ਸਿਆਸਤਖਬਰਾਂਪ੍ਰਵਾਸੀ ਮਸਲੇ

ਜਸਮੀਤ ਕੌਰ ਬੈਂਸ ਬਣੀ ਕੈਲੀਫੋਰਨੀਆ ਦੀ ਪਹਿਲੀ ਪੰਜਾਬੀ ਅਸੈਂਬਲੀ ਮੈਂਬਰ

ਨਿਊਯਾਰਕ-ਭਾਰਤੀ ਮਹਿਲਾ ਡਾ: ਜਸਮੀਤ ਕੌਰ ਬੈਂਸ ਪਹਿਲੀ ਸਿੱਖ ਔਰਤ ਵਜੋਂ ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣੀ ਗਈ ਹੈ। ਜਸਮੀਤ ਕੌਰ ਬੈਂਸ ਨੇ ਕੇਰਨ ਕਾਉਂਟੀ ਵਿੱਚ ਆਪਣੀ ਵਿਰੋਧੀ ਲੈਟੀਸੀਆ ਪੇਰੇਜ਼ ਨੂੰ ਹਰਾਇਆ। ਬੈਂਸ ਨੂੰ 10,827 ਵੋਟਾਂ ਨਾਲ 58.9 ਫੀਸਦੀ ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਉਨ੍ਹਾਂ ਦੀ ਵਿਰੋਧੀ ਪੇਰੇਜ਼ ਨੂੰ 7,555 ਵੋਟਾਂ ਨਾਲ 41.1 ਫੀਸਦੀ ਵੋਟਾਂ ਮਿਲੀਆਂ। ਜਸਮੀਤ ਬੇਕਰਸਫੀਲਡ ਰਿਕਵਰੀ ਸਰਵਿਸਿਜ਼ ਵਿਖੇ ਮੈਡੀਕਲ ਡਾਇਰੈਕਟਰ ਹੈ। ਜਿੱਤਣ ਤੋਂ ਬਾਅਦ ਜਸਮੀਤ ਨੇ ਕਿਹਾ ਕਿ ਉਹ ਸਿਹਤ ਸੰਭਾਲ, ਰਿਹਾਇਸ਼, ਪਾਣੀ ਦੀ ਸਹੂਲਤ ਅਤੇ ਹਵਾ ਦੀ ਗੁਣਵੱਤਾ ਨੂੰ ਪਹਿਲ ਦੇਵੇਗੀ।
ਕੈਲੀਫੋਰਨੀਆ ਵਿਧਾਨ ਸਭਾ ਲਈ ਚੁਣੀ ਗਈ ਜਸਮੀਤ ਨੇ ਇੱਕ ਸੰਦੇਸ਼ ਵਿੱਚ ਲਿਖਿਆ, “ਇਹ ਇੱਕ ਰੋਮਾਂਚਕ ਰਾਤ ਹੈ, ਮੈਂ ਸ਼ੁਰੂਆਤੀ ਰੂਝਾਨ ਤੋਂ ਉਤਸ਼ਾਹਿਤ ਹਾਂ ਅਤੇ ਕੇਰਨ ਕਾਉਂਟੀ ਵਿੱਚ ਮਿਲੇ ਸਮਰਥਨ ਲਈ ਲੋਕਾਂ ਦੀ ਧੰਨਵਾਦੀ ਹਾਂ।” ਉਨ੍ਹਾਂ ਦਾ ਹਲਕਾ ਅਰਵਿਨ ਜ਼ਿਲ੍ਹੇ ਤੋਂ ਡੇਲਾਨੋ ਤੱਕ ਫੈਲਿਆ ਹੋਇਆ ਹੈ। ਇਸ ਵਿਚ ਪੂਰਬੀ ਬੇਕਰਸਫੀਲਡ ਦਾ ਜ਼ਿਆਦਾਤਰ ਹਿੱਸਾ ਸ਼ਾਮਲ ਹੈ। ਜਸਮੀਤ ਦੇ ਪਿਤਾ ਨੇ ਇੱਕ ਆਟੋ ਮਕੈਨਿਕ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ ਅਤੇ ਬਾਅਦ ਵਿਚ ਉਹ ਕਾਰ ਡੀਲਰਸ਼ਿਪ ਦੇ ਮਾਲਕ ਬਣੇ। ਉਨ੍ਹਾਂ ਨੂੰ ਕੈਲੀਫੋਰਨੀਆ ਅਕੈਡਮੀ ਆਫ ਫੈਮਲੀ ਫਿਜ਼ੀਸ਼ੀਅਨ ਵੱਲੋਂ 2019 ਹੀਰੋ ਆਫ ਫੈਮਿਲੀ ਮੈਡੀਸਨ ਅਤੇ ਗ੍ਰੇਟਰ ਬੇਕਰਸਫੀਲਡ ਚੈਂਬਰ ਆਫ ਕਾਮਰਸ ਤੋਂ 2021 ਬਿਊਟੀਫੁੱਲ ਬੇਕਰਸਫੀਲਡ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਸਮੀਤ ਕੌਰ ਨੇ ਕੁਝ ਦਿਨ ਆਪਣੇ ਪਿਤਾ ਦੇ ਕੰਮ ਵਿਚ ਮਦਦ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਕਰੀਅਰ ਮੈਡੀਕਲ ‘ਚ ਬਣਾਇਆ। ਜਸਮੀਤ ਕੌਰ ਬੈਂਸ ਨੇ ਕੋਵਿਡ ਦੌਰ ਵਿੱਚ ਕੋਵਿਡ ਦੇ ਮਰੀਜ਼ਾਂ ਦੇ ਇਲਾਜ ਲਈ ਫੀਲਡ ਹਸਪਤਾਲਾਂ ਦੀ ਸਥਾਪਨਾ ਕੀਤੀ।

Comment here