ਚੰਡੀਗੜ੍ਹ-ਪੰਜਾਬ ਵਿੱਚ ਚੋਣਾਂ ਨੂੰ ਲੈ ਕੇ ਪਾਰਟੀਆਂ ਆਪਣੇ ਨੇਤਾਵਾਂ ਨੂੰ ਅਹੁਦੇ ਦੇ ਕੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਹੁਣੇ ਜਿਹੇ ਕਾਂਗਰਸ ਕੰਪੇਨ ਕਮੇਟੀ ਦੇ ਚੇਅਰਮੈਨ ਬਣੇ ਸੁਨੀਲ ਜਾਖੜ ਨੂੰ ਲੈ ਕੇ ਪਾਰਟੀ ਵਿਚ ਸਸਪੈਂਸ ਬਰਕਰਾਰ ਹੈ। ਦਰਅਸਲ, ਜਾਖੜ ਨੇ ਚੇਅਰਮੈਨ ਬਣਨ ਦੇ ਬਾਵਜੂਦ ਹਾਲੇ ਤਕ ਨਾ ਤਾਂ ਪਾਰਟੀ ਦਾ ਸ਼ੁਕਰੀਆ ਅਦਾ ਕੀਤਾ ਹੈ ਤੇ ਨਾ ਹੀ ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਉਹ ਜ਼ਿੰਮੇਵਾਰੀ ਪ੍ਰਵਾਨ ਕਰਨਗੇ ਜਾਂ ਨਹੀਂ। ਉਥੇ, ਬੀਤੇ ਬੁੱਧਵਾਰ ਨੂੰ ਹਿੰਦ ਦੀ ਚਾਦਰ, ਗੁਰੂ ਤੇਗ਼ ਬਹਾਦਰ ਸਾਹਿਬ ਦੇ ਸ਼ਹੀਦੀ ਦਿਵਸ ’ਤੇ ਜਾਖੜ ਨੇ ਟਵੀਟ ਕਰ ਕੇ ਇਸ ਸਸਪੈਂਸ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੰਦਿਆਂ ਲਿਖਿਆ ਕਿ ‘ਪੰਜਾਬ ਵਿਚ ਧਰਮ, ਜਾਤ, ਪਛਾਣ ਦੇ ਅਧਾਰ ’ਤੇ ਭੇਦਭਾਵ, ਅਸਮਾਨਤਾ ਦੀ ਝੂਠੀ ਭਾਵਨਾ ਪੈਦਾ ਕਰਨ ਵਾਲਿਆਂ ਨਾਲ ਲੜਨਾ ਜਾਰੀ ਰੱਖਣ ਦਾ ਸੰਕਲਪ ਲੈਂਦਾ ਹਾਂ।’’ ਜਾਖੜ ਨੇ ਟਵੀਟ ਕਰ ਕੇ ਆਪਣਾ ‘ਦਰਦ’ ਪਾਰਟੀ ਨੂੰ ਦੱਸ ਦਿੱਤਾ ਹੈ। ਦਰਅਸਲ, ਹਿੰਦੂ ਹੋਣ ਕਾਰਨ ਕਾਂਗਰਸ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਤੇ ਇਸ ਗੱਲ ਲਈ ਪਾਰਟੀ ਹਾਈ ਕਮਾਂਡ ’ਤੇ ਅੰਬਿਕਾ ਸੋਨੀ ਨੇ ਦਬਾਅ ਪਾਇਆ ਸੀ, ਉਦੋਂ ਵੀ ਜਾਖੜ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਦੀ ਉਦਾਹਰਣ ਦਿੱਤੀ ਸੀ।
ਹਾਲਾਂਕਿ ਜਾਖੜ ਨੇ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਹ ਪਾਰਟੀ ਵਿਚ ਰਹਿ ਕੇ ਸੰਘਰਸ਼ ਜਾਰੀ ਰੱਖਣਗੇ ਜਾਂ ਫਿਰ ਕਿਸੇ ਹੋਰ ਬਦਲ ਬਾਰੇ ਵਿਚਾਰ ਕਰ ਰਹੇ ਹਨ। ਉਥੇ ਜਾਖੜ ਦਾ ਰੁਖ਼ ਕਾਂਗਰਸ ਲਈ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਪਾਰਟੀ ਨੇ ਜਾਖੜ ਨੂੰ ਕੰਪੇਨ ਕਮੇਟੀ ਦਾ ਚੇਅਰਮੈਨ ਬਣਾਇਆ ਹੈ ਪਰ ਸੂਤਰ ਦੱਸਦੇ ਹਨ ਕਿ ਜਾਖੜ ਪਾਰਟੀ ਦੇ ਮੰਚ ਤੋਂ ਆਪਣੀ ਲੜਾਈ ਜਾਰੀ ਰੱਖਣਗੇ। ਪਾਰਟੀ ਨੂੰ ਵੀ ਪਤਾ ਹੈ ਕਿ ਜਾਖੜ ਦੀ ਨਾਰਾਜ਼ਗੀ 2022 ਦੀਆਂ ਚੋਣਾਂ ਲਈ ਭਾਰੀ ਪੈ ਸਕਦੀ ਹੈ।
ਹਿੰਦੂ ਵੋਟਰ ਦੂਰ ਹੋ ਰਿਹਾ ਹੈ ਤੇ ਪਾਰਟੀ ਇਸ ਵਰਗ ਦਾ ਭਰੋਸਾ ਨਹੀਂ ਜਿੱਤ ਸਕੀ ਹੈ। ਉਥੇ ਪਾਰਟੀ ਕੋਲ ਜਾਖੜ ਜਿਹਾ ਕੋਈ ਹਿੰਦੂ ਚਿਹਰਾ ਵੀ ਨਹੀਂ ਹੈ। ਅਜਿਹੇ ਵਿਚ ਜੇ ਜਾਖੜ ਪੂਰੇ ਦਿਲ ਨਾਲ ਪਾਰਟੀ ਨਾਲ ਨਾ ਚੱਲੇ ਤਾਂ ਕਾਂਗਰਸ ਦੀ ਪਰੇਸ਼ਾਨੀ ਵੱਧ ਵੀ ਸਕਦੀ ਹੈ। ਦੱਸਣਯੋਗ ਹੈ ਕਿ ਸੂਬੇ ਵਿਚ 43 ਫ਼ੀਸਦ ਵਰਗ (ਜਿਸ ਵਿਚ ਹਿੰਦੂ ਤੇ ਦਲਿਤ ਸ਼ਾਮਲ ਹਨ) ਨੇ ਹਮੇਸ਼ਾ ਨਿਰਣਾਇਕ ਭੂਮਿਕਾ ਨਿਭਾਈ ਹੈ। ਪੰਜਾਬ ਵਿਧਾਨ ਸਭਾ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਹਿੰਦੂ, ਕਾਂਗਰਸ ਦੇ ਪੱਖ ਵਿਚ ਹੋਇਆ ਹੈ, ਉਦੋਂ ਹੀ ਸੂਬੇ ਵਿਚ ਇਸ ਪਾਰਟੀ ਦੀ ਸਰਕਾਰ ਬਣੀ ਹੈ।
Comment here