ਲਾਹੌਰ-ਪਾਕਿਸਤਾਨ ਦੇ ਚੋਣ ਕਮਿਸ਼ਨ (ਈ.ਸੀ.ਪੀ.) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਸੀ ਕਿ ਨੈਸ਼ਨਲ ਅਸੈਂਬਲੀ ਦੀਆਂ 33 ਸੀਟਾਂ ‘ਤੇ ਉਪ ਚੋਣਾਂ 16 ਮਾਰਚ ਨੂੰ ਹੋਣਗੀਆਂ। ਪਾਕਿਸਤਾਨ ਦੇ ਬਰਖਾਸਤ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਮਾਰਚ ਵਿਚ ਦੇਸ਼ ਦੀਆਂ 33 ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਵਿਚ ਆਪਣੀ ਪਾਰਟੀ ਦੇ ਇਕਲੌਤੇ ਉਮੀਦਵਾਰ ਹੋਣਗੇ। ਉਨ੍ਹਾਂ ਦੀ ਪਾਰਟੀ ਨੇ ਇਹ ਐਲਾਨ ਕੀਤਾ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਉਪ ਪ੍ਰਧਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਤਵਾਰ ਸ਼ਾਮ ਨੂੰ ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਫ਼ੈਸਲਾ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਕੁਰੈਸ਼ੀ ਨੇ ਕਿਹਾ ਕਿ ”ਇਮਰਾਨ ਖਾਨ ਸਾਰੀਆਂ 33 ਸੰਸਦੀ ਸੀਟਾਂ ‘ਤੇ ਪੀਟੀਆਈ ਦੇ ਇਕਲੌਤੇ ਉਮੀਦਵਾਰ ਹੋਣਗੇ। ਖਾਨ ਦੀ ਪ੍ਰਧਾਨਗੀ ਹੇਠ ਐਤਵਾਰ ਨੂੰ ਜ਼ਮਾਨ ਪਾਰਕ ਲਾਹੌਰ ਵਿਖੇ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੌਰਾਨ ਇਹ ਫ਼ੈਸਲਾ ਲਿਆ ਗਿਆ। ਪਿਛਲੇ ਸਾਲ ਅਕਤੂਬਰ ਵਿੱਚ ਸਪੀਕਰ ਵੱਲੋਂ ਪੀਟੀਆਈ ਦੇ 11 ਸੰਸਦ ਮੈਂਬਰਾਂ ਦੇ ਅਸਤੀਫ਼ਿਆਂ ਨੂੰ ਸਵੀਕਾਰ ਕਰਨ ਤੋਂ ਬਾਅਦ ਖਾਨ ਨੇ ਅੱਠ ਸੰਸਦੀ ਸੀਟਾਂ ‘ਤੇ ਚੋਣ ਲੜੀ ਅਤੇ ਛੇ ਜਿੱਤੇ ਸਨ।
ਪਿਛਲੇ ਸਾਲ ਅਪ੍ਰੈਲ ਵਿੱਚ ਬੇਭਰੋਸਗੀ ਮਤੇ ਤੋਂ ਬਾਅਦ ਸੱਤਾ ਤੋਂ ਬਾਹਰ ਕਰ ਦਿੱਤੇ ਗਏ ਖਾਨ ਦੀ ਪਾਰਟੀ ਦੇ ਸੰਸਦ ਮੈਂਬਰਾਂ ਨੇ ਪਾਕਿਸਤਾਨ ਸੰਸਦ ਦੇ ਹੇਠਲੇ ਸਦਨ (ਨੈਸ਼ਨਲ ਅਸੈਂਬਲੀ) ਨੂੰ ਛੱਡ ਦਿੱਤਾ ਸੀ। ਹਾਲਾਂਕਿ ਸਦਨ ਦੇ ਸਪੀਕਰ ਰਾਜਾ ਪਰਵੇਜ਼ ਅਸ਼ਰਫ਼ ਨੇ ਸੰਸਦ ਮੈਂਬਰਾਂ ਦੇ ਅਸਤੀਫ਼ਿਆਂ ਨੂੰ ਸਵੀਕਾਰ ਨਹੀਂ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਨਿੱਜੀ ਤੌਰ ‘ਤੇ ਇਸ ਗੱਲ ਦੀ ਪੁਸ਼ਟੀ ਕਰਨ ਦੀ ਲੋੜ ਹੈ ਕੀ ਸੰਸਦ ਮੈਂਬਰ ਆਪਣੀ ਮਰਜ਼ੀ ਨਾਲ ਜਾਂ ਦਬਾਅ ਹੇਠ ਅਸਤੀਫ਼ੇ ਦੇ ਰਹੇ ਹਨ। ਪਿਛਲੇ ਮਹੀਨੇ ਸਪੀਕਰ ਨੇ ਪੀਟੀਆਈ ਦੇ 35 ਸੰਸਦ ਮੈਂਬਰਾਂ ਦੇ ਅਸਤੀਫ਼ੇ ਸਵੀਕਾਰ ਕਰ ਲਏ ਸਨ, ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਡੀ-ਨੋਟੀਫਾਈ ਕਰ ਦਿੱਤਾ ਸੀ।
ਇਸ ਤੋਂ ਬਾਅਦ ਸਪੀਕਰ ਨੇ ਹੋਰ 35 ਦੇ ਅਸਤੀਫ਼ਿਆਂ ਨੂੰ ਸਵੀਕਾਰ ਕਰ ਲਿਆ (ਅਤੇ ਈਸੀਪੀ ਨੇ ਉਨ੍ਹਾਂ ਨੂੰ ਡੀ-ਨੋਟੀਫਾਈ ਕੀਤਾ) ਅਤੇ ਬਾਕੀ 43 ਪੀਟੀਆਈ ਸੰਸਦ ਮੈਂਬਰਾਂ ਦੇ ਅਸਤੀਫ਼ਿਆਂ ਤੋਂ ਬਾਅਦ, ਖਾਨ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਵਿਸ਼ਵਾਸ ਵੋਟ ਦੀ ਪ੍ਰੀਖਿਆ ਵਿਚ ਪਾਉਣ ਲਈ ਨੈਸ਼ਨਲ ਅਸੈਂਬਲੀ ਵਿੱਚ ਵਾਪਸ ਆਉਣ ਲਈ ਕਿਹਾ। ਜੇਕਰ ਚੋਣ ਕਮਿਸ਼ਨ ਪੀਟੀਆਈ ਦੇ ਬਾਕੀ 43 ਸੰਸਦ ਮੈਂਬਰਾਂ ਨੂੰ ਡੀ-ਨੋਟੀਫਾਈ ਕਰ ਦਿੰਦਾ ਹੈ ਤਾਂ ਖਾਨ ਦੀ ਪਾਰਟੀ ਦਾ ਨੈਸ਼ਨਲ ਅਸੈਂਬਲੀ ਤੋਂ ਲਗਭਗ ਸਫਾਇਆ ਹੋ ਜਾਵੇਗਾ।
Comment here