ਜਲੰਧਰ-5 ਸਾਲ ਪਹਿਲਾਂ ਜਲੰਧਰ ਨੂੰ ਸਮਾਰਟ ਸਿਟੀ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਸੀ, ਉਦੋਂ ਤੋਂ ਹੀ ਸ਼ਹਿਰ ਵਾਸੀਆਂ ’ਚ ਆਸ ਜਾਗੀ ਸੀ ਕਿ ਹੁਣ ਉਨ੍ਹਾਂ ਨੂੰ ਨਵੇਂ-ਨਵੇਂ ਪ੍ਰਾਜੈਕਟ ਮਿਲਣਗੇ ਅਤੇ ਉਨ੍ਹਾਂ ਦੇ ਜੀਵਨ ਪੱਧਰ ’ਚ ਸੁਧਾਰ ਆਵੇਗਾ। ਇਨ੍ਹਾਂ 5 ਸਾਲਾਂ ਦੌਰਾਨ ਸਮਾਰਟ ਸਿਟੀ ਜਲੰਧਰ ਕੰਪਨੀ ਦੀ ਕਾਰਗੁਜ਼ਾਰੀ ਲੋਕਾਂ ਦੀ ਆਸ ਦੇ ਬਿਲਕੁਲ ਉਲਟ ਰਹੀ। ਹੁਣ ਤੱਕ ਸਮਾਰਟ ਸਿਟੀ ਦੇ ਜਿਹੜੇ ਵੀ ਪ੍ਰਾਜੈਕਟ ਸਿਰੇ ਚੜ੍ਹੇ ਹਨ, ਆਮ ਲੋਕਾਂ ਨੂੰ ਉਨ੍ਹਾਂ ਦਾ ਕੋਈ ਲਾਭ ਨਹੀਂ ਮਿਲਿਆ, ਸਗੋਂ ਜਿਹੜੇ ਪ੍ਰਾਜੈਕਟ ਚੱਲ ਵੀ ਰਹੇ ਹਨ, ਉਨ੍ਹਾਂ ਨੂੰ ਵੀ ਲੈ ਕੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਝੱਲਣੀਆਂ ਪੈ ਰਹੀਆਂ ਹਨ। ਹਾਲਾਤ ਇਹ ਹਨ ਕਿ ਜਿਹੜਾ ਜਲੰਧਰ ਸ਼ਹਿਰ ਇਨ੍ਹਾਂ 5 ਸਾਲਾਂ ਵਿਚ ਸਮਾਰਟ ਬਣ ਜਾਣਾ ਚਾਹੀਦਾ ਸੀ, ਉਹ ਅੱਜ ਪੰਜਾਬ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਕੇ ਰਹਿ ਗਿਆ ਹੈ।
ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਨੇ ਪਿਛਲੇ ਕੁਝ ਸਾਲਾਂ ਤੋਂ ਸਟਾਰਮ ਵਾਟਰ ਸੀਵਰ, ਸਰਫੇਸ ਵਾਟਰ ਪ੍ਰਾਜੈਕਟ ਅਤੇ ਸਮਾਰਟ ਰੋਡ ਪ੍ਰਾਜੈਕਟ ਦੇ ਨਾਂ ’ਤੇ ਸ਼ਹਿਰ ਦੀਆਂ ਸਾਰੀਆਂ ਸੜਕਾਂ ਨੂੰ ਪੁੱਟਿਆ ਹੋਇਆ ਹੈ। ਵਧੇਰੇ ਸੜਕਾਂ ਨੂੰ ਦੁਬਾਰਾ ਬਣਾਇਆ ਨਹੀਂ ਗਿਆ ਅਤੇ ਜਿਥੇ ਲੁੱਕ-ਬੱਜਰੀ ਪਾਈ ਵੀ ਗਈ ਹੈ, ਉਥੇ ਵੀ ਬਹੁਤ ਘਟੀਆ ਪੱਧਰ ਦਾ ਕੰਮ ਕੀਤਾ ਗਿਆ ਹੈ। ਅੱਜ ਮਕਸੂਦਾਂ ਤੋਂ ਲੈ ਕੇ ਪੁਰਾਣੀ ਸਬਜ਼ੀ ਮੰਡੀ ਚੌਕ ਤੱਕ ਦਾ ਕਈ ਕਿਲੋਮੀਟਰ ਦਾ ਇਲਾਕਾ ਲੋਕਾਂ ਦੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਵਰਕਸ਼ਾਪ ਚੌਕ ਤੋਂ ਕਪੂਰਥਲਾ ਚੌਕ ਅਤੇ ਕਪੂਰਥਲਾ ਚੌਕ ਤੋਂ ਬਸਤੀ ਬਾਵਾ ਖੇਲ ਦੇ ਨਾਲ-ਨਾਲ 120 ਫੁੱਟੀ ਰੋਡ ਦਾ ਵੀ ਬੁਰਾ ਹਾਲ ਹੈ। ਇਨ੍ਹਾਂ ਸੜਕਾਂ ਤੋਂ ਉੱਡਦੀ ਧੂੜ-ਮਿੱਟੀ ਨੇ ਅੱਧੇ ਸ਼ਹਿਰ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਠੇਕੇਦਾਰਾਂ ਨਾਲ ਸੈਟਿੰਗ ਕਰੀ ਬੈਠੇ ਸਮਾਰਟ ਸਿਟੀ ਦੇ ਅਧਿਕਾਰੀਆਂ ਨੂੰ ਲੋਕਾਂ ਦੀ ਕੋਈ ਪ੍ਰਵਾਹ ਨਹੀਂ ਹੈ, ਜਿਹੜੇ ਇਨ੍ਹਾਂ ਸੜਕਾਂ ਤੋਂ ਉੱਡਦੀ ਧੂੜ-ਮਿੱਟੀ ਕਾਰਨ ਬੀਮਾਰ ਹੋ ਰਹੇ ਹਨ।
ਬਾਇਓ-ਮਾਈਨਿੰਗ ਅਤੇ ਸੁਭਾਨਾ ਅੰਡਰਬ੍ਰਿਜ ਦਾ ਕੰਮ ਸ਼ੁਰੂ
ਸਮਾਰਟ ਸਿਟੀ ਦੇ ਪੈਸਿਆਂ ਨਾਲ ਵਰਿਆਣਾ ਡੰਪ ’ਤੇ ਲੱਗਣ ਜਾ ਰਹੇ ਬਾਇਓ-ਮਾਈਨਿੰਗ ਪਲਾਂਟ ਅਤੇ ਸੁਭਾਨਾ ਰੇਲਵੇ ਫਾਟਕ ਦੇ ਹੇਠਾਂ ਬਣਨ ਜਾ ਰਹੇ ਅੰਡਰਬ੍ਰਿਜ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਜਾਣਕਾਰੀ ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਦਿੱਤੀ ਅਤੇ ਦੱਸਿਆ ਕਿ ਵਰਿਆਣਾ ਡੰਪ ’ਤੇ ਕੰਪਨੀ ਨੇ ਸਿਵਲ ਵਰਕ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਜਲਦ ਉਥੇ ਮਸ਼ੀਨਰੀ ਆਦਿ ਫਿੱਟ ਕਰ ਕੇ ਪਲਾਂਟ ਨੂੰ ਚਾਲੂ ਕਰ ਦਿੱਤਾ ਜਾਵੇਗਾ। ਫਿਲਹਾਲ ਉਥੇ ਮਿੱਟੀ ਦੀ ਟੈਸਟਿੰਗ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੁਭਾਨਾ ਪਿੰਡ ਵਿਚ ਵੀ ਅੰਡਰਬ੍ਰਿਜ ਦਾ ਨਿਰਮਾਣ ਕੰਮ ਸ਼ੁਰੂ ਹੋ ਗਿਆ ਹੈ ਅਤੇ ਉਥੇ ਸੰਪਰਕ ਸੜਕਾਂ ਵੀ ਬਣਾਈਆਂ ਜਾਣਗੀਆਂ।
ਕਮਾਂਡ ਸੈਂਟਰ ਅਤੇ ਸਪੋਰਟਸ ਹੱਬ ਦੇ ਕੰਮ ਵੀ ਲਗਭਗ ਕਲੀਅਰ
ਸਮਾਰਟ ਸਿਟੀ ਦੇ ਸੀ. ਈ. ਓ. ਕਰਣੇਸ਼ ਸ਼ਰਮਾ ਨੇ ਦੱਸਿਆ ਕਿ ਬਰਲਟਨ ਪਾਰਕ ਵਿਚ ਬਣਨ ਜਾ ਰਹੇ ਸਪੋਰਟਸ ਹੱਬ ਨੂੰ ਵੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਜਲਦ ਸਾਈਟ ’ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਸਪੋਰਟਸ ਹੱਬ ਦੇ ਨਿਰਮਾਣ ਦਾ ਕੰਮ ਲਗਭਗ 90 ਕਰੋੜ ਦੀ ਲਾਗਤ ਨਾਲ ਹੋਣ ਜਾ ਰਿਹਾ ਹੈ, ਜਦੋਂ ਕਿ ਕੰਟਰੋਲ ਐਂਡ ਕਮਾਂਡ ਸੈਂਟਰ ਪ੍ਰਾਜੈਕਟ ਤਹਿਤ ਸ਼ਹਿਰ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਸੀ. ਸੀ. ਟੀ. ਵੀ. ਕੈਮਰੇ ਲਾ ਕੇ ਆਵਾਜਾਈ ਤੇ ਕਾਨੂੰਨ ਵਿਵਸਥਾ ਦੀ ਹਾਲਤ ਸੁਧਾਰਨ ਦੀ ਯੋਜਨਾ ਹੈ।
ਸੁਧਰਨ ਲੱਗੀ ਸਮਾਰਟ ਸਿਟੀ ਕੰਪਨੀ ਦੀ ਰੈਂਕਿੰਗ
ਕਰਣੇਸ਼ ਸ਼ਰਮਾ ਨੇ ਦੱਸਿਆ ਕਿ ਸਮਾਰਟ ਸਿਟੀ ਦੇ ਕਈ ਪ੍ਰਾਜੈਕਟ ਪਿਛਲੇ ਸਮੇਂ ਦੌਰਾਨ ਹੌਲੀ ਪ੍ਰਕਿਰਿਆ ਤਹਿਤ ਚੱਲੇ, ਜਿਸ ਕਾਰਨ ਜਲੰਧਰ ਸਮਾਰਟ ਸਿਟੀ ਦੀ ਰੈਂਕਿੰਗ 79 ਤੱਕ ਪਹੁੰਚ ਗਈ ਸੀ ਪਰ ਹੁਣ ਕਈ ਕੰਮ ਸ਼ੁਰੂ ਹੋ ਜਾਣ ਕਾਰਨ ਇਹ ਰੈਂਕਿੰਗ ਸੁਧਰ ਕੇ 66 ਤੱਕ ਪਹੁੰਚ ਗਈ ਹੈ। ਕੰਟਰੋਲ ਐਂਡ ਕਮਾਂਡ ਸੈਂਟਰ ਅਤੇ ਸਪੋਰਟਸ ਹੱਬ ਪ੍ਰਾਜੈਕਟ ਸ਼ੁਰੂ ਹੋ ਜਾਣ ਤੋਂ ਬਾਅਦ ਇਹ ਰੈਂਕਿੰਗ 50 ਤੋਂ ਹੇਠਾਂ ਆ ਜਾਣ ਦੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਹੈ।
Comment here