ਵਿਸ਼ੇਸ਼ ਲੇਖ

ਜਲ ਸੰਕਟ ਮਨੁੱਖਤਾ ਲਈ ਸਭ ਤੋੰ ਵੱਡਾ ਸੰਕਟ

ਪਾਣੀ, ਸੰਸਾਰ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸ਼ਕਤੀ ਹੈ। ਕੁਦਰਤ ਦਾ ਅਦਭੁੱਤ ਕ੍ਰਿਸ਼ਮਾ, ਜ਼ਿੰਦਗੀ ਦੀ ਧਰੋਹਰ। ਕਦੇ ਅਸੀਂ ਜਲ ਨਾਲ ਸ਼ਰਸਾਰ ਸਾਂ। ਹੁਣ, ਦੁਨੀਆਂ ਦੀ ਕੁੱਲ ਵਸੋਂ ਦਾ 17% ਸਾਡੇ ਦੇਸ਼ ‘ਚ ਵਸਦਾ ਹੈ ਪਰ ਧਰਤੀ ਦੇ ਕੁੱਲ ਜਲ-ਸਰੋਤਾਂ ‘ਚੋਂ ਸਾਡੇ ਕੋਲ ਮਸਾਂ 4% ਹਨ। ਵਰਖਾ, ਜੋ ਪਾਣੀ ਦਾ ਮੁੱਢਲਾ ਸੋਮਾ ਹੈ, ਵਜੋਂ ਕੁਦਰਤ ਸਾਡੇ ‘ਤੇ ਬੜੀ ਦਿਆਲ ਸੀ/ਹੈ ਪਰ ਅਸੀਂ ਇਸ ਦੀ ਕਦਰ ਨਹੀਂ ਕਰਦੇ। ਜਲ ਮਾਹਿਰਾਂ ਅਨੁਸਾਰ, ਸਾਡੇ ਦੇਸ਼ ਵਿੱਚ ਹਰ ਸਾਲ ਕਰੀਬ 4000 ਅਰਬ ਘਣ ਮੀਟਰ ਮੀਂਹ ਪੈਂਦਾ ਸੀ/ਹੈ। ਭੂਗੋਲਿਕ ਅਤੇ ਬਨਸਪਤਨ ਸਥਿਤੀਆ ਅਨੁਸਾਰ ਕਿਤੇ ਬਹੁਤਾ, ਕਿਤੇ ਮੂਲੋਂ ਘੱਟ। ਪਰ ਅਸੀਂ ਸਿਰਫ 8% (320 ਅ.ਘ.ਮੀ.) ਹੀ ਸਾਂਭਦੇ-ਸਲ਼ੂਟਦੇ ਹਾਂ।

ਬੀਤੀ ਸਦੀ ਦੀ ਸ਼ੁਰੂਆਤ ‘ਚ ਪ੍ਰਤੀ ਵਿਅਕਤੀ ਜਲ ਉਪਲੱਬਧੀ 8192 ਘਣ ਮੀਟਰ ਸਾਲਾਨਾ ਸੀ, ਜਿਹੜੀ ਆਜ਼ਾਦੀ ਤੋਂ ਮਹਿਜ਼ ਅੱਧੀ ਸਦੀ ਬਾਅਦ ਹੀ ਘਟ ਕੇ 5694 ਘਣ ਮੀਟਰ ਰਹਿ ਗਈ। ਕਾਰਨ, ਆਬਾਦੀ ਵਾਧਾ ਅਤੇ ਪਾਣੀ ਦਾ ਦੁਰ-ਪ੍ਰਬੰਧ/ਦੁਰ-ਵਰਤੋਂ। ਖੁਦਗਰਜ਼ “ਤਰੱਕੀ”, ਜਲ ਸੋਮਿਆਂ ਅਤੇ ਕੁਦਰਤ ਪ੍ਰਤੀ ਅਵੇਸਲਾਪਨ। ਡਗਰ ਇਹੀ ਰਹੀ ਜਾਂ ਕੋਈ ਅਣਹੋਣੀ ਨਾ ਵਾਪਰੀ ਤਦ 2050 ਤਾਈਂ ਸਾਡੀ ਆਬਾਦੀ 158 ਕਰੋੜ ਹੋ ਜਾਵੇਗੀ। ਇੰਜ ਪ੍ਰਤੀ ਸਾਲ ਹਰ ਵਿਅਕਤੀ ਦੇ ਹਿੱਸੇ ਔਸਤਨ 1235 ਘਣ ਮੀਟਰ ਪਾਣੀ ਹੀ ਰਹਿ ਜਾਵੇਗਾ, ਜਿਹੜਾ ਤਾ-ਕਿਸਮ ਦੀਆਂ ਲੋੜਾਂ ਦੀ ਪੂਰਤੀ ਲਈ ਸੰਨ 2050 ‘ਚ ਲੋੜੀਂਦੀ ਵਿਅਕਤੀਗਤ ਲੋੜ (2500 ਘਣ ਮੀਟਰ) ਦਾ ਅੱਧ ਹੈ। ਪਹਿਲਾਂ ਹੀ ਦੇਸ਼ ਦੇ ਤਬਦੀਲੀ ਜਾਂ ਨਵਿਆਉਣਯੋਗ ਅੰਦਰੂਨੀ ਜਲ-ਸੋਮਿਆਂ ਦੀ ਜਲ-ਮਿਕਦਾਰ ਪ੍ਰਤੀ ਸਾਲ ਕਰੀਬ 1953 ਅਰਬ ਘਣ ਮੀਟਰ ਹੈ। ਜਦਕਿ ਦਿਨੋ-ਦਿਨ ਘੱਟ ਰਹੇ ਵਰਤਣਯੋਗ ਸੋਮਿਆਂ ਦੀ ਜਲ-ਮਾਤਰਾ 1086 ਅਰਬ ਘਣ ਮੀਟਰ ਹੀ ਹੈ, 690 ਅਰਬ ਘਣ ਮੀਟਰ ਸਤਿਹ/ਜ਼ਮੀਨ ਉੱਪਰਲਾਂ ਅਤੇ 396 ਅ.ਘ.ਮੀ. ਜ਼ਮੀਨਦੋਜ਼।

ਸੰਨ 50 ‘ਚ ਡੇਢ ਅਰਬ ਢਿੱਡ ਭਰਨ ਲਈ ਭਾਰਤੀ ਧਰਤੀ (ਜਲ-ਜੰਗਲ-ਜ਼ਮੀਨ ਅਤੇ ਸਮੁੰਦਰ ਤੇ ਪਹਾੜਾਂ) ‘ਤੇ ਬੇਹਤਾਸ਼ਾ ਬੋਝ ਵਧੇਗਾ। ਸਿੱਟੇ ਵਜੋਂ ਵਾਤਾਵਰਣ ਹੋਰ ਦੂਸ਼ਿਤ ਹੋਵੇਗਾ, ਵਰਖਾ ਗੜਬੜਾਏਗੀ, ਹੜ੍ਹ-ਸੋਕਾ-ਸਮੁੰਦਰੀ ਹਲਚਲਾਂ ਸਮੇਤ ਕਈ ਕਿਸਮ ਦੀਆਂ ਦੁਸ਼ਵਾਰੀਆਂ (ਜ਼ਮੀਨੀ ਖਿਸਕਾਅ ਅਤੇ ਮਹਾਂਮਾਰੀਆਂ) ਵੀ ਦਰਪੇਸ਼ ਹੋਣਗੀਆਂ। ਸਿਰਫ ਖੇਤੀ-ਸਿੰਜਾਈ ਲਈ ਹੀ ਲੋੜੀਂਦੇ 807 ਅਰਬ ਘਣ ਮੀਟਰ ਪਾਣੀ ਹਿੱਤ ਵਗਦੇ ਜਾਂ ਖੜ੍ਹੇ ਜਲ-ਸੋਮਿਆਂ (ਜਿਹੜੇ ਬੇਹੱਦ/ਤੇਜ਼ੀ ਨਾਲ ਘਟਦੇ ਜਾ ਰਹੇ ਹਨ) ਦੀ ਬੇਕਿਰਕ/ਸੰਭਾਵਿਤ ਵਰਤੋਂ ਤੋਂ ਬਿਨਾਂ ਭਾਰਤੀ ਧਰਤੀ ਵਿੱਚੋਂ ਕਰੀਬ 344 ਅਰਬ ਘਣ ਮੀਟਰ ਜਾਣੀ ਖ਼ਤਰਨਾਕ ਹੱਦ ਤੋਂ ਕਿਤੇ ਜ਼ਿਆਦਾ ਪਾਣੀ ਖਿੱਚਿਆਂ ਜਾਵੇਗਾ। ਅਰਥਾਤ ਜਲ-ਸੋਮੇ ਅਤੇ ਜਲ-ਤੱਗੀ ਤਹਿਸ਼-ਨਹਿਸ਼ ਹੋ ਜਾਵੇਗੀ। ਪੱਲੇ ਪੈ ਜਾਵੇਗਾ ਰੇਗਿਸਤਾਨ, ‘ਬਿਨ ਪਾਣੀ ਸੱਭ ਸੂਨ’। ਰਾਸ਼ਟਰੀ ਜਲ-ਸੰਸਾਧਨ ਵਿਕਾਸ ਕਮਿਸ਼ਨ (1999) ਨੇ ਖੇਤੀ-ਪਾਣੀ ਤੋਂ ਬਿਨਾਂ ਸ਼ਹਿਰੀ ਅਤੇ ਪੇਂਡੂ ਖੇਤਰ ਲਈ ਪ੍ਰਤੀ ਵਿਅਕਤੀ ਕ੍ਰਮਵਾਰ 220 ਅਤੇ 150 ਲਿਟਰ ਪਾਣੀ ਹਰ-ਦਿਨ ਦਾ ਪੈਮਾਨਾ ਨਿਰਧਾਰਤ ਕੀਤਾ ਸੀ। ਇਸ ਅਨੁਸਾਰ 2025 ਅਤੇ 2050 ਤੱਕ ਘਰੇਲੂ ਅਤੇ ਮਿਊਂਸਿਪਲ ਖਪਤ ਹਿੱਤ ਦੇਸ਼ ਦੀ ਜ਼ਰੂਰਤ ਕ੍ਰਮਵਾਰ 62 ਅਤੇ 111 ਅਰਬ ਘਣ ਮੀਟਰ (ਕੁੱਲ 173 ਅ.ਘ.ਮੀ.) ਹੋਵੇਗੀ ਜਿਸ ਹਿੱਤ 72 ਅਰਬ ਘਣ ਮੀਟਰ (26+46 ਅ.ਘ.ਮੀ.) ਜ਼ਮੀਨ ਉੱਤਲਾ ਪਾਣੀ ਅਤੇ ਬਾਕੀ ਜ਼ਮੀਨ ਹੇਠੋਂ ਕੱਢਿਆ ਜਾਵੇਗਾ। ਘੇਰਲੂ ਅਤੇ ਸਿੰਜਾਈ ਦੇ ਪਾਣੀ ਤੋਂ ਬਿਨਾਂ ਉਦਯੋਗਾਂ (ਵਸਤ-ਨਿਰਮਾਣ, ਬਿਜਲੀ, ਖਾਦਾਂ-ਦਵਾਈਆਂ ਆਦਿ) ਤੇ ਹੋਰ ਜ਼ਰੂਰੀ (ਅਤੇ ਗੈਰ-ਜ਼ਰੂਰੀ) ਕਾਰਜਾਂ/ਵਸਤਾਂ ਲਈ ਵੀ ਅਰਬਾਂ ਘਣ ਮੀਟਰ ਪਾਣੀ ਦੀ ਲੋੜ ਬਰਕਰਾਰ ਰਹਿੰਦੀ ਹੈ।

ਮੌਜੂਦਾ ਕਲ-ਕਾਰਖਾਨੇ ਜਾਂ ਯੋਜਨਾਵਾਂ ਅਨੁਸਾਰ ਜਲ ਲੋੜ ਸਾਲ 2025 ‘ਚ 282 ਅਰਬ ਘਣ ਮੀਟਰ ਹੋਵੇਗੀ, ਜੋ ਵਧਦੀ ਆਬਾਦੀ ਅਤੇ ਅਖੌਤੀ ਭੌਤਿਕ ਸਹੂਲਤਾਂ ਦੇ ਸਿੱਟੇ ਵਜੋਂ ਸੰਨ 2050 ਵਿੱਚ 428 ਅਰਬ ਘਣ ਮੀਟਰ ਹੋ ਜਾਵੇਗੀ। ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਕਰੀਬ-ਕਰੀਬ, ਇੱਕ ਲਿਟਰ ਪੈਟਰੋਲ ਸੋਧਣ ਲਈ 100 ਲਿਟਰ ਪਾਣੀ, ਇੱਕ ਕਿਲੋ ਕਾਗਜ਼ ਲਈ 150 ਲਿਟਰ ਪਾਣੀ, ਕਿਲੋ ਮਾਸ ਜਾਂ ਆਲੂ ਪੈਦਾ ਕਰਨ ਹਿੱਤ 500 ਲਿਟਰ, ਇੱਕ ਕਿੱਲੋ ਕਣਕ ਲਈ 1000 ਲਿਟਰ, ਸੇਰ ਪੱਕੇ ਦੁੱਧ ਲਈ 1500 ਲਿਟਰ (ਸਦੰਰਭ: ਪਸ਼ੂਆਂ ਦਾ ਚਾਰਾ, ਖੁਰਾਕ, ਪੀਣ ਅਤੇ ਨੁਹਾਉਣ ਆਦਿ), ਕਿੱਲੋ ਚੀਨੀ ਹਿੱਤ 2000 ਲਿਟਰ, ਇੱਕ ਕਿੱਲੋ ਚੌਲਾਂ ਲਈ ਔਸਤਨ 3000 ਲਿਟਰ, ਇੱਕ ਟਨ ਸਮਿੰਟ ਬਣਾਉਣ ਲਈ 8000 ਲਿਟਰ ਅਤੇ ਟਨ ਲੋਹਾ ਨਿਰਮਾਣ ਲਈ ਤਕਰੀਬਨ 20000 ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਹਾਂ, ਇਨ੍ਹਾਂ ਵਸਤਾਂ, ਕੁੱਝ-ਇਕ ਤੋਂ ਬਿਨਾਂ, ਜੀਵਨ ਨਿਰਬਾਹ ਸੰਭਵ ਨਹੀਂ ਪਰ ਸੰਜਮੀ ਵਰਤੋਂ ਤਾਂ ਕੀਤੀ ਜਾ ਸਕਦੀ ਹੈ। ਪਰ ਲਿਟਰ ਕੁ ਸਾਫਟ ਡਰਿੰਕ ਬਣਾਉਣ ਦੀ ਪ੍ਰਕਿਰਿਆ ਦੌਰਾਨ 80 ਲਿਟਰ ਜਲ-ਖਪਤ ਅਤੇ ਮਹਿਜ਼ ਇੱਕ ਗਲਾਸੀ ਬੀਅਰ ਜਾਂ ਵਾਈਨ ਬਦਲੇ 250 ਲਿਟਰ ਪਾਣੀ ਦੀ ਬਰਬਾਦੀ ਕਰਨੀ ਤਾਂ ਨਿਰਾ ਉੱਜਡਪੁਣਾ ਹੈ। ਪਲਾਸਟਿਕ, ਟੋਹਰੀ ਕੱਪੜੇ-ਲੱਤੇ, ਹਾਰ-ਸ਼ਿੰਗਾਰ ਅਤੇ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ (ਅਸਲ ਵਿੱਚ ਡੋਲ੍ਹੇ ਜਾਂ ਗੰਧਲਾਏ ਜਾਂਦੇ) ਲੱਖਾਂ ਘਣ ਲਿਟਰ ਪਾਣੀ ਦੀ ਗੱਲ ਕਿਤੇ ਫੇਰ ਸਹੀ। ਕਿਥੋਂ ਆਵੇਗਾ ਐਨਾ ਪਾਣੀ? ਇੱਕੋ-ਇੱਕ ਹੱਲ ਮੀਂਹ ਦੇ ਪਾਣੀ ਨੂੰ ਵੀ ਅਸੀਂ ਸਾਂਭ-ਸਲੂਟ ਨਹੀਂ ਰਹੇ। ਜਲ-ਤੱਗੀਆਂ ਦੀ ਮੁੜ-ਭਰਪਾਈ (ਰੀ-ਚਾਰਜਿੰਗ) ‘ਤੇ ਵੀ ਸਵਾਲੀਆਂ ਨਿਸ਼ਾਨ ਲੱਗ ਚੁੱਕਾ ਹੈ। ਕਾਰਨ, ਜੰਗਲ ਕਟਾਈ ਅਤੇ ਕੰਕਰੀਟ ਕਲਚਰ। ਮੀਂਹ ਦੇ ਪਾਣੀ ਦਾ ਧਰਤੀ ‘ਚ ਰਿਸਾਅ ਜਿਹੜਾ ਸੰਨ 2000 ਵਿੱਚ ਕਰੀਬ 300 ਅਰਬ ਘਣ ਮੀਟਰ ਸੀ, ਜੋ ਮੌਜੂਦਾ ਰੁਝਾਨਾਂ ਦੇ ਜਾਰੀ ਰਹਿਣ ਨਾਲ 2050 ਤੱਕ ਕਰੀਬ 200 ਅ.ਘ.ਮੀ. ਹੀ ਰਹਿ ਜਾਵੇਗਾ, ਜਿਹੜਾ ਅਸਲ ਲੋੜ 40% (1600 ਅ.ਘ.ਮੀ) ਤੋਂ ਕਿਤੇ ਘੱਟ ਹੋਵੇਗਾ। ਘਟ ਰਹੀ ਰੀ-ਚਾਰਜਿੰਗ ਕਈ ਹੋਰ ਅਲਾਮਤਾਂ ਨੂੰ ਵੀ ਜਨਮ ਦੇਵੇਗੀ ਅਤੇ ਇਸ ਤਰ੍ਹਾਂ ਜ਼ਮੀਨ ਦਾ ਗਰਕਣਾ, ਸਮੁੰਦਰੀ/ ਲੂਣੇ ਪਾਣੀਆਂ ਦਾ ਖਾਲੀ ਹੋਈਆਂ ਜਲ-ਤੱਗੀਆਂ ਵੱਲ ਵਹਾਅ, ਉਪਰੰਤ ਉਸਦੀ ਉੱਪਰ ਨੂੰ ਖਿਚਾਈ ਕੱਲਰ ਅਲਾਮਤਾਂ ਸਮੇਤ ਹੇਠਲੇ ਜਲ-ਖਲਾਅ ਧਰਤੀ ਹੇਠਲੀਆਂ ਪਲੇਟਾਂ ਦੇ ਗਰਕਣ ਅਤੇ ਭੁਚਾਲਾਂ ਦਾ ਕਾਰਨ ਬਣੇਗੀ।

ਸਾਡੇ ਦੇਸ਼ ਵਿੱਚ ਮੀਹਾਂ ਤੇ ਬਾਰਾਂਮਾਹੀ ਨਦੀਆਂ ਰਾਹੀਂ ਕਰੀਬ 4000 ਘਣ ਕਿਲੋਮੀਟਰ ਪਾਣੀ ਆਉਂਦਾ ਹੈ, ਉਪਯੋਗ ਸਿਰਫ 1250 ਹੁੰਦਾ ਹੈ, ਲੋੜ ਹਿੱਤ ਬਾਕੀ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਅੰਦਾਜ਼ਨ, ਕਰੀਬ 65% ਪਾਣੀ ਖੇਤੀ ਲਈ ਅਤੇ ਥੋੜ੍ਹੇ-ਬਹੁਤੇ ਫਰਕ ਨਾਲ 20% ਉਦਯੋਗਾਂ ਤੇ 15% ਘਰੇਲੂ ਵਰਤੋਂ ਲਈ ਹੋ ਰਿਹਾ ਹੈ। ਬੇਸ਼ੱਕ ਵੱਧ ਬਰਬਾਦੀ ਤੇ ਗੰਧਲਾਪਣ ਉਦਯੋਗ ਕਰਦੇ ਹਨ ਪਰ ਦੋ-ਤਿੰਨ ਪਰਤੀ ਹਾਈਬਰੈਡਡ ਘਣੀ-ਖੇਤੀ ਤੇ ਸਮਝਦਾਰੀ-ਰਹਿਤ ਸਿੰਜਾਈ ਨੂੰ ਦਰ-ਕਿਨਾਰ ਨਹੀਂ ਕੀਤਾ ਜਾ ਸਕਦਾ। ਸੋ ਉਦਯੋਗੀ ਧੰਨ-ਕੁਬੇਰਾਂ, ਜਿਹੜੇ ਦਿਨ-ਰਾਤ ਪਤਾਲ ‘ਚੋਂ ਮਣਾਂ-ਮੂੰਹੀ ਪਾਣੀ ਖਿੱਚ ਰਹੇ ਹਨ, ਨੂੰ ਨੱਥ ਮਾਰਨ ਸਮੇਤ ਬਹੁ-ਪਰਤੀ ਫਸਲਾਂ ਅਤੇ ਵਿਗਿਆਨਕ ਤੇ ਮਿਣਵੀਂ ਸਿੰਜਾਈ ਪ੍ਰਣਾਲੀ ਵੱਲ ਤੁਰੰਤ ਮੁੜਨਾ ਪਵੇਗਾ। ਭਾਰਤ ਵਿੱਚ ਔਸਤਨ ਸਾਲਾਨਾ ਵਰਖਾ 1200 ਮਿ.ਮੀ. ਪੈਂਦੀ ਸੀ/ਹੈ, ਖਿੱਤਾ ਵਿਸ਼ੇਸ 200 ਤੋਂ 11000 ਮੀ.ਮੀ.। ਪਰ ਇਸਦਾ 70% ਹਿੱਸਾ ਬਰਸਾਤਾਂ ਦੇ ਮਾਤਰ 100 ਕੁ ਦਿਨਾਂ ਵਿੱਚ ਹੀ ਵਰ੍ਹ ਜਾਂਦਾ ਹੈ। ਇਸਦਾ ਅੱਧਾ ਮਹਿਜ਼ 25-50 ਘੜੀਆਂ ਵਿੱਚ ਹੀ, ਜਿਸਨੂੰ ਮੋਹਲੇਧਾਰ ਮੀਂਹ ਕਿਹਾ ਜਾਂਦਾ ਹੈ। ਸਾਡੀਆਂ ਅਸਮਰੱਥਾਵਾਂ/ਨਾਲਾਇਕੀਆਂ ਕਾਰਨ ਇਹੀ ਪਾਣੀ ਸਾਨੂੰ ਰੋੜ੍ਹਦਾ, ਖੋਰਦਾ ਅਤੇ ਨੁਕਸਾਨਦਾ ਹੈ। ਹੁਣ ਖੇਤੀ ਤੇ ਹੋਰ ਸੰਭਾਵਿਤ ਲੋੜਾਂ ਲਈ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਵਰਤੋਂ ਤੇ ਇਸਨੂੰ ਧਰਤੀ ‘ਚ ਭੇਜਣਾ ਅਣ-ਸਰਦੀ ਲੋੜ ਹੈ। ਸਾਵੀਂ ਵਰਖਾ ਲਈ ਸਾਨੂੰ ਉਹ ਕਾਰਕ ਵੀ ਮੁੜ-ਸਿਰਜਣੇ ਪੈਣੇ ਹਨ, ਜਿਹੜੇ ਵਰਖਾ ਵਰ੍ਹਾਉਣ ‘ਚ ਸਹਾਈ ਹੁੰਦੇ ਹਨ ਅਤੇ ਉਹ ਕਾਰਨ ਤੱਜਣੇ ਪੈਣੇ ਹਨ ਜਿਨ੍ਹਾਂ ਕਾਰਨ ਵਰਖਾ ਗੜਬੜਾ ਜਾਂਦੀ ਹੈ।

ਦਰ-ਹਕੀਕਤ; ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ, ਬਾਕੀ ਸੱਭ ਵਗਦਾ, ਖੜੋਤਾ (ਨਦੀਆਂ, ਝੀਲਾਂ), ਜ਼ਮੀਨ ਹੇਠਲਾਂ ਪਾਣੀ ਸਾਰੇ ਹੀ ਦੋਇਮ-ਦਰਜੇ ਦੇ ਸੋਮੇ ਹਨ। ਸਮੁੱਚੀ ਧਰਤੀ ਉੱਤੇ 1358 ਲੱਖ ਘਣ ਕਿਲੋ ਮੀਟਰ ਪਾਣੀ ਹੈ। ਜੇ ਇਸਨੂੰ ਸਾਰੀ ਧਰਤੀ ‘ਤੇ ਫੈਲਾ ਦੇਈਏ ਤਦ ਔਸਤਨ 2.7 ਕਿ.ਮੀ. ਦੀ ਜਲ ਉੱਚਾਈ ਹੇਠ ਸਾਰੀ ਧਰਤੀ ਡੁੱਬ ਜਾਵੇਗੀ। ਪਰ, ਕੁੱਲ ਪਾਣੀ ਦਾ 96% (1317 ਲੱਖ ਘਣ ਕਿਲੋ ਮੀਟਰ) ਸਮੁੰਦਰਾਂ ਵਿੱਚ, ਧਰਤ ਉੱਤੇ ਅਤੇ ਧਰਤ ਹੇਠ 3% (37 ਲ.ਘ.ਕ.ਮ), ਖਲਾਅ (ਹਵਾ, ਗੈਸ, ਅਸਮਾਨ) ‘ਚ 1% (4 ਲ.ਘ.ਕ.ਮ) ਹੈ। ਸਤਿਹ ਉੱਤਲਾ ਤੇ ਜ਼ਮੀਨਦੋਜ਼ ਅਤੇ ਖਲਾਅ ਜਲ (ਕੁੱਲ 3%+1%, ਜਾਣੀ 37+4 ਲੱਖ ਘਣ ਕਿਲੋਮੀਟਰ) ਦੀ ਕੁਦਰਤਰਨ ਵੰਡ ਇਵੇਂ ਆਂਕੀ ਗਈ ਹੈ: ਠੋਸ (ਧਰੁਵ/ਗਲੇਸ਼ੀਅਰ/ਬਰਫ/ਪਹਾੜ); ਇਸ 3% ਦਾ ਅੱਧਾ (ਜਾਣੀ 1.5%) 29 ਲ.ਘ.ਕ.ਮ, ਖਲਾਅ=0.05% ਅਰਥਾਤ 4 ਲ.ਘ.ਕ.ਮ, ਥਲ ਉੁੱਤੇ ਅਤੇ ਜ਼ਮੀਨ ਹੇਠ (ਨਦੀਆਂ, ਝਰਨੇ, ਜਲ-ਕੁੰਡ, ਜਲ-ਤੱਗੀ) 1% ਅਰਥਾਤ 8 ਲੱਖ ਘਣ ਕਿਲੋ ਮੀਟਰ ਹੈ। ਇਹੀ 1% (8 ਲ.ਘ.ਕ.ਮ) ਪਾਣੀ ਸਾਡੀ ਰੋਜ਼ਮਰ੍ਹਾ (ਪੀਣ, ਘਰੇਲੂ, ਪਸ਼ੂ ਧਨ, ਸਿੰਜਾਈ ਤੇ ਉਦਯੋਗ ਆਦਿ) ਵਰਤੋਂ ਹੇਠ ਜਾਂ ਵਰਤਿਆ ਜਾ ਸਕਦਾ ਹੈ। ਸ਼ੁੱਧ ਪਾਣੀ ਦੇ ਇਹ ਜਲ-ਸੋਮੇ ਮਨੁੱਖੀ ਆਪ-ਹੁਦਰੀਆਂ ਕਾਰਨ ਮਰ-ਮੁੱਕ ਰਹੇ ਹਨ। ਇਸ ਸਮੇਂ, ਦੁਨੀਆਂ ਦਾ ਹਰ ਦਸਵਾਂ ਪਿਆਸਾ ਵਿਅਕਤੀ ਅਤੇ ਚੌਥਾਈ ਜਲ-ਸੰਕਟ ਗ੍ਰਸਤ ਖੇਤਰ ਭਾਰਤ ਦਾ ਹੈ। ਭਾਰਤ ਦੀ ਮੌਜੂਦਾ ਜਲ ਖਪਤ ਜਿਹੜੀ 750 ਅਰਬ ਘਣ ਮੀਟਰ ਹੈ, 2050 ਤੱਕ ਕਰੀਬ 1300 ਅ.ਘ.ਮੀ. ਹੋ ਜਾਵੇਗੀ। ਪੁਖਤਾ ਹੱਲ ਮੀਂਹ ਵਾਲੇ ਪਾਣੀ ਦੀ ਸਾਂਭ-ਸਲੂਟ ਤੇ ਰੀ-ਚਾਰਜਿੰਗ ਰਾਹੀਂ ਸੰਭਵ ਹੈ।

ਸ਼ੁਕਰ ਹੈ, ਕੁਦਰਤੀ ਜਲ-ਚੱਕਰ ਬਦੌਲਤ ਭਾਰਤੀ ਸਤਿਹ ਉੱਤੇ 40000 ਘਣ ਕਿ.ਮੀ. ਪਾਣੀ ਵਰਸਦਾ ਹੈ। ਅਵੇਸਲੇਪਨ ਨਾਲ ਇਸਦਾ ਦੋ-ਤਿਹਾਈ ਹਿੱਸਾ ਵਗ ਜਾਂਦਾ ਹੈ। ਹਾਲੇ ਵੀ ਕੁਦਰਤੀ ਜਲ-ਕੁੰਡਾਂ ਅਤੇ ਜ਼ਮੀਨੀ ਰਿਸਾਅ ਨਾਲ ਖੁਦ-ਬਖੁਦ 14000 ਘਣ ਕਿ.ਮੀ. ਸੰਭਾਲ ਹੋ ਜਾਂਦਾ ਹੈ। ਪਰ ਕੀ ਭਵਿੱਖ ‘ਚ ਵੀ ਐਨਾ ਕੁ ਹੁੰਦਾ ਰਹੇਗਾ, ਮੌਜੂਦਾ ਸਥਿਤਿਆਂ/ਪ੍ਰਸਥਿਤੀਆਂ ਮੁਤਾਬਿਕ ਤਾਂ ਅਸੰਭਵ ਜਾਪਦਾ ਹੈ। ਕੀ ਵਰਖਾ ਦੀ ਮੌਜੂਦਾ ਦਰ ਵੀ ਜਾਰੀ ਰਹੇਗੀ? ਇਹ ਵੀ ਅਸੰਭਵ ਜਾਪਦੀ ਹੈ। ਮਨੁੱਖ ਵਲੋਂ ਖੁਦ-ਸਿਰਜੀ ਆਲਮੀ ਤਪਸ਼ ਨੇ ਮੌਸਮ ਗੜਬੜਾ ਦਿੱਤੇ ਹਨ। ਧਰਤੀ ਦਾ ਤਾਪਮਾਨ ਡੇਢ ਡਿਗਰੀ ਵੀ ਵਧ ਜਾਵੇ, ਤਦ ਮੀਂਹ ਪੈਣ ਦੀ ਸੰਭਾਵਨਾ 10% ਘਟ ਜਾਂਦੀ ਹੈ ਅਤੇ ਜਲ-ਵਹਿਣਾਂ ਦੇ ਵਹਾਅ ਵਿੱਚ 60% ਦੀ ਕਮੀ ਆ ਜਾਂਦੀ ਹੈ। ਠੀਕ ਹੈ, ਸਾਵੇਂ ਮੀਹਾਂ ਲਈ ਸਾਵੇਂ ਵਾਤਾਵਰਣ ਅਤੇ ਭਰਪੂਰ ਜੰਗਲਾਂ ਦੀ ਲੋੜ ਹੈ ਪਰ ਜਲ-ਸੰਕਟ ਦਾ ਹਕੀਕੀ-ਹੱਲ ਲੋਕ-ਪੱਖੀ ਨਿਜ਼ਾਮ ਅਤੇ ਸਾਦੀ ਜੀਵਨ-ਜਾਚ ਨਾਲ ਵੀ ਬੱਝਾ ਹੋਇਆ ਹੈ, ਇਹੀ ਉਹ ਗੱਲ ਹੈ ਜਿਹੜੀ ਬਹੁਤਿਆਂ ਦੇ ਪੱਲੇ ਨਹੀਂ ਪੈਂਦੀ।

ਮੁਕਦੀ ਗੱਲ; ਕੁਦਰਤ, ਇੱਕ ਜਲ-ਚੱਕਰ ਦੇ ਰੂਪ ਵਿੱਚ ਸਾਨੂੰ ਪਾਣੀ ਦਿੰਦੀ ਹੈ। ਅਸੀਂ ਉਸ ਚੱਕਰ ਦਾ ਮਹੱਤਵਪੂਰਨ ਹਿੱਸਾ ਹਾਂ। ਇਸ ਚੱਕਰ ਨੂੰ ਚੱਲਦਾ ਰੱਖਣਾ ਸਾਡੀ ਜ਼ਿਮੇਵਾਰੀ ਹੈ। ਇਸ ਚੱਕਰ ਦਾ ਰੁਕ ਜਾਣਾ ਜੀਵਨ ਦਾ ਅੰਤ ਹੈ। ਪਾਣੀ 100 ਫੀਸਦੀ ਕੁਦਰਤੀ ਨਿਆਮਤ ਹੈ। ਇਹ ਬਣਾਇਆ ਨਹੀਂ ਜਾ ਸਕਦਾ। ਇਸਦੀ ਸੰਜਮੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸ਼ੁੱਧ ਰੱਖਿਆ ਜਾ ਸਕਦਾ ਹੈ, ਬਚਾਇਆ ਜਾ ਸਕਦਾ ਹੈ ਅਤੇ ਰੀ-ਚਾਰਜ ਕੀਤਾ ਜਾ ਸਕਦਾ ਹੈ।

ਵਿਜੈ ਬੰਬੇਲੀ

Comment here