ਸਿਆਸਤਖਬਰਾਂਚਲੰਤ ਮਾਮਲੇ

ਜਾਖੜ ਨੇ ਆਖਰ ਛੱਡੀ ਕਾਂਗਰਸ

ਚੰਡੀਗੜ੍ਹ-ਪੰਜਾਬ ਕਾਂਗਰਸ ਵਿੱਚ ਸਭ ਅੱਛਾ ਨਹੀਂ ਹੈ, ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ  ਨੇ ਕਈ ਦਿਨਾਂ ਦੀ ਘੈਂਸ ਘੈਂਸ ਮਗਰੋਂ ਆਖਰ ਕਾਂਗਰਸ ਨੂੰ ਅਲਵਿਦਾ ਕਹਿ ਦਿੱਤੀ ਹੈ। ਅੱਜ ਫੇਸਬੁੱਕ ‘ਤੇ ਲਾਈਵ ਹੋ ਕੇ ਉਨ੍ਹਾਂ ਆਪਣੇ ‘ਮਨ ਕੀ ਬਾਤ’ ਕੀਤੀ। ਉਨ੍ਹਾਂ ਕਾਂਗਰਸ ਹਾਈਕਮਾਨ ਤੇ ਸੋਨੀਆ ਗਾਂਧੀ ‘ਤੇ ਸਵਾਲ ਚੁੱਕੇ। ਉਨ੍ਹਾਂ ਕਾਂਗਰਸ ‘ਚ ਜਾਤੀ ਸਮੀਕਰਨ ‘ਤੇ ਕੀਤੀ ਜਾ ਰਹੀ ਸਿਆਸਤ ‘ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਲੀਡਰਸ਼ਿਪ ‘ਤੇ ਨਿਸ਼ਾਨਾ ਸਾਧਿਆ। ਅੰਬਿਕਾ ਸੋਨੀ ਦਾ ਨਾਂ ਲੈਂਦਿਆਂ ਸੋਨੀਆ ਗਾਂਧੀ ਤੋਂ ਮੰਗ ਕੀਤੀ ਕਿ ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਵੇ। ਸੁਨੀਲ ਜਾਖੜ ਨੇ ਕਿਹਾ ਕਿ ਕੱਲ੍ਹ ਸੋਨੀਆ ਗਾਂਧੀ ਜੀ ਦਾ ਭਾਸ਼ਨ ਸੁਣਿਆ। ਬਹੁਤ ਭਾਵੁਕ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਉਸ ਦੇ ਸਲਾਹਕਾਰਾਂ ਨੇ ਨੁਕਸਾਨ ਪਹੁੰਚਾਇਆ। ਅੰਬਿਕਾ ਸੋਨੀ ‘ਤੇ ਵੀ ਉਹ ਰੱਜ ਕੇ ਵਰ੍ਹੇ। ਹਿੰਦੂ-ਸਿੱਖ ਭਾਈਚਾਰੇ ਸਬੰਧੀ ਅੰਬਿਕਾ ਸੋਨੀ ਦੇ ਬਿਆਨ ਨੂੰ ਲੈ ਕੇ ਸੁਨੀਲ ਜਾਖੜ ਨੇ ਉਨ੍ਹਾਂ ਨਿੰਦਾ ਕੀਤੀ। ਕਿਹਾ ਕਿ ਦਿੱਲੀ ‘ਚ ਬੈਠੇ ਸਲਾਹਕਾਰਾਂ ਨੂੰ ਪੰਜਾਬ ਦੇ ਹੀ ਹਿੰਦੂ ਸਿੱਖ ਭਾਈਚਾਰੇ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਚਿੰਤਨ ਸ਼ਿਵਰ ਦੀ ਨਹੀਂ ਚਿੰਤਾ ਕਰਨ ਦੀ ਜ਼ਰੂਰਤ ਹੈ। ਅਸਲ ਵਿਚ ਸੁਨੀਲ ਜਾਖੜ ਕਈ ਦਿਨਾਂ ਤੋਂ ਪਾਰਟੀ ਨਾਲ ਨਰਾਜ਼ ਚੱਲ ਰਹੇ ਸਨ ਤੇ ਉਹਨਾਂ ਦੀਆਂ ਸਿਆਸੀ ਸਰਗਰਮੀਆਂ ਵੀ ਬੰਦ ਸਨ, ਹੁਣ ਉਡੀਕਿਆ ਜਾ ਰਿਹਾ ਹੈ ਕਿ ਉਹ ਅਗਲੀ ਪਾਰੀ ਕਿਸ ਧਿਰ ਨਾਲ ਹੋ ਕੇ ਸ਼ੁਰੂ ਕਰਨਗੇ।

ਕਾਂਗਰਸ ਤੋਂ ਭਾਜਪਾ ‘ਚ ਸ਼ਾਮਲ ਹੋਏ ਫਤਿਹਜੰਗ ਬਾਜਵਾ ਨੇ ਸੁਨੀਲ ਜਾਖੜ ਨੂੰ ਭਾਜਪਾ ‘ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਬਾਜਵਾ ਨੇ ਕਿਹਾ ਹੈ ਕਿ ਪਾਰਟੀ ਨੂੰ ਵੱਡੇ ਤੇ ਸੂਝਵਾਨ ਆਗੂਆਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਅਗਲੀ ਗਾਜ਼ ਨਵਜੋਤ ਸਿੱਧੂ ‘ਤੇ ਡਿੱਗ ਸਕਦੀ ਹੈ। ਬਾਜਵਾ ਨੇ ਕਿਹਾ ਕਿ ਕਾਂਗਰਸ ਧੜਿਆਂ ‘ਚ ਵੰਡੀ ਹੋਈ ਹੈ। ਪੰਜਾਬ ਪ੍ਰਧਾਨ ਰਾਜਾ ਵੜਿੰਗ ਤੇ ਭਾਰਤ ਭੂਸ਼ਣ ਆਸ਼ੂ ਕਾਂਗਰਸ ਨੂੰ ਸੰਭਾਲਣ ਤੋਂ ਅਸਮਰਥ ਹਨ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਭਾਜਪਾ ‘ਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਬਾਜਵਾ ਨੇ ਕਿਹਾ ਕਿ ਪਾਰਟੀ ਨੂੰ ਵੱਡੇ ਤੇ ਸੂਝਵਾਨ ਆਗੂਆਂ ਦੀ ਲੋੜ ਹੈ।

ਇਸ ਦਰਮਿਆਨ ਨਵਜੋਤ ਸਿੱਧੂ ਦੀ ਸਰਗਰਮੀ ਵੀ ਨਸ਼ਰ ਹੋਈ ਹੈ।

ਉਦੈਪੁਰ ਵਿੱਚ ਚੱਲ ਰਹੇ ਚਿੰਤਨ ਸ਼ਿਵਿਰ ਦਰਮਿਆਨ ਪੰਜਾਬ ਦੇ ਮਜ਼ਬੂਤ ​​ਆਗੂ ਸੁਨੀਲ ਜਾਖੜ ਵੱਲੋਂ ਪਾਰਟੀ ਛੱਡਣ ਦਾ ਐਲਾਨ ਕਾਂਗਰਸ ਲਈ ਵੱਡਾ ਝਟਕਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੁਣ ਸੁਨੀਲ ਜਾਖੜ ਨੂੰ ਮਨਾਉਣ ‘ਚ ਲੱਗੇ ਹੋਏ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਜੋ ਵੀ ਮਤਭੇਦ ਹੋਣ, ਉਨ੍ਹਾਂ ਨੂੰ ਗੱਲਬਾਤ ਰਾਹੀਂ ਹੱਲ ਕੀਤਾ ਜਾ ਸਕਦਾ ਹੈ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਸੁਨੀਲ ਜਾਖੜ ਨੂੰ ਕਾਂਗਰਸ ਦੀ ਵੱਡੀ ਜਾਇਦਾਦ ਦੱਸਦਿਆਂ ਕਿਹਾ ਕਿ ਕਾਂਗਰਸ ਨੂੰ ਸੁਨੀਲ ਜਾਖੜ ਨੂੰ ਨਹੀਂ ਗੁਆਉਣਾ ਚਾਹੀਦਾ। ਉਹ ਪਾਰਟੀ ਦਾ ਬਹੁਤ ਵੱਡਾ ਸਰਮਾਇਆ ਹਨ।

Comment here