ਅਪਰਾਧਸਿਆਸਤਖਬਰਾਂ

ਜੀਐੱਸਟੀ ਇੰਟੈਲੀਜੈਂਸ ਵਲੋਂ ਪਰਫਿਊਮ ਕਾਰੋਬਾਰੀ ਪੀਯੂਸ਼ ਜੈਨ ਗ੍ਰਿਫ਼ਤਾਰ

ਘਰੋਂ 280 ਕਰੋੜ ਦੀ ਨਕਦੀ ਬਰਾਮਦ
ਅਖਿਲੇਸ਼ ਯਾਦਵ ਦਾ ਹੈ ਕਰੀਬੀ
ਕਾਨਪੁਰ-ਬੀਤੇ ਦਿਨੀਂ ਪਰਫਿਊਮ ਕਾਰੋਬਾਰੀ ਦੇ ਘਰ ਛਾਪੇਮਾਰੀ ਤੋਂ ਬਾਅਦ ਚੱਲ ਰਹੀ ਨੋਟਾਂ ਦੀ ਗਿਣਤੀ ਅਤੇ ਜਾਂਚ ਤੋਂ ਬਾਅਦ ਐਤਵਾਰ ਰਾਤ ਪੀਯੂਸ਼ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਪੀਯੂਸ਼ ਦੇ ਦੋਵੇਂ ਬੇਟੇ ਪਹਿਲਾਂ ਹੀ ਹਿਰਾਸਤ ’ਚ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਦੇ ਕਨੌਜ ਅਤੇ ਕਾਨਪੁਰ ਦੇ ਘਰੋਂ ਕੁੱਲ 280 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਇਸ ਤੋਂ ਇਲਾਵਾ ਕਨੌਜ ਸਥਿਤ ਮਕਾਨ ’ਚੋਂ ਚੰਦਨ ਦਾ ਤੇਲ ਅਤੇ ਨਕਦੀ ਨਾਲ ਭਰੇ ਦੋ ਡਰੰਮ ਵੀ ਬਰਾਮਦ ਹੋਏ ਹਨ। ਜੀਐੱਸਟੀ ਇੰਟੈਲੀਜੈਂਸ ਟੀਮ ਵੱਲੋਂ ਪੀਯੂਸ਼ ਜੈਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਅਜੇ ਉਸ ਦੇ ਟਿਕਾਣਿਆਂ ’ਤੇ ਛਾਪੇਮਾਰੀ ਜਾਰੀ ਰਹੇਗੀ। ਇਕ ਅਫ਼ਸਰ ਅਨੁਸਾਰ, ਇਹ ਛਾਪੇਮਾਰੀ ਹੁਣ ਤਕ ਦੀ ਸਭ ਤੋਂ ਵੱਡੀ ਛਾਪੇਮਾਰੀ ਹੈ, ਜਿਸ ’ਚ ਇੰਨੀ ਵੱਡੀ ਨਕਦੀ ਬਰਾਮਦ ਕੀਤੀ ਗਈ ਹੈ।
ਕਾਰ ’ਚ ਭਰ ਕੇ ਲਿਆਂਦੇ ਜਾਂਦੇ ਸਨ ਨੋਟ
ਪੀਯੂਸ਼ ਜੈਨ ਦੇ ਘਰ ’ਚ 177 ਕਰੋੜ ਰੁਪਏ ਦੀਆਂ ਗੁੱਟੀਆਂ ਇੰਜ ਹੀ ਇਕੱਠੀਆਂ ਨਹੀਂ ਹੋ ਗਈਆਂ। ਰਾਤ ਦੇ ਹਨ੍ਹੇਰੇ ’ਚ ਗੱਤੇ ਦੇ ਕਾਰਟੂਨ ’ਚ ਰੱਖ ਕੇ ਨੋਟਾਂ ਦੀਆਂ ਗੁੱਟੀਆਂ ਕਾਰ ਰਾਹੀਂ ਲਿਆਂਦੀਆਂ ਜਾਂਦੀਆਂ ਸਨ। ਕਾਰ ਨੂੰ ਉਂਜ ਤਾਂ ਆਮ ਤੌਰ ’ਤੇ ਗੇਟ ਦੇ ਬਾਹਰ ਰੱਖਿਆ ਜਾਂਦਾ ਸੀ, ਪਰ ਜਦੋਂ ਵੀ ਨੋਟਾਂ ਦੇ ਬੰਡਲ ਲਿਆਂਦੇ ਜਾਂਦੇ ਸਨ, ਤਾਂ ਉਸ ਨੂੰ ਸਿੱਧੀ ਅੰਦਰ ਲਿਜਾ ਕੇ ਗੇਟ ਬੰਦ ਕਰ ਲਿਆ ਜਾਂਦਾ ਸੀ। ਕਾਰ ਖੜ੍ਹੀ ਕਰਨ ਦੇ ਇਨ੍ਹਾਂ ਤਰੀਕਿਆਂ ਨਾਲ ਹੀ ਹੁਣ ਆਸਪਾਸ ਦੇ ਲੋਕ ਇਹ ਅੰਦਾਜ਼ਾ ਲਾ ਰਹੇ ਹਨ। ਟ੍ਰਿਪਲੈਕਸ ਮਕਾਨ, ਉਸ ’ਚ ਸਭ ਤੋਂ ਉਪਰ ਸਵੀਮਿੰਗ ਪੂਲ ਹੋਣ ਦੇ ਬਾਵਜੂਦ ਪੀਯੂਸ਼ ਕਦੇ ਘਰ ਦੇ ਅੰਦਰ ਕਿਸੇ ਨੂੰ ਨਹੀਂ ਬੁਲਾਉਂਦੇ ਸਨ।
ਗੁਆਂਢੀਆਂ ਨੂੰ ਦੇਰ ਰਾਤ ਅਕਸਰ ਦਿਸਦੀਆਂ ਸਨ ਗੱਡੀਆਂ
ਅਨੰਦਪੁਰੀ ਵਰਗੇ ਪਾਸ਼ ਇਲਾਕੇ ’ਚ ਰਾਤ ਦੇ ਹਨ੍ਹੇਰੇ ’ਚ ਅਕਸਰ ਗ਼ੈਰ ਕਾਨੂੰਨੀ ਗਤੀਵਿਧੀਆਂ ਹੁੰਦੀਆਂ ਸਨ। ਖੇਤਰੀ ਲੋਕਾਂ ਅਨੁਸਾਰ, ਰਾਤ ’ਚ ਦੇਰ ਤਕ ਟਹਿਲਣ ਵਾਲਿਆਂ ਨੂੰ ਅਕਸਰ ਪੀਯੂਸ਼ ਜੈਨ ਦੇ ਘਰ ਕਾਰੋ ’ਚੋਂ ਗੱਤਿਆਂ ਦੇ ਕਾਰਟੂਨ ਉਤਰਦੇ ਦਿਸਦੇ ਸਨ। ਇਹ ਗੱਤੇ ਇੰਨੇ ਵੱਡੇ ਹੁੰਦੇ ਸਨ ਕਿ ਕਾਰ ਦੀ ਡਿੱਗੀ ’ਚ ਆ ਜਾਣ। ਮੁਹੱਲੇ ਦੇ ਲੋਕਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਕਾਰੋਬਾਰ ਦਾ ਕੋਈ ਮਾਲ ਆਇਆ ਹੋਵੇਗਾ, ਪਰ ਕਦੇ ਇੰਨੇ ਵੱਡੇ ਗੱਤੇ ਵਾਪਸ ਬਾਹਰ ਜਾਂਦੇ ਨਹੀਂ ਦੇਖੇ। ਇਸ ਲਈ ਹੁਣ ਲੋਕਾਂ ਨੂੰ ਲੱਗ ਰਿਹਾ ਹੈ ਕਿ ਇਨ੍ਹਾਂ ’ਚ ਨੋਟਾਂ ਦੀਆਂ ਗੁੱਟੀਆਂ ਆਉਂਦੀਆਂ ਰਹੀਆਂ ਹੋਣਗੀਆਂ।
ਸਾਦਗੀ ਦੇ ਪਿੱਛੇ ਲੁਕਿਆ ਸੀ ਕਾਲੇ ਧਨ ਦਾ ਕੁਬੇਰ
ਪੀਯੂਸ਼ ਦੇ ਘਰ ਦੇ ਠੀਕ ਸਾਹਮਣੇ ਪਾਰਕ ਹੈ ਅਤੇ ਉਸ ਦੇ ਸਾਰੇ ਪਾਸੇ ਮਕਾਨ ਹਨ। ਕੁਝ ਲੋਕਾਂ ਦਾ ਕਹਿਣਾ ੲੈ ਕਿ ਆਮ ਤੌਰ ’ਤੇ ਪੀਯੂਸ਼ ਜੈਨ ਆਉਂਦੇ ਸਨ ਤਾਂ ਆਪਣੀ ਕਾਰ ’ਚੋਂ ਘਰੋਂ ਬਾਹਰ ਹੀ ਉੱਤਰ ਜਾਂਦੇ ਸਨ। ਕਾਰ ਨੂੰ ਆਮ ਤੌਰ ’ਤੇ ਗੇਟ ਦੇ ਬਾਹਰ ਸੜਕ ’ਤੇ ਹੀ ਖੜ੍ਹਾ ਰਹਿਣ ਦਿੱਤਾ ਜਾਂਦਾ ਸੀ। ਅਨੰਦਪੁਰੀ ਵਰਗੇ ਖੇਤਰ ’ਚ ਉਂਜ ਵੀ ਰਾਤ ਸਮੇਂ ਲਗਪਗ ਸਾਰੇ ਲੋਕਾਂ ਦੀਆਂ ਕਾਰਾਂ ਘਰ ਦੇ ਬਾਹਰ ਸੜਕ ’ਤੇ ਖੜ੍ਹੀਆਂ ਰਹਿੰਦੀਆਂ ਹਨ, ਕਿਉਂਕਿ ਪੂਰਾ ਕੰਪਲੈਕਸ ਸੁਰੱਖਿਅਤ ਹੋਣ ਨਾਲ ਸਾਰੇ ਲੋਕ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਭਰੋਸੇ ’ਚ ਰਹਿੰਦੇ ਹਨ। ਖੇਤਰੀ ਨਾਗਰਿਕਾਂ ਅਨੁਸਾਰ, ਪੀਯੂਸ਼ ਜੈਨ ਦੇ ਲੋਕਾਂ ਨਾਲ ਮਿਲਣਸਾਰ ਨਾ ਹੋਣ ਕਾਰਨ ਵੀ ਹੁਣ ਸਾਰਿਆਂ ਨੂੰ ਸਮਝ ’ਚ ਆ ਰਿਹਾ ਹੈ। ਸਾਫ਼ ਹੈ ਕਿ ਜੋ ਵਿਅਕਤੀ ਆਪਣੇ ਘਰ ’ਚ 177 ਕਰੋੜ ਰੁਪਏ ਰੱਖਦਾ ਹੋਵੇਗਾ, ਉਹ ਨਹੀਂ ਚਾਹੇਗਾ ਕਿ ਕੋਈ ਉਸ ਦੇ ਘਰ ਆਵੇ। ਪੀਯੂਸ਼ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਦਾ ਕਰੀਬੀ ਹੈ, ਜਿਸ ਕਰਕੇ ਸਿਆਸਤ ਵੀ ਵਾਹਵਾ ਗਰਮਾਈ ਹੋਈ ਹੈ।

Comment here