਧੂ ਨੇ ਸਖ਼ਤ ਤੇਵਰ ਅਖਤਿਆਰ ਕਰਦਿਆਂ ਕਿਹਾ ਕਿ ਚਿੱਟਾ ਵੇਚਣ ਵਾਲੇ ਤੇ ਘਾਲ਼ਾਮਾਲਾ ਕਰਨ ਵਾਲੇ ਕੌਣ ਹਨ, ਇਹ ਸਾਰਿਆਂ ਨੂੰ ਪਤਾ ਹੈ। ਜੇ ਇਨ੍ਹਾਂ ਨੂੰ ਅੰਦਰ ਨਹੀਂ ਕੀਤਾ ਜਾਵੇਗਾ ਤਾਂ ਕਾਨੂੰਨ ਤੋਂ ਕੌਣ ਡਰੇਗਾ? ਜਿਨ੍ਹਾਂ ਦੇ ਹੱਥ ’ਚ ਪਾਵਰ ਹੈ ਉਨ੍ਹਾਂ ਨੂੰ ਆਪਣੀ ਅਲਖ ਜਗਾਉਣੀ ਪਵੇਗੀ। ਉਨ੍ਹਾਂ ਕਿਹਾ ਕਿ ਉਹ ਅੱਜ ਨਹੀਂ ਕਹਿ ਰਹੇ ਬਲਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਮੰਗ ਕਰ ਰਹੇ ਹਨ। ਜੇ ਉਨ੍ਹਾਂ ਕੋਲ ਚਾਰ ਦਿਨ ਵੀ ਹੋਮ ਮਨਿਸਟਰ ਦੀ ਪਾਵਰ ਹੁੰਦੀ ਤਾਂ ਉਹ ਇਨ੍ਹਾਂ ਨੂੰ ਅੰਦਰ ਕਰਕੇ ਦਿਖਾਉਂਦੇ। ਕਾਂਗਰਸ ਹਾਈ ਕਮਾਨ ’ਤੇ ਤਨਜ਼ ਕੱਸਦਿਆਂ ਤੇ ਆਪਣੇ ਲੋਕ ਜਥੇਬੰਦਕ ਪਾਵਰ ਨਾ ਹੋਣ ਦਾ ਦਰਦ ਬਿਆਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਦੇ ਪੰਜਾਬ ਇਕਾਈ ਦੇ ਪ੍ਰਧਾਨ ਹਨ। ਉਨ੍ਹਾਂ ਜੇ ਜਨਰਲ ਸਕੱਤਰ ਜਾਂ ਹੋਰ ਅਹੁਦੇਦਾਰ ਲਾਉਣੇ ਹੁੰਦੇ ਹਨ ਤਾਂ ਉਹ ਵੀ ਉਨ੍ਹਾਂ ਨੂੰ ਨਹੀਂ ਲਾਉਣ ਦਿੱਤੇ ਜਾਂਦੇ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਨਵਜੋਤ ਦੇ ਇਹ ਰਹਿ ਰਹਿ ਕੇ ਉਠ ਰਹੇ ਵਲਵਲੇ ਆਉਂਦੇ ਦਿਨੀ ਫੇਰ ਵੱਡਾ ਸਿਆਸੀ ਧਮਾਕਾ ਕਰ ਸਕਦੇ ਹਨ।

Comment here