ਸਿਆਸਤਖਬਰਾਂਚਲੰਤ ਮਾਮਲੇ

ਜਾਖੜ ਖਿਲਾਫ ਭਲਕੇ ਹੋ ਸਕਦੀ ਹੈ ਅਨੁਸ਼ਾਸਨੀ ਕਮੇਟੀ ਵੱਲੋਂ ਕਾਰਵਾਈ

ਚੰਡੀਗੜ੍ਹ- ਪੰਜਾਬ ਕਾਂਗਰਸ ਵਿੱਚ ਸਭ ਅੱਛਾ ਨਹੀਂ ਚੱਲ ਰਿਹਾ, ਇਕ ਪਾਸੇ ਰਾਜਾ ਵੜਿੰਗ ਦੇ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਵੀ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਆਪਣੀ ਸਰਗਰਮੀ ਵਧਾ ਕੇ ਆਪਣਾ ਧੜਾ ਮਜ਼ਬੂਤ ਕਰਨ ਚ ਜੁਟੇ ਹੋਏ ਹਨ, ਦੂਜੇ ਪਾਸੇ ਸੁਨੀਲ ਜਾਖੜ ਪਾਰਟੀ ਦੀ ਅਨੁਸ਼ਾਸਨੀ ਕਮੇਟੀ ਦੀ ਬਿਲਕੁਲ ਵੀ ਪ੍ਰਵਾਹ ਨਹੀਂ ਕਰ ਰਹੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੁਨੀਲ ਜਾਖੜ ਨੇ ਪਾਰਟੀ ਵੱਲੋਂ ਮਿਲੇ ਕਾਰਨ ਦੱਸੋ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ। ਕਾਂਗਰਸ ਨੇ ਇਸ ਮਾਮਲੇ ਨੂੰ ਘੋਰ ਅਨੁਸ਼ਾਸਨਹੀਣਤਾ ਦੀ ਸ਼੍ਰੇਣੀ ਵਿੱਚ ਪਾ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਕਾਂਗਰਸ ਨੇ ਸੁਨੀਲ ਜਾਖੜ ਖਿਲਾਫ ਸਖਤ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ। ਇਸ ਨੂੰ ਲੈ ਕੇ ਕੱਲ੍ਹ ਇਕ ਵਾਰ ਫਿਰ ਤੋਂ ਕਾਂਗਰਸ ਅਨੁਸਾਸ਼ਨ ਕਮੇਟੀ ਨੇ ਮੀਟਿੰਗ ਸੱਦੀ ਹੈ। ਕਿਆਸ ਲਾਏ ਜਾ ਰਹੇ ਹਨ ਕਿ ਸੁਨੀਲ ਜਾਖਡ਼ ਵੱਲੋਂ ਨੋਟਿਸ ਦਾ ਜਵਾਬ ਨਾ ਦੇਣ ’ਤੇ ਕੱਲ੍ਹ ਉਨ੍ਹਾਂ ਖਿਲਾਫ਼ ਕਾਰਵਾਈ ਹੋ ਸਕਦੀ ਹੈ। ਵਰਣਨਯੋਗ ਹੈ ਕਿ ਕਾਂਗਰਸ ਦੀ ਅਨੁਸ਼ਾਸਨੀ ਐਕਸ਼ਨ ਕਮੇਟੀ ਨੇ ਕਾਂਗਰਸ ਦੇ ਦੋ ਸੀਨੀਅਰ ਆਗੂਆਂ ਸੁਨੀਲ ਜਾਖੜ ਅਤੇ ਕੇ. ਵੀ. ਥਾਮਸ ਨੂੰ 11 ਅਪ੍ਰੈਲ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਆਗੂਆਂ ਨੂੰ ਜਵਾਬ ਦੇਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਸੀ। ਥਾਮਸ ਦਾ ਜਵਾਬ ਮਿਲ ਗਿਆ ਹੈ ਪਰ ਜਾਖੜ ਦਾ ਜਵਾਬ ਅਜੇ ਤੱਕ ਨਹੀਂ ਆਇਆ।

Comment here