ਰੇਲਵੇ ਵਿਭਾਗ ਵੱਲੋਂ ਭਗਵਾਨ ਬਜਰੰਗ ਬਲੀ ਨੂੰ ਨੋਟਿਸ ਜਾਰੀ ਕਰ ਕੇ ਰੇਲਵੇ ਦੀ ਜ਼ਮੀਨ ਤੋਂ ਕਬਜ਼ਾ ਛੱਡਣ ਲਈ ਕਿਹਾ ਗਿਆ ਹੈ। ਮੱਧ ਪ੍ਰਦੇਸ਼ ਦੇ ਮੋਰੇਨਾ ਜ਼ਿਲ੍ਹੇ ਵਿਚ ਸਬਲਗੜ੍ਹ ਸ਼ਹਿਰ ਵਿੱਚ ਰੇਲਵੇ ਦੀ ਜ਼ਮੀਨ ’ਤੇ ਕਬਜ਼ੇ ਸਬੰਧੀ ਭੇਜੇ ਇਸ ਨੋਟਿਸ ਸਬੰਧੀ ਗ਼ਲਤੀ ਦਾ ਅਹਿਸਾਸ ਹੋਣ ਮਗਰੋਂ ਵਿਭਾਗ ਵੱਲੋਂ ਇਹ ਨੋਟਿਸ ਵਾਪਸ ਲੈ ਲਿਆ ਗਿਆ ਹੈ। ਇਹ ਨੋਟਿਸ 8 ਫਰਵਰੀ ਨੂੰ ਜਾਰੀ ਕੀਤਾ ਗਿਆ ਸੀ ਜਿਸ ਵਿੱਚ ਸੱਤ ਦਿਨਾਂ ਵਿੱਚ ਨਾਜ਼ਾਇਜ ਕਬਜ਼ਾ ਛੱਡਣ ਲਈ ਕਿਹਾ ਗਿਆ ਸੀ। ਇਹ ਨੋਟਿਸ ਬਜਰੰਗ ਬਲੀ ਦੇ ਮੰਦਰ ਦੇ ਬਾਹਰ ਚਿਪਕਾਇਆ ਗਿਆ ਸੀ। ਇਹ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਮਗਰੋਂ ਵਿਭਾਗ ਵੱਲੋਂ ਨਵਾਂ ਨੋਟਿਸ ਮੰਦਰ ਦੇ ਪੁਜਾਰੀ ਦੇ ਨਾਂ ਕੱਢਿਆ ਗਿਆ।
ਰੇਲਵੇ ਵੱਲੋਂ 8 ਫਰਵਰੀ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਹਨੂੰਮਾਨ ਜੀ ਨੂੰ ਕਬਜ਼ਾਧਾਰੀ ਦੱਸਦੇ ਹੋਏ ਨੋਟਿਸ ‘ਚ ਲਿਖਿਆ ਗਿਆ ਹੈ ਕਿ ‘ਹਨੂਮਾਨ ਜੀ ਨੇ ਮਕਾਨ ਬਣਾ ਕੇ ਰੇਲਵੇ ਦੀ ਜ਼ਮੀਨ ‘ਤੇ ਕਬਜ਼ਾ ਕੀਤਾ ਹੈ, ਇਸ ਲਈ ਰੇਲਵੇ ਵੱਲੋਂ ਉਨ੍ਹਾਂ ਨੂੰ 7 ਦਿਨਾਂ ਦਾ ਸਮਾਂ ਦਿੱਤਾ ਜਾ ਰਿਹਾ ਹੈ।’
ਨਾਰਥ ਸੈਂਟਰਲ ਰੇਲਵੇ ਦੇ ਸੀ.ਪੀ.ਆਰ.ਓ ਹਿਮਾਂਸ਼ੂ ਸ਼ੇਖਰ ਉਪਾਧਿਆਏ ਅਨੁਸਾਰ ਇਹ ਗਲਤੀ ਨਾਲ ਹੋਇਆ ਸੀ। ਉਨ੍ਹਾਂ ਮੁਤਾਬਕ ਰੇਲਵੇ ਬਲਾਕ ਨੂੰ ਚੌੜਾ ਕਰਨ ਅਤੇ ਵਧਾਉਣ ਦਾ ਕੰਮ ਕੀਤਾ ਜਾਣਾ ਹੈ, ਪੂਰੇ ਰੂਟ ਵਿੱਚ 150 ਤੋਂ ਵੱਧ ਗੈਰ-ਕਾਨੂੰਨੀ ਉਸਾਰੀਆਂ ਕੀਤੀਆਂ ਗਈਆਂ ਹਨ, ਲੋਕਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ, ਤਾਂ ਜੋ ਰੇਲਵੇ ਦੀ ਜ਼ਮੀਨ ‘ਤੇ ਨਾਜਾਇਜ਼ ਉਸਾਰੀਆਂ ਨੂੰ ਹਟਾਇਆ ਜਾ ਸਕੇ।
ਇਸੇ ਰੂਟ ਵਿਚ ਹਨੂੰਮਾਨ ਜੀ ਦਾ ਮੰਦਰ ਸਥਾਪਿਤ ਕੀਤਾ ਗਿਆ ਹੈ, ਜੋ ਰੇਲਵੇ ਦੀ ਜ਼ਮੀਨ ‘ਤੇ ਬਣਿਆ ਹੈ। ਇਸ ਮੰਦਿਰ ਦੇ ਪੁਜਾਰੀ ਹਰੀ ਸ਼ੰਕਰ ਸ਼ਰਮਾ ਨੂੰ ਵੀ ਨੋਟਿਸ ਦਿੱਤਾ ਜਾਣਾ ਸੀ ਪਰ ਮਨੁੱਖੀ ਗਲਤੀ ਕਾਰਨ ਨੋਟਿਸ ‘ਤੇ ਸਿੱਧਾ ਹਨੂੰਮਾਨ ਜੀ ਦਾ ਨਾਂ ਲਿਖਿਆ ਗਿਆ। ਮਾਮਲੇ ਦਾ ਪਤਾ ਲੱਗਦਿਆਂ ਹੀ ਨੋਟਿਸ ਰੱਦ ਕਰਨ ਤੋਂ ਬਾਅਦ ਇੱਕ ਵਾਰ ਫਿਰ ਨੋਟਿਸ ਸਹੀ ਨਾਮ ਅਤੇ ਪਤੇ ‘ਤੇ ਭੇਜਿਆ ਗਿਆ ਹੈ।
ਜ਼ਮੀਨ ਕਬਜ਼ਾ : ਰੇਲਵੇ ਵੱਲੋਂ ਭਗਵਾਨ ਬਜਰੰਗ ਬਲੀ ਨੂੰ ਨੋਟਿਸ!

Comment here