ਅਪਰਾਧਸਿਆਸਤਖਬਰਾਂ

ਜ਼ੀਰਾ ਸ਼ਰਾਬ ਫੈਕਟਰੀ ਦੇ ਹੇਠਲੇ ਪਾਣੀ ’ਚ ਮਿਲਿਆ ਸਾਈਨਾਇਡ

ਚੰਡੀਗੜ੍ਹ-ਕੇਂਦਰੀ ਪ੍ਰਦੂਸ਼ਣ ਕੰਟ੍ਰੋਲ ਬੋਰਡ ਨੇ ਪੰਜਾਬ ਪ੍ਰਦੂਸ਼ਣ ਕੰਟ੍ਰੋਲ ਬੋਰਡ ਨੂੰ ਪੱਤਰ ਲਿਖ ਕੇ ਜ਼ੀਰਾ ਸ਼ਰਾਬ ਫੈਕਟਰੀ ਖਿਲਾਫ਼ ਬਣਦੀ ਕਾਰਵਾਈ ਕਰਨ ਨੂੰ ਕਿਹਾ ਹੈ। ਕੇਂਦਰੀ ਬੋਰਡ ਨੇ ਇਹ ਪੱਤਰ ਉਸ ਰਿਪੋਰਟ ਦੇ ਆਧਾਰ ’ਤੇ ਜਾਰੀ ਕੀਤਾ ਹੈ, ਜਿਸ ਵਿਚ ਫੈਕਟਰੀ ਦੀ ਜਾਂਚ-ਪੜਤਾਲ ਦੌਰਾਨ ਕਾਫ਼ੀ ਕਮੀਆਂ ਪਾਈਆਂ ਗਈਆਂ ਹਨ। ਰਿਪੋਰਟ ਵਿਚ ਹੈਰਾਨੀਜਨਕ ਗੱਲ ਇਹ ਹੈ ਕਿ ਜਾਂਚ-ਪੜਤਾਲ ਦੌਰਾਨ ਫੈਕਟਰੀ ਦੇ ਨਜ਼ਦੀਕ ਪਿੰਡ ਰਤੋਲ ਰੋਹੀ ਦੇ ਜ਼ਮੀਨ ਹੇਠਲੇ ਪਾਣੀ ਵਿਚ ਸਾਈਨਾਈਡ ਹੋਣ ਦੇ ਸਬੂਤ ਮਿਲੇ ਹਨ। ਪਿੰਡ ਦੇ ਬੋਰਵੈਲ ਵਿਚ 0.2 ਐੱਮ.ਜੀ./ਐੱਲ ਦੀ ਮਾਤਰਾ ਪਾਈ ਗਈ ਹੈ, ਜੋ ਤੈਅ ਮਾਪਦੰਡਾਂ ਤੋਂ ਚਾਰ ਗੁਣਾ ਜ਼ਿਆਦਾ ਹੈ। ਇਸ ਕੜੀ ਵਿਚ ਨਜ਼ਦੀਕੀ ਪਿੰਡ ਮਹੀਂਵਾਲਾ ਦੇ 250 ਮੀਟਰ ਤਕ ਡੂੰਘਾਈ ਵਾਲੇ ਬੋਰਵੈੱਲ ਵਿਚ ਸਿਲੇਨਿਮੇ, ਮੈਂਗਨੀਜ਼ ਅਤੇ ਆਇਰਨ ਵਰਗੇ ਤੱਤ ਤੈਅ ਮਾਤਰਾ ਤੋਂ ਜ਼ਿਆਦਾ ਪਾਏ ਗਏ ਹਨ।
ਖਾਸ ਗੱਲ ਇਹ ਹੈ ਕਿ ਫੈਕਟਰੀ ਦੇ ਅੰਦਰ 2 ਬੋਰਵੈੱਲਾਂ ਵਿਚ ਅਾਰਸੇਨਿਕ, ਮੈਂਗਨੀਜ਼, ਸਿਲੇਨੀਅਮ, ਲੈੱਡ, ਨਿੱਕਲ, ਕਾਪਰ, ਆਇਰਨ, ਕਰੋਮੀਅਮ ਵਰਗੇ ਤੱਤ ਬਹੁਤ ਜ਼ਿਆਦਾ ਮਾਤਰਾ ਵਿਚ ਪਾਏ ਗਏ ਹਨ। ਇਨਾਂ ਬੋਰਵੈੱਲਾਂ ਦਾ ਜਦੋਂ ਸੈਂਪਲ ਲਿਆ ਗਿਆ, ਤਾਂ ਇਨ੍ਹਾਂ ਦਾ ਪਾਣੀ ਕਾਲਾ ਨਿਕਲਿਆ। ਕਈ ਤੱਤ ਅਜਿਹੇ ਪਾਏ ਗਏ, ਜੋ ਨਿਰਧਾਰਿਤ ਮਾਪਦੰਡਾਂ ਦੀ ਤੁਲਨਾ 11-12 ਫੀਸਦੀ ਜ਼ਿਆਦਾ ਹਨ। ਪੱਤਰ ਵਿਚ ਲਿਖਿਆ ਗਿਆ ਹੈ ਕਿ ਫੈਕਟਰੀ ਵਿਚ 10 ਬੋਰਵੈੱਲ ਅਤੇ 6 ਪੇਜੋਮੀਟਰ ਪਾਏ ਗਏ। ਫੈਕਟਰੀ ਦੇ ਪ੍ਰਤੀਨਿਧੀਆਂ ਨੇ 4 ਬੋਰਵੈੱਲ ਅਤੇ 2 ਪੇਜੋਮੀਟਰ ਦੀ ਆਗਿਆ ਹੋਣ ਦਾ ਦਾਅਵਾ ਕੀਤਾ ਪਰ ਇਨ੍ਹਾਂ ਦੀ ਆਗਿਆ ਦਾ ਦਸਤਾਵੇਜ਼ ਵੀ ਪੇਸ਼ ਨਹੀਂ ਕਰ ਸਕੇ। ਇਥੋਂ ਤਕ ਕਿ ਫੈਕਟਰੀ ਪ੍ਰਤੀਨਿਧੀਆਂ ਨੇ ਬੋਰਵੈੱਲ ਦੀ ਤਰੀਕ ਤਕ ਉਪਲਬਧ ਨਹੀਂ ਕਰਵਾਈ। ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲ ਹੀ ਵਿਚ ਇਸ ਫੈਕਟਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।

Comment here