ਇਸਲਾਮਾਬਾਦ— ਪਾਕਿਸਤਾਨ ਦੀ ਰਾਜਨੀਤੀ ‘ਚ ਅੱਜ ਕਈ ਮਹੱਤਵਪੂਰਨ ਘਟਨਾਵਾਂ ਬਹੁਤ ਹੀ ਨਾਟਕੀ ਢੰਗ ਨਾਲ ਹੋਈਆਂ। ਪਾਕਿਸਤਾਨ ‘ਚ ਸਿਆਸੀ ਜੰਗ ਦਰਮਿਆਨ ਐਤਵਾਰ ਨੂੰ ਅਵਿਸ਼ਵਾਸ ਪ੍ਰਸਤਾਵ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਰਾਸ਼ਟਰਪਤੀ ਅਲਵੀ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਿਫਾਰਿਸ਼ ‘ਤੇ ਸੰਸਦ ਨੂੰ ਭੰਗ ਕਰ ਦਿੱਤਾ। ਰਾਸ਼ਟਰਪਤੀ ਨੇ ਹੁਣ 90 ਦਿਨਾਂ ਦੇ ਅੰਦਰ ਚੋਣਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਅੱਜ ਸੰਸਦ ‘ਚ ਬੇਭਰੋਸਗੀ ਮਤੇ ‘ਤੇ ਵੋਟਿੰਗ ਹੋਣੀ ਸੀ ਪਰ ਇਸ ਤੋਂ ਪਹਿਲਾਂ ਡਿਪਟੀ ਸਪੀਕਰ ਨੇ ਵਿਦੇਸ਼ੀ ਸਾਜ਼ਿਸ਼ ਦਾ ਹਵਾਲਾ ਦਿੰਦੇ ਹੋਏ ਬੇਭਰੋਸਗੀ ਮਤੇ ਨੂੰ ਰੱਦ ਕਰ ਦਿੱਤਾ। ਹੁਣ ਵਿਰੋਧੀ ਧਿਰ ਇਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਪਹੁੰਚ ਗਈ ਹੈ। ਪਾਕਿਸਤਾਨ ਦੇ ਚੀਫ਼ ਜਸਟਿਸ ਨੇ ਮਾਮਲੇ ਦੀ ਸੁਣਵਾਈ ਲਈ ਵਿਸ਼ੇਸ਼ ਬੈਂਚ ਦਾ ਗਠਨ ਕੀਤਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਬਿਲਾਵਲ ਭੁੱਟੋ ਜ਼ਰਦਾਰੀ ਦਾ ਕਹਿਣਾ ਹੈ ਕਿ ਇਮਰਾਨ ਸਰਕਾਰ ਨੇ ਸੰਵਿਧਾਨ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਦੁਆਰਾ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੇ ਗਠਨ ਅਤੇ ਸੰਸਦ ਨੂੰ ਭੰਗ ਕਰਨ ਦੇ ਉਸ ਦੇ ਅਚਾਨਕ ਕਦਮ ਨਾਲ ਸਬੰਧਤ ਪ੍ਰਮੁੱਖ ਘਟਨਾਵਾਂ ਹਨ।
- 1996:ਇਮਰਾਨ ਖਾਨ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦਾ ਗਠਨ ਕੀਤਾ, ਜਿਸਦਾ ਅਰਥ ਹੈ ਨਿਆਂ ਲਈ ਅੰਦੋਲਨ।
- 2002:ਇਮਰਾਨ ਖਾਨ ਨੇ ਚੋਣ ਜਿੱਤੀ ਅਤੇ ਨੈਸ਼ਨਲ ਅਸੈਂਬਲੀ ਦੇ ਮੈਂਬਰ ਬਣੇ।
- 2013:ਇਮਰਾਨ ਖਾਨ ਮੁੜ ਚੋਣ ਜਿੱਤ ਕੇ ਨੈਸ਼ਨਲ ਅਸੈਂਬਲੀ ਪਹੁੰਚੇ।
- 2018:ਇਮਰਾਨ ਖਾਨ ਆਮ ਚੋਣਾਂ ਜਿੱਤਣ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣੇ।
- 3ਮਾਰਚ, 2021: ਵਿਰੋਧੀ ਧਿਰ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਸੈਨੇਟ ਚੋਣਾਂ ਵਿੱਚ ਪਾਕਿਸਤਾਨ ਦੇ ਵਿੱਤ ਮੰਤਰੀ ਅਬਦੁਲ ਹਫੀਜ਼ ਸ਼ੇਖ ਨੂੰ ਹਰਾਇਆ।
- 6 ਮਾਰਚ, 2021: ਇਮਰਾਨ ਖਾਨ ਨੇ ਆਪਣੇ ਵਿੱਤ ਮੰਤਰੀ ਦੀ ਹਾਰ ਤੋਂ ਬਾਅਦ ਨੈਸ਼ਨਲ ਅਸੈਂਬਲੀ ਵਿੱਚ ਭਰੋਸੇ ਦਾ ਵੋਟ ਜਿੱਤਿਆ।
- 8ਮਾਰਚ, 2022: ਪਾਕਿਸਤਾਨ ਦੇ ਵਿਰੋਧੀ ਨੇਤਾਵਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ, ਮੌਜੂਦਾ ਸਰਕਾਰ ‘ਤੇ ਦੇਸ਼ ਵਿੱਚ ਫੈਲੀ ਮਹਿੰਗਾਈ ਨੂੰ ਘੱਟ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ।
- 19ਮਾਰਚ: ਇਮਰਾਨ ਖਾਨ ਦੀ ਪਾਰਟੀ ਨੇ ਪੀਟੀਆਈ ਦੇ ਨਾਰਾਜ਼ ਸੰਸਦ ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ।
- 20ਮਾਰਚ: ਨੈਸ਼ਨਲ ਅਸੈਂਬਲੀ ਦੇ ਸਪੀਕਰ ਨੇ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਲਈ 25 ਮਾਰਚ ਨੂੰ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਬੁਲਾਇਆ।
- 23ਮਾਰਚ: ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਹ ਅਸਤੀਫ਼ਾ ਨਹੀਂ ਦੇਣਗੇ ਕਿਉਂਕਿ ਤਿੰਨ ਸਹਿਯੋਗੀ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ਵੋਟ ਕਰਨ ਦਾ ਸੰਕੇਤ ਦੇ ਰਹੇ ਹਨ।
- 25ਮਾਰਚ: ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦਾ ਸੈਸ਼ਨ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤੇ ਬਿਨਾਂ ਮੁਲਤਵੀ ਕਰ ਦਿੱਤਾ ਗਿਆ।
- 27ਮਾਰਚ: ਇੱਕ ਵਿਸ਼ਾਲ ਰੈਲੀ ਵਿੱਚ, ਇਮਰਾਨ ਖਾਨ ਨੇ ਦਾਅਵਾ ਕੀਤਾ ਕਿ ਉਸਦੀ ਸਰਕਾਰ ਦਾ ਤਖਤਾ ਪਲਟਣ ਦੀ ਕਥਿਤ ‘ਸਾਜ਼ਿਸ਼’ ਪਿੱਛੇ ਵਿਦੇਸ਼ੀ ਤਾਕਤਾਂ ਹਨ।
- 28ਮਾਰਚ: ਪੀਐਮਐਲ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਨੈਸ਼ਨਲ ਅਸੈਂਬਲੀ ਵਿੱਚ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ ਕੀਤਾ।
- 30ਮਾਰਚ: ਇਮਰਾਨ ਖਾਨ ਦੀ ਸਰਕਾਰ ਦੇ ਮੁੱਖ ਸਹਿਯੋਗੀਆਂ ਨੇ ਬੇਭਰੋਸਗੀ ਵੋਟ ਤੋਂ ਪਹਿਲਾਂ ਵਿਰੋਧੀ ਧਿਰ ਦਾ ਸਾਥ ਦੇ ਕੇ ਬਹੁਮਤ ਗੁਆ ਦਿੱਤਾ।
- 31ਮਾਰਚ: ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ‘ਤੇ ਬਹਿਸ ਕਰਨ ਲਈ ਸੰਸਦ ਦੀ ਮੀਟਿੰਗ ਹੋਈ।
- 1ਅਪ੍ਰੈਲ: ਇਮਰਾਨ ਖਾਨ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਦਾਅਵਾ ਕੀਤਾ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਖਾਨ ਨੇ ਕਿਹਾ ਕਿ ਉਹ ਡਰਨ ਵਾਲੇ ਨਹੀਂ ਹਨ ਅਤੇ ਆਜ਼ਾਦ ਅਤੇ ਲੋਕਤੰਤਰੀ ਪਾਕਿਸਤਾਨ ਲਈ ਆਪਣੀ ਲੜਾਈ ਜਾਰੀ ਰੱਖਣਗੇ।
- 3ਅਪ੍ਰੈਲ: ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਮਤੇ ਨੂੰ ਰੋਕ ਦਿੱਤਾ। 3 ਅਪ੍ਰੈਲ: ਇਮਰਾਨ ਖਾਨ ਨੇ ਰਾਸ਼ਟਰਪਤੀ ਆਰਿਫ ਅਲਵੀ ਨੂੰ ਨੈਸ਼ਨਲ ਅਸੈਂਬਲੀ ਭੰਗ ਕਰਨ ਦੀ ਸਲਾਹ ਦਿੱਤੀ।
Comment here