ਚੰਡੀਗੜ- ਕਾਂਗਰਸ ਵਿੱਚ ਅੰਦੂਰਨੀ ਟੁੱਟ ਭੱਜ ਚੱਲ ਰਹੀ ਹੈ, ਹਾਲ ਹੀ ਵਿੱਚ ਪੰਜਾਬ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ, ਉਹਨਾਂ ਦੀ ਅਗਲੀ ਸਿਆਸੀ ਪਾਰੀ ਬਾਰੇ ਹਾਲੇ ਕੁਝ ਵੀ ਸਾਫ ਨਹੀਂ ਪਰ ਇਹ ਚਰਚਾ ਹੋ ਰਹੀ ਹੈ ਕਿ ਉਹ ਭਾਜਪਾ ਵਿੱਚ ਜਾ ਸਕਦੇ ਹਨ। ਇਸ ਬਾਰੇ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਸਿਹਤ ਮੰਤਰੀ ਸੁਰਜੀਤ ਜਿਆਣੀ ਨੇ ਕਿਹਾ ਹੈ ਕਿ ਸੁਨੀਲ ਜਾਖੜ ਹੋਵੇ ਜਾਂ ਰਾਹੁਲ ਗਾਂਧੀ ਜਾਂ ਸੋਨੀਆ ਗਾਂਧੀ, ਜੇਕਰ ਕੋਈ ਸਾਡੀ ਪਾਰਟੀ ‘ਚ ਆਉਣਾ ਚਾਹੁੰਦਾ ਹੈ ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ। ਮੋਦੀ ਜੀ ਨੇ ਕਿਹਾ ਹੈ ਕਿ ਇਕ ਦਿਨ ਕਾਂਗਰਸ ਮੁਕਤ ਭਾਰਤ ਹੋਵੇਗਾ ਅਤੇ ਉਹ ਉਸ ਦਿਸ਼ਾ ਵੱਲ ਵਧ ਰਹੇ ਹਨ। ਭਾਜਪਾ ਦੀਆਂ ਨੀਤੀਆਂ ‘ਤੇ ਵਿਸ਼ਵਾਸ ਕਰਕੇ ਜੋ ਵੀ ਆਵੇਗਾ, ਅਸੀਂ ਉਸ ਦਾ ਸਵਾਗਤ ਕਰਾਂਗੇ। ਜਿਆਣੀ ਨੇ ਕਾਂਗਰਸ ਦੇ ਇਕ ਪਰਿਵਾਰ ਇਕ ਟਿਕਟ ਦੇ ਫਾਰਮੂਲੇ ‘ਤੇ ਕਿਹਾ ਕਿ ਪਹਿਲਾਂ ਗਾਂਧੀ ਪਰਿਵਾਰ ਨੂੰ ਇਸ ਫੈਸਲੇ ਨੂੰ ਖੁਦ ‘ਤੇ ਲਾਗੂ ਕਰਨਾ ਚਾਹੀਦਾ ਹੈ, ਬਾਅਦ ‘ਚ ਪਾਰਟੀ ਇਸ ‘ਤੇ ਫੈਸਲਾ ਲਵੇ। ਗਾਂਧੀ ਪਰਿਵਾਰ ਦੇ ਕਈ ਲੋਕ ਚੋਣ ਲੜਦੇ ਹਨ ਅਤੇ ਇਸ ਫੈਸਲੇ ਨੂੰ ਪਾਰਟੀ ‘ਤੇ ਲਾਗੂ ਕਰਨਾ ਚਾਹੁੰਦੇ ਹਨ ਜੋ ਕਦੇ ਵੀ ਸੰਭਵ ਨਹੀਂ ਹੋਵੇਗਾ।
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਟਿਪਣੀ ਕਰਦਿਆਂ ਜਿਆਣੀ ਨੇ ਕਿਹਾ ਕਿ ਆਪ ਸਰਕਾਰ ਨੂੰ ਦੋ ਮਹੀਨੇ ਪੂਰੇ ਹੋ ਗਏ ਹਨ। ਅਜਿਹੇ ਵਿਚ ਸਿਹਤ ਵਿਭਾਗ ਦਾ ਜੋ ਬੁਰਾ ਹਾਲ ਹੈ, ਉਹ ਤੁਹਾਡੇ ਸਾਹਮਣੇ ਹੈ। ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਵਾਈਆਂ ਨਹੀਂ ਮਿਲ ਰਹੀਆਂ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਹੁਣ ਕਹਿੰਦੇ ਹਨ (ਸਰਕਾਰ) ਕਿ ਸਾਡੇ ਕੋਲ ਵਾਅਦੇ ਪੂਰੇ ਕਰਨ ਲਈ ਪੈਸੇ ਨਹੀਂ ਹਨ। ਕੀ ਉਨ੍ਹਾਂ ਨੇ ਪਹਿਲਾਂ ਵੋਟ ਮੰਗਣ ਵੇਲੇ ਇਹ ਨਹੀਂ ਸੋਚਿਆ ਸੀ?
Comment here