ਸਿਆਸਤਖਬਰਾਂਦੁਨੀਆ

ਜਾਰਜੀਆ ‘ਚ ਅਕਤੂਬਰ ਨੂੰ ‘ਹਿੰਦੂ ਵਿਰਾਸਤੀ ਮਹੀਨਾ’ ਕੀਤਾ ਘੋਸ਼ਿਤ

ਜਾਰਜੀਆ-ਹਿੰਦੂ-ਅਮਰੀਕੀ ਭਾਈਚਾਰੇ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਅਕਤੂਬਰ ਨੂੰ “ਹਿੰਦੂ ਵਿਰਾਸਤੀ ਮਹੀਨਾ” ਵਜੋਂ ਅਧਿਕਾਰਤ ਤੌਰ ‘ਤੇ ਘੋਸ਼ਿਤ ਕੀਤਾ ਹੈ। ਗਵਰਨਰ ਬ੍ਰਾਇਨ ਕੈਂਪ ਨੇ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਅਕਤੂਬਰ ਨੂੰ ‘ਹਿੰਦੂ ਵਿਰਾਸਤੀ ਮਹੀਨਾ’ ਘੋਸ਼ਿਤ ਕੀਤਾ। ਇਸ ਵਿਚ ਕਿਹਾ ਗਿਆ ਕਿ ਹਿੰਦੂ ਵਿਰਾਸਤ ਨੂੰ ਇਸ ਦੇ ਸੱਭਿਆਚਾਰ ਅਤੇ ਭਾਰਤ ਵਿਚ ਮੌਜੂਦ ਵਿਭਿੰਨ ਅਧਿਆਤਮਿਕ ਪਰੰਪਰਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਮਨਾਇਆ ਜਾਵੇਗਾ।
ਇਸ ਸਾਲ ਦੇ ਸ਼ੁਰੂ ਵਿੱਚ ਜਾਰਜੀਆ ਅਸੈਂਬਲੀ ਨੇ ‘ਹਿੰਦੂਫੋਬੀਆ’ (ਹਿੰਦੂ ਧਰਮ ਵਿਰੁੱਧ ਪੱਖਪਾਤ) ਦੀ ਨਿੰਦਾ ਕਰਦੇ ਹੋਏ ਇਕ ਮਤਾ ਪਾਸ ਕੀਤਾ, ਜਿਸ ਨਾਲ ਅਜਿਹਾ ਵਿਧਾਨਕ ਮਤਾ ਪਾਸ ਕਰਨ ਵਾਲਾ ਇਹ ਪਹਿਲਾ ਅਮਰੀਕੀ ਰਾਜ ਬਣ ਗਿਆ। ‘ਹਿੰਦੂਫੋਬੀਆ’ ਅਤੇ ਹਿੰਦੂ ਵਿਰੋਧੀ ਕੱਟੜਤਾ ਦੀ ਨਿੰਦਾ ਕਰਦੇ ਹੋਏ ਮਤੇ ਵਿੱਚ ਅਮਰੀਕੀ ਸਮਾਜ ਦੇ ਸੱਭਿਆਚਾਰਕ ਤਾਣੇ-ਬਾਣੇ ਨੂੰ ਪ੍ਰਫੁੱਲਤ ਕਰਨ ਅਤੇ ਲੱਖਾਂ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਵਿੱਚ ਯੋਗ, ਆਯੁਰਵੇਦ, ਧਿਆਨ, ਭੋਜਨ, ਸੰਗੀਤ ਅਤੇ ਕਲਾ ਵਿੱਚ ਹਿੰਦੂ ਭਾਈਚਾਰੇ ਦੇ ਯੋਗਦਾਨ ਦਾ ਜ਼ਿਕਰ ਕੀਤਾ ਗਿਆ ਸੀ।
23 ਅਗਸਤ ਨੂੰ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਗਵਰਨਰ ਨੇ ਕਿਹਾ ਕਿ ਹਿੰਦੂ-ਅਮਰੀਕੀ ਭਾਈਚਾਰੇ ਨੇ ਜਾਰਜੀਆ ਦੇ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਬਣਾ ਕੇ ਰਾਜ ਦੀ ਜੀਵਨਸ਼ਕਤੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਸੀ.ਐਚ.ਐਨ.ਏ. (ਉੱਤਰੀ ਅਮਰੀਕਾ ਦੇ ਹਿੰਦੂਆਂ ਦੇ ਗੱਠਜੋੜ) ਨੇ ਵੀ ਇਸ ਕਦਮ ਦਾ ਸਵਾਗਤ ਕੀਤਾ ਅਤੇ ਹਿੰਦੂ ਭਾਈਚਾਰੇ ਨੂੰ ਸਨਮਾਨ ਦੇਣ ਲਈ ਗਵਰਨਰ ਕੈਂਪ ਦਾ ਧੰਨਵਾਦ ਕੀਤਾ। ਗਰੁੱਪ ਨੇ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਲਿਖਿਆ ਕਿ “ਇਹ ਹਿੰਦੂਜ ਆਫ ਜਾਰਜੀਆ ਦੇ ਸਾਡੇ ਦੋਸਤਾਂ ਦੇ ਅਣਥੱਕ ਸਮਰਪਣ ਦੁਆਰਾ ਸੰਭਵ ਹੋਇਆ। ਹਿੰਦੂ ਧਰਮ ਨੇ ਅਮਰੀਕਾ ਦੇ ਸੱਭਿਆਚਾਰਕ ਮਾਹੌਲ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।”

Comment here