ਅਪਰਾਧਸਿਆਸਤਖਬਰਾਂ

ਜ਼ਮੀਨੀ ਵਿਵਾਦ ਦੇ ਚੱਲਦਿਆਂ ਮਹਿਲਾ ਦਾ ਗੋਲ਼ੀ ਮਾਰ ਕੇ ਕੀਤਾ ਕਤਲ

 ਤਰਨਤਾਰਨ – ਜ਼ਿਲੇ ਦੇ ਪਿੰਡ ਪੱਖੋਪੁਰ ਵਿੱਚ ਜ਼ਮੀਨੀ ਵਿਵਾਦ ਕਾਰਨ ਬੀਤਣ ਦਿਨੀਂ ਦੁਪਹਿਰ ਨੂੰ ਇੱਕ ਵਿਧਵਾ ਔਰਤ ਦਾ ਗੋਲੀਆਂ ਮਾਰ ਕੇ ਕ਼ਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਦਾ ਪਤਾ ਚੱਲਦੇ ਹੀ ਡੀਐੱਸਪੀ ਤਰਨਤਾਰਨ ਜਗੀਰ ਸਿੰਘ ਅਤੇ ਥਾਣਾ ਚੋਹਲਾ ਸਾਹਿਬ ਦੇ ਐੱਸਐੱਚਓ ਕੁਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਐੱਸਐੱਚਓ ਕੁਲਵੰਤ ਸਿੰਘ ਨੇ ਦੱਸਿਆ ਕਿ ਪਿੰਡ ਪੱਖੋਪੁਰ ਦੇ ਸਾਬਕਾ ਸਰਪੰਚ ਕਸ਼ਮੀਰ ਸਿੰਘ ਅਤੇ ਸੁਖਵਿੰਦਰ ਸਿੰਘ ਦਾ ਜ਼ਮੀਨੀ ਵੰਡ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ।ਇਸ ਝਗੜੇ ਦੀ ਦਰਖ਼ਾਸਤ ਵੀ ਥਾਣਾ ਚੋਹਲਾ ਸਾਹਿਬ ਪੁੱਜੀ ਸੀ। ਉਨ੍ਹਾਂ ਦੱਸਿਆ ਕਿ ਜ਼ਮੀਨ ਦੀ ਵੰਡ ਨੂੰ ਲੈ ਚੱਲ ਰਹੇ ਝਗੜੇ ਦਾ ਰਾਜ਼ੀਨਾਮਾ ਹੋਣ ਤੋਂ ਪਹਿਲਾਂ ਹੀ  ਸੁਖਵਿੰਦਰ ਸਿੰਘ ਅਤੇ ਉਸਦਾ ਪੁੱਤਰ ਪ੍ਰਭਜੀਤ ਸਿੰਘ ਅਤੇ ਜਸ਼ਨਪ੍ਰੀਤ ਸਾਬਕਾ ਸਰਪੰਚ ਕਸ਼ਮੀਰ ਦੇ ਘਰ ਦਾਖਲ ਹੋਏ ਅਤੇ ਘਰ ਵਿੱਚ ਮੌਜੂਦ ਸਾਬਕਾ ਸਰਪੰਚ ਕਸ਼ਮੀਰ ਸਿੰਘ ਦੀ ਵਿਧਵਾ ਨੂੰਹ ਰਾਜਬੀਰ ਕੌਰ (28) ‘ਤੇ 12 ਬੋਰ ਦੀ ਬੰਦੂਕ ਨਾਲ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਵੱਜਣ ਨਾਲ ਰਾਜਬੀਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਕਤਲ ਕਰਨ ਤੋਂ ਬਾਅਦ ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਰਾਜਬੀਰ ਕੌਰ ਜਿਸਦੇ ਪਤੀ ਦੀ ਕੁੱਝ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ ਆਪਣੇ ਪਿੱਛੇ ਤਿੰਨ ਛੋਟੇ ਬੱਚਿਆਂ ਨੂੰ ਛੱਡ ਗਈ ਹੈ।ਐਸਐਚਓ ਕੁਲਵੰਤ ਸਿੰਘ ਨੇ ਦੱਸਿਆ ਕਿ  ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Comment here