ਅਪਰਾਧਸਿਆਸਤਖਬਰਾਂ

ਜ਼ਮੀਨੀ ਵਿਵਾਦ ਕਾਰਨ ‘ਆਪ’ ਆਗੂ ਨੇ ਕੀਤਾ ਦੁਕਾਨਦਾਰ ਦਾ ਕਤਲ 

ਅੰਮਿ੍ਤਸਰ– ਸੁਲਤਾਨਵਿੰਡ ਰੋਡ ਇਲਾਕੇ ਵਿਚ ਜ਼ਮੀਨੀ ਵਿਵਾਦ ਦੇ ਚਲਦਿਆਂ ਆਮ ਆਦਮੀ ਪਾਰਟੀ ਦੇ ਆਗੂ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਦਿਨ-ਦਿਹਾੜੇ ਦੁਕਾਨਦਾਰ ਗੁਰਪ੍ਰਤਾਪ ਸਿੰਘ ਰਾਜਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ, ਜਦ ਕਿ ਉਸ ਦੇ 2 ਦੋਸਤ ਹਸਪਤਾਲ ‘ਵਿਚ ਜ਼ੇਰੇ ਇਲਾਜ ਹਨ ।  ਜ਼ੇਰੇ ਇਲਾਜ ਰਿਸ਼ੀ ਕੁਮਾਰ ਵਾਸੀ ਤੀਰਥ ਨਗਰ, ਸੁਲਤਾਨਵਿੰਡ ਰੋਡ ਨੇ ਦੱਸਿਆ ਕਿ ਉਹ ਅਤੇ ਜਸਪ੍ਰੀਤ ਸਿੰਘ ਦੁਪਹਿਰ ਆਪਣੇ ਦੋਸਤ ਗੁਰਪ੍ਰਤਾਪ ਸਿੰਘ ਰਾਜਾ ਦੀ ਦੁਕਾਨ ‘ਤੇ ਮੌਜੂਦ ਸੀ ।ਉਸ ਦੌਰਾਨ ਇਕ ਮਹਿਲਾ ਕੌਂਸਲਰ ਦਾ ਲੜਕਾ ਅਤੇ ਹਾਲ ਹੀ ‘ਵਿਚ ਕਾਂਗਰਸ ਛੱਡ ਕੇ ਆਪ ਪਾਰਟੀ ‘ਚ ਸ਼ਾਮਿਲ ਹੋਇਆ ਚਰਨਜੀਤ ਸਿੰਘ ਬੱਬਾ ਮੌਕੇ ‘ਤੇ ਪਹੁੰਚ ਕੇ ਝਗੜਾ ਕਰਨ ਲੱਗ ਪਏ । ਉਪਰੰਤ ਉਸ ਨੇ ਆਪਣੇ ਭਰਾ ਗੁਰਦੀਪ ਸਿੰਘ ਰਿੰਪੀ ਕੋਲੋਂ ਪਿਸਤੌਲ ਮੰਗਵਾ ਲਈ ਤੇ ਹਥਿਆਰਾਂ ਨਾਲ ਲੈਸ ਆਪਣੇ ਕੁਝ ਸਾਥੀ ਸੱਦ ਲਏ । ਇਸੇ ਦੌਰਾਨ ਉਸ ਨੇ ਸਿੱਧੀਆਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ।ਗੋਲੀਆਂ ਲੱਗਣ ਕਰ ਕੇ ਉਸ ਦੇ ਦੋਸਤ ਗੁਰਪ੍ਰਤਾਪ ਸਿੰਘ ਦੀ ਮੌਤ ਹੋ ਗਈ, ਜਦ ਕਿ ਉਹ ਅਤੇ ਉਸ ਦਾ ਦੋਸਤ ਜ਼ਖ਼ਮੀ ਹਨ । ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ‘ਤੇ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇਹ ਸਾਰੀ ਘਟਨਾ 6 ਪੁਲਿਸ ਮੁਲਾਜ਼ਮਾਂ ਸਾਹਮਣੇ ਵਾਪਰੀ ਪ੍ਰੰਤੂ ਪੁਲਿਸ ਕੁਝ ਨਹੀਂ ਕਰ ਸਕੀ ।  ਥਾਣੇ ਦੇ ਮੁਖੀ ਦਾ ਕਹਿਣਾ ਹੈ ਕਿ ਇਸ ਮਾਮਲੇ ‘ਵਿਚ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਭਾਲ ਜਾਰੀ ਹੈ ।ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਬੱਬਾ ਕਾਂਗਰਸੀ ਆਗੂ ਨਵਜੋਤ ਸਿੱਧੂ ਦਾ ਨਜ਼ਦੀਕੀ ਸੀ, ਜੋ ਕਿ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਪ ਪਾਰਟੀ ‘ਵਿਚ ਸ਼ਾਮਿਲ ਹੋ ਗਿਆ ਸੀ ।

Comment here