ਮੁੰਬਈ-ਮਹਾਰਾਸ਼ਟਰ ਸਰਕਾਰ ਦੇ ਮੂਹਰੇ ਵੱਡਾ ਸਿਆਸੀ ਸੰਕਟ ਹੈ, ਕਿਸੇ ਵੀ ਵੇੇਲੇ ਸਰਕਾਰ ਡਿੱਗ ਸਕਦੀ ਹੈ। ਇਸ ਸਿਆਸੀ ਸੰਕਟ ਦਰਮਿਆਨ ਜਸਪਾਲ ਭੱਟੀ ਦੇ ਦੂਰਦਰਸ਼ਨ ਸ਼ੋਅ ‘ਫੁੱਲ ਟੈਨਸ਼ਨ’ ਦੀ ਇਕ ਕਲਿੱਪ ਵਾਇਰਲ ਹੋ ਰਹੀ ਹੈ | ਇਸ ਵਿਚ ਭੱਟੀ ਇਕ ਏਜੰਟ ਦੇ ਕਿਰਦਾਰ ਵਿਚ ਹਨ, ਜਿਹੜਾ ਲੋੜੀਂਦੇ ਵਿਧਾਇਕ ਨਾ ਹੋਣ ਦੇ ਬਾਵਜੂਦ ਸਰਕਾਰ ਬਣਾਉਣ ਦੀ ਇੱਛਾ ਰੱਖਣ ਵਾਲੇ ਸਿਆਸਤਦਾਨਾਂ ਲਈ ਵਿਧਾਇਕ ਖਰੀਦਣ ਦਾ ਕੰਮ ਕਰਦਾ ਹੈ |
ਕਲਿੱਪ ਦੀ ਸ਼ੁਰੂਆਤ ਵਿਚ ਭੱਟੀ ਸਿਆਸਤਦਾਨਾਂ ਨੂੰ ਪੁੱਜਦੇ ਹਨ ਕਿ ਤੁਹਾਨੂੰ ਕਿੰਨੇ ਵਿਧਾਇਕਾਂ ਦੀ ਲੋੜ ਹੈ | ਫਿਰ ਉਹ ਆਪਣੇ ਸਹਾਇਕ ਨੂੰ ਕਹਿੰਦੇ ਹਨ ਕਿ ਉਸ ਗਾਹਕ ਦਾ ਮਾਮਲਾ ਦੇਖ, ਜਿਸ ਨੂੰ 40 ਵਿਧਾਇਕਾਂ ਦੀ ਲੋੜ ਹੈ | ਫਿਰ ਭੱਟੀ ਤੇ ਸਿਆਸਤਦਾਨ ਪ੍ਰਤੀ ਵਿਧਾਇਕ ਦੀ ‘ਕੀਮਤ’ ਬਾਰੇ ਗੱਲ ਕਰਦੇ ਹਨ | ਜਦੋਂ ਭੱਟੀ ਕਹਿੰਦੇ ਹਨ ਕਿ ਇਕ ਵਿਧਾਇਕ ਕਰੀਬ 50 ਲੱਖ ਰੁਪਏ ਦਾ ਪਵੇਗਾ ਤਾਂ ਸਿਆਸਤਦਾਨ ਡੌਰ-ਭੌਰ ਹੋ ਜਾਂਦੇ ਹਨ, ਪਰ ਫਿਰ ਵੀ ਉਹ ਸਰਕਾਰ ਬਣਾਉਣ ਲਈ ਏਨੀ ਰਕਮ ਦੇਣ ਲਈ ਤਿਆਰ ਹੋ ਜਾਂਦੇ ਹਨ | (ਪਿਛੋਕੜ ਵਿਚ ਕੰਪਨੀ ਦਾ ਬੋਰਡ ‘ਸੇਲ ਪਰਚੇਜ਼ ਆਫ ਐੱਮ ਐੱਲ ਏਜ਼’ ਲੱਗਾ ਹੈ) | ਤਾਂ ਵੀ, ਜਦੋਂ ਸਿਆਸਤਦਾਨ ਭੱਟੀ ਨੂੰ ਪੈਸੇ ਦੇਣ ਬਾਰੇ ਸੋਚ ਰਹੇ ਹੁੰਦੇ ਹਨ, ਉਨ੍ਹਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਆਪਣੇ 40 ਵਿਧਾਇਕ ਦੂਜੀ ਪਾਰਟੀ ਵਿਚ ਚਲੇ ਗਏ ਹਨ | ਫਿਰ ਦਿਖਾਇਆ ਜਾਂਦਾ ਹੈ ਕਿ ਉਨ੍ਹਾਂ 40 ਵਿਧਾਇਕਾਂ ਨੂੰ ਪਾਰਟੀ ਬਦਲਣ ਲਈ ਭੱਟੀ ਨੇ ਹੀ ਪੈਸੇ ਦਿੱਤੇ ਸੀ | ਇਹ ਵੀਡੀਓ ਉਦੋਂ ਵਾਇਰਲ ਹੋਈ ਹੈ, ਜਦੋਂ ਊਧਵ ਠਾਕਰੇ ਵਿਰੁੱਧ ਬਗਾਵਤ ਕਰਨ ਵਾਲੇ ਸੀਨੀਅਰ ਸ਼ਿਵ ਸੈਨਾ ਆਗੂ ਨੇ ਆਪਣੇ ਨਾਲ 40 ਵਿਧਾਇਕ ਹੋਣ ਦਾ ਦਾਅਵਾ ਕੀਤਾ |
ਇਕ ਯੂਜ਼ਰ ਨੇ ਕਲਿੱਪ ਸ਼ੇਅਰ ਕਰਦਿਆਂ ਕਿਹਾ ਕਿ ਜਸਪਾਲ ਭੱਟੀ ਨੇ ਇਹ 15 ਸਾਲ ਪਹਿਲਾਂ ਦਿਖਾਇਆ ਸੀ, ਉਦੋਂ ਤੋਂ ਹੁਣ ਤੱਕ ਕੁਝ ਨਹੀਂ ਬਦਲਿਆ | ਅਰੁੰੰਧਤੀ ਰਾਏ ਨੇ ਟਿੱਪਣੀ ਕੀਤੀ, ਜਸਪਾਲ ਭੱਟੀ ਦੂਰਅੰਦੇਸ਼ ਸਨ |
Comment here