ਮਾਮਲਾ ਚੀਨ ਦੇ ਵਧਦੇ ਫ਼ੌਜੀ ਪ੍ਰਭਾਵ ਦਾ
ਟੋਕੀਓ-ਬੀਤੇ ਦਿਨੀਂ ਚੀਨ ਦੀ ਵਧਦੀ ਸੀਨਾਜ਼ੋਰੀ ਦਾ ਜਵਾਬ ਦੇਣ ਲਈ ਜਾਪਾਨ ਤੇ ਵੀਅਤਨਾਮ ਨੇ ਰੱਖਿਆ ਟਰਾਂਸਫਰ ਸਮਝੌਤੇ ’ਤੇ ਦਸਤਖ਼ਤ ਕੀਤੇ, ਜਿਸ ਦੇ ਤਹਿਤ ਹੁਣ ਜਾਪਾਨ ਰੱਖਿਆ ਉੁਪਕਰਣ ਤੇ ਤਕਨੀਕ ਮੁਹੱਈਆ ਕਰਾ ਸਕੇਗਾ। ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਵਧਦੇ ਫ਼ੌਜੀ ਪ੍ਰਭਾਵ ਨਾਲ ਜੁੜੀਆਂ ਚਿੰਤਾਵਾਂ ਵਿਚਾਲੇ ਦੋਵੇਂ ਦੇਸ਼ ਆਪਣੇ ਫੌਜੀ ਸਹਿਯੋਗ ਨੂੰ ਰਫ਼ਤਾਰ ਦੇ ਰਹੇ ਹਨ। ਜਾਪਾਨ ਦੇ ਰੱਖਿਆ ਮੰਤਰੀ ਨੋਬੁਓ ਕਿਸ਼ੀ ਨੇ ਕਿਹਾ ਕਿ ਇਸ ਸਮਝੌਤੇ ਨਾਲ ਦੋਹਾਂ ਦੇਸ਼ਾਂ ਦੀ ਰੱਖਿਆ ਸਾਂਝੇਦਾਰੀ ’ਨਵੇਂ ਮੁਕਾਮ’ ’ਤੇ ਪਹੁੰਚੀ ਹੈ ਤੇ ਜਾਪਾਨ-ਵੀਅਤਨਾਮ ਦੀ ਯੋਜਨਾ ਬਹੁਰਾਸ਼ਟਰੀ ਸਾਂਝੇ ਯੁੱਧ ਅਭਿਆਸ ਤੇ ਹੋਰਨਾਂ ਤਰੀਕਿਆਂ ਨਾਲ ਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਹੈ।
ਮੰਤਰਾਲਾ ਨੇ ਕਿਹਾ ਕਿ ਨੇਵੀ ਦੇ ਜਹਾਜ਼ਾਂ ਸਮੇਤ ਖ਼ਾਸ ਉਪਕਰਨਾਂ ਦੀ ਹਵਾਲਗੀ ਦੀ ਵਿਸਥਾਰ ਨਾਲ ਰੂਪਰੇਖਾ ਗੱਲਬਾਤ ਦੇ ਜ਼ਰੀਏ ਤੈਅ ਕੀਤੀ ਜਾਵੇਗੀ। ਕਿਸ਼ੀ ਦੀ ਵੀਅਤਨਾਮੀ ਹਮਰੁਤਬਾ ਫਾਨ ਵਾਨ ਗੀਆਂਗ ਨਾਲ ਹਨੋਈ ’ਚ ਵਾਰਤਾ ਅਜਿਹੇ ਸਮੇਂ ਹੋਈ ਜਦੋਂ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵੀਅਤਨਾਮ ਦੀ ਰਾਜਧਾਨੀ ’ਚ ਦੋ ਰੋਜ਼ਾ ਦੌਰੇ ’ਤੇ ਹਨ। ਜਾਪਾਨ ਦੇ ਰੱਖਿਆ ਮੰਤਰਾਲਾ ਨੇ ਬਿਆਨ ’ਚ ਕਿਹਾ ਕਿ ਕਿਸ਼ੀ ਤੇ ਗੀਆਂਗ ਹਿੰਦ-ਪ੍ਰਸ਼ਾਂਤ ਖੇਤਰ ’ਚ ਸਮੁੰਦਰੀ ਆਵਾਜਾਈ ਤੇ ਉਡਾਣਾਂ ਦੀ ਸੁਤੰਤਰਤਾ ਦੇ ਮਹੱਤਵ ’ਤੇ ਸਹਿਮਤ ਹੋਏ। ਦੋਵਾਂ ਨੇਤਾਵਾਂ ਨੇ ਸਾਈਬਰ ਸੁਰੱਖਿਆ ਸਮੇਤ ਵੱਖ-ਵੱਖ ਰੱਖਿਆ ਖੇਤਰਾਂ ’ਚ ਸਹਿਯੋਗ ’ਤੇ ਵੀ ਸਹਿਮਤੀ ਜਤਾਈ।
Comment here