ਸਿਹਤ-ਖਬਰਾਂ

ਜ਼ਰਾ ਅਜ਼ਮਾਅ ਕੇ ਤਾਂ ਵੇਖੋ ਅਜਵਾਇਣ ਦੇ ਨੁਸਖੇ

ਸਕੈਂਡਿਨੀਵਿਆਈ ਦੇਸ਼ਾਂ ’ਚ ਇਸ ਦਾ ਇਸਤੇਮਾਲ ਪ੍ਰਮੁੱਖ ਮਸਾਲੇ ਦੇ ਰੂਪ ’ਚ ਹੁੰਦਾ ਹੈ, ਚਾਹੇ ਉਹ ਬੰਦਗੋਭੀ ਦੀਆਂ ਪੱਤੀਆਂ ਦਾ ਚਟਪਟਾ ਸਲਾਦ ਹੋਵੇ ਜਾਂ ਗੌੜਾ ਤੇ ਮੂਨਸਟਰ ਵਰਗੇ ਸਖ਼ਤ ਪਨੀਰ ਦੀਆਂ ਭੇਲੀਆਂ, ਇਨ੍ਹਾਂ ਵਿਚ ਨਵੇਂ ਜਾਨ ਛਿੜਕਦੀ ਹੈ ਅਜਵਾਇਨ। ਸਲਾਦ ਤੇ ਸੂਪ ’ਚ ਹੀ ਨਹੀਂ, ਡਬਲ ਰੋਟੀਆਂ ਤੇ ਕੇਕ-ਪੇਸਟਰੀ ’ਚ ਵੀ ਇਸ ਦਾ ਇਸਤੇਮਾਲ ਜ਼ਰੂਰੀ ਮੰਨਿਆ ਜਾਂਦਾ ਹੈ। ਭੂ-ਮੱਧ ਸਾਗਰੀ ਖ਼ਾਣ-ਪੀਣ ’ਚ ਅਜਵਾਇਨ ਨਮਕੀਨ ਤੇ ਮਿੱਠੇ ਪਕਾਨਾਂ ’ਚ ਸਮਾਨ ਰੂਪ ’ਚ ਉਪਯੋਗੀ ਸਮਝਿਆ ਜਾਂਦਾ ਹੈ। ਪੱਛਮੀ ਯੂਰਪ ਦੇ ਹੋਰ ਦੇਸ਼ਾਂ ’ਚ ਇਹ ਖਾਸ ਤੌਰ ’ਤੇ ਬੇਕਰੀ ਦੀਆਂ ਚੀਜ਼ਾਂ ’ਚ ਕੰਮ ’ਚ ਲਿਆਂਦਾ ਜਾਂਦਾ ਹੈ। ਪੱਛਮ ’ਚ ਕਿਤੇ-ਕਿਤੇ ਇਸ ਨੂੰ ਸੌਂਫ ਤੇ ਕਿਤੇ-ਕਿਤੇ ਇਸ ਨੂੰ ਨਾਂ ਦਿੱਤਾ ਗਿਆ ਹੈ ਚਰਗਾਹਾਂ ਦਾ ਜ਼ੀਰਾ। ਸ਼ਾਇਦ ਇਸ ਕਾਰਨ ਜਦੋਂ ਯੂਰਪ ਲਈ ਅਸਲੀ ਜ਼ੀਰਾ ਦੁਰਲੱਭ ਸੀ ਤੇ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਸੀ ਉਦੋਂ ਅਜਵਾਇਨ ਨੂੰ ਹੀ ਜ਼ੀਰੇ ਦੇ ਨਾਂ ਤੋਂ ਖਰੀਦਿਆ-ਵੇਚਿਆ ਜਾਂਦਾ ਸੀ। ਅਜਵਾਇਨ ਦੀ ਗੁਣਵੱਤਾ ਪੀੜ੍ਹੀ-ਦਰ-ਪੀੜ੍ਹੀ ਵਰਤੀ ਗਈ ਹੈ। ਇਸ ਨੂੰ ਪਾਚਕ ਸਮਝਿਆ ਜਾਂਦਾ ਹੈ ਜੋ ਅਜੀਰਣ ਤੇ ਹਵਾ ਦਾ ਵਿਕਾਰ ਦੂਰ ਕਰਦਾ ਹੈ। ਇਸ ਛੋਟੇ ਜਿਹੇ ਬੀਜ ਨੂੰ ਸਿਹਤ ਦਾ ਖਜ਼ਾਨਾ ਕਹਿਣਾ ਗ਼ਲਤ ਨਹੀਂ ਹੋਵੇਗਾ। ਬੱਚਿਆਂ ਦੀ ਘੁੱਟੀ ’ਚ ਵੀ ਇਸ ਦਾ ਇਸਤੇਮਾਲ ਹੁੰਦਾ ਹੈ ਤੇ ਖੰਘ ਦੂਰ ਕਰਨ ਵਾਲੀਆਂ ਸ਼ਰਬਤੀ ਅੰਗਰੇਜ਼ੀ ਦਵਾਈਆਂ ’ਚ ਥਾਈਮੌਲ ਨਾਂ ਦਾ ਤੱਤ ਅਜਵਾਇਣ ਤੋਂ ਹੀ ਹਾਸਲ ਹੁੰਦਾ ਹੈ।ਅਜਵਾਇਣ ਇਕ ਅਜਿਹਾ ਮਸਾਲਾ ਹੈ ਜੋ ਲਗਭਗ ਹਰ ਭਾਰਤੀ ਰਸੋਈ ਘਰ ’ਚ ਮੌਜੂਦ ਹੀ ਹੁੰਦਾ ਹੈ ਪਰ ਆਮ ਤੌਰ ’ਤੇ ਅਣਗੌਲਿਆ ਰਹਿ ਜਾਂਦਾ ਹੈ। ਹਾਲਾਂਕਿ ਜਿਸ ਨੂੰ ਬਚਪਨ ’ਚ ਖਾਧੇ ਅਜਵਾਇਨ ਦੇ ਪਰਾਂਠਿਆਂ ਦੀ ਯਾਦ ਹੋਵੇ, ਉਹ ਭਲਾ ਅਜਵਾਇਣ ਨੂੰ ਕਿਵੇਂ ਭੁਲਾ ਸਕਦਾ ਹੈ? ਪਰਾਂਠੇ ਹੀ ਕਿਉਂ, ਸਮੋਸਿਆਂ ਦੇ ਲਿਫ਼ਾਫੇ ’ਚ ਵੀ ਅਜਵਾਇਣ ਦੇ ਛਿੱਟੇ ਉਸ ਦੇ ਸਵਾਦ ਦਾ ਆਨੰਦ ਦੁੱਗਣਾ ਕਰ ਦਿੰਦੇ ਹਨ। ਭਰਵੀਆਂ ਸਬਜ਼ੀਆਂ ਦੇ ਮਿਸ਼ਰਨ ’ਚ ਅਜਵਾਇਨ ਦੀ ਭੂਮਿਕਾ ਰਹਿੰਦੀ ਹੈ ਤੇ ਕੁਝ ਪਕਵਾਨ ਅਜਿਹੇ ਹਨ ਜਿਨ੍ਹਾਂ ਦੀ ਜਾਨ ਹੀ ਅਜਵਾਇਣ ਹੈ। ਇਨ੍ਹਾਂ ਵਿਚ ਅਜਵਾਇਨੀ ਸੁੱਕੀ ਦੱਬੀ ਅਰਬੀ ਸਭ ਤੋਂ ਖਾਸ ਹੈ। ਮੱਛੀ ਖਾਣ ਵਾਲੇ ਹੀ ਇਸ ਦਾ ਮਹੱਤਵ ਸਮਝਦੇ ਹਨ ਜਿਸ ਵਿਚ ਤਰੀ ਵਾਲੀ ਮੱਛੀ ਜਾਂ ਮੱਛੀ ਦੇ ਅਜਵਾਇਨੀ ਟਿੱਕੇ ਬੇਹੱਦ ਮਸ਼ਹੂਰ ਹਨ। ਅੰਗਰੇਜ਼ੀ ’ਚ ਅਜਵਾਇਨ ਦਾ ਨਾਂ ਕੈਰਮ ਸੀਡ ਤੇ ਕੈਰਵੇ ਸੀਡ ਹੈ। ਬਨਸਪਤੀ ਸ਼ਾਸਤਰੀਆਂ ਅਨੁਸਾਰ, ਇਸ ਦਾ ਜਨਮ ਫਾਰਸ ਤੇ ਗੁਆਂਢੀ ਮੱਧ ਏਸ਼ਿਆਈ ਭੂ-ਖੰਡ ’ਚ ਹੋਇਆ, ਉੱਥੇ ਹੀ ਇਹ ਉੱਤਰੀ ਯੂਰਪ ਤੇ ਹੋਰ ਥਾਂ ਫੈਲਿਆ। ਖੁਦਾਈ ’ਚ ਮਿਲੇ ਅਵਸ਼ੇਸ਼ਾਂ ਤੋਂ ਇਹ ਪਤਾ ਚੱਲਦਾ ਹੈ ਕਿ ਅਜਵਾਇਨ ਨਾਲ ਸਾਡੇ ਪੁਰਖੇ ਈਸਾ ਦੇ ਜਨਮ ਤੋਂ ਕਈ ਸਦੀਆਂ ਪਹਿਲਾਂ ਜਾਣੂ ਸਨ। ਇਹ ਬੀਜ ਪ੍ਰਾਗੈਤਿਹਾਸਕ ਕਾਲ ਦੇ ਅਵਸ਼ੇਸ਼ਾਂ ’ਚ ਮਿਲਿਆ ਹੈ ਤੇ ਪਲਿਨੀ ਵਰਗੇ ਇਤਿਹਾਸਕਾਰਾਂ ਦੇ ਲੇਖਾਂ ਤੋਂ ਪਤਾ ਚੱਲਦਾ ਹੈ ਕਿ ਰੋਮਨ ਇਸ ਦੀਆਂ ਜੜ੍ਹਾਂ ਦੀ ਵਰਤੋਂ ਸਬਜ਼ੀ ਦੇ ਰੂਪ ’ਚ ਵੀ ਕਰਦੇ ਸਨ।

Comment here