ਲਹੌਰ/ਜਲੰਧਰ-ਪਾਕਿਸਤਾਨ ਦੇ ਲਾਹੌਰ ਦੀ ਰਹਿਣ ਵਾਲੀ ਕੁੜੀ ਸਮਾਇਲਾ ਆਪਣੇ ਪ੍ਰੇਮੀ ਨਾਲ ਵਿਆਹ ਕਰਵਾਉਣ ਲਈ ਵਾਘਾ ਬਾਰਡਰ ਪਾਰ ਕਰਕੇ ਭਾਰਤ ਪਹੁੰਚ ਗਈ। ਇਸ ਖ਼ਾਸ ਮੌਕੇ ’ਤੇ ਕੁੜੀ ਦੇ ਮਾਤਾ-ਪਿਤਾ ਵੀ ਉਸ ਦੇ ਨਾਲ ਆਏ ਹਨ। ਅੰਮ੍ਰਿਤਸਰ ਪਹੁੰਚਣ ’ਤੇ ਕੁੜੀ ਸਮਾਇਲਾ ਨੇ ਕਿਹਾ ਕਿ ਵਿਆਹ ਲਈ ਮਾਤਾ-ਪਿਤਾ ਸਮੇਤ ਵੀਜਾ ਜਾਰੀ ਕਰਨ ਲਈ ਉਹ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਵਾਸੀ ਕਮਲ ਕਲਿਆਣ ਦੇ ਦਾਦਾ ਜੀ ਪਾਕਿਸਤਾਨ ਵਿਚ ਰਹਿੰਦੇ ਸੀ। ਉੱਥੇ ਦੋਵਾਂ ਪਰਿਵਾਰਾਂ ਦਾ ਮੇਲਜੇਲ ਹੋ ਗਿਆ। ਇਸ ਦੇ ਬਾਅਦ ਉਨ੍ਹਾਂ ਦਾ ਪਰਿਵਾਰ ਭਾਰਤ ਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ੋਸਲ ਮੀਡੀਆ ਰਾਹੀਂ ਤਿੰਨ ਸਾਲ ਪਹਿਲਾ ਸਮਾਇਲਾ ਅਤੇ ਕਮਲ ਦੀ ਗੱਲਬਾਤ ਹੋਈ ਸੀ, ਜਿਸ ਕਾਰਨ ਦੋਵਾਂ ’ਚ ਪਿਆਰ ਹੋ ਗਿਆ। ਇਸ ਦੇ ਬਾਅਦ ਉਨ੍ਹਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕਰ ਲਿਆ।
ਉਸ ਨੇ ਦੱਸਿਆ ਕਿ ਸਾਡੇ ਪਿਆਰ ’ਚ ਸਰਹੱਦਾਂ ਰੁਕਾਵਟ ਨਾ ਬਣਨ, ਇਸ ਲਈ ਉਸ ਨੇ ਇੰਟਰਨੈੱਟ ’ਤੇ ਅਜਿਹੇ ਲੋਕਾਂ ਦੀਆਂ ਕਹਾਣੀਆਂ ਦੀ ਭਾਲ ਕੀਤੀ, ਜਿਨ੍ਹਾਂ ਨੇ ਇਸ ਤਰ੍ਹਾਂ ਵਿਆਹ ਕੀਤਾ ਹੋਵੇ। ਉਨ੍ਹਾਂ ਨੂੰ ਕਾਦੀਆਂ ਦੇ ਇਕ ਵਿਅਕਤੀ ਮਕਬੂਲ ਅਹਿਮਦ ਦੀ ਕਹਾਣੀ ਪਤਾ ਚੱਲੀ। ਮਕਬੂਲ ਦਾ ਵਿਆਹ ਪਾਕਿਸਤਾਨ ਵਿਚ ਹੋਇਆ ਸੀ। ਇਸ ਦੇ ਬਾਅਦ ਉਨ੍ਹਾਂ ਨੇ ਮਕਬੂਲ ਨਾਲ ਸੰਪਰਕ ਕੀਤਾ। ਮਕਬੂਲ ਨੇ ਉਨ੍ਹਾਂ ਨੂੰ ਵਿਆਹ ਨਾਲ ਜੁੜੇ ਜ਼ਰੂਰੀ ਦਸਤਾਵੇਜ਼ ਅਤੇ ਆਵੇਦਨ ਦੀ ਪ੍ਰਕਿਰਿਆ ਦੱਸੀ। ਮਕਬੂਲ ਨੇ ਇਸ ਤੋਂ ਪਹਿਲਾਂ ਸਿਆਲਕੋਟ ਦੀ ਕਿਰਨ-ਸੁਰਜੀਤ, ਕਰਾਚੀ ਦੀ ਸੁਮਨ, ਚਿਨੋਟ ਦੀ ਸਫੂਰਾ ਅਤੇ ਭਾਰਤ ਦੀ ਇਕਰਾ ਦਾ ਵਿਆਹ ਕਰਵਾਉਣ ਵਿਚ ਮਦਦ ਕੀਤੀ ਸੀ। ਸਮਾਇਲਾ ਨੇ ਦੱਸਿਆ ਕਿ ਕੋਰੋਨਾ ਤੋਂ ਪਹਿਲਾ ਵੀ ਉਨ੍ਹਾਂ ਨੇ ਵੀਜੇ ਲਈ ਅਪਲਾਈ ਕੀਤਾ ਸੀ, ਜੋ ਰੱਦ ਹੋ ਗਿਆ। ਦੱਸ ਦੇਈਏ ਕਿ ਆਪਣੇ ਵਿਆਹ ਦਾ ਬਹੁਤ ਸਾਰਾ ਸਾਮਾਨ ਪਾਕਿਸਤਾਨ ਤੋਂ ਲਿਆਉਣ ਕਾਰਨ ਸਮਾਇਲਾ ਨੂੰ ਵੀ ਵਾਘਾ ਬਾਰਡਰ ’ਤੇ ਮੋਟੀ ਰਕਮ ਚੁਕਾਉਣੀ ਪਈ ਹੈ।
ਕਮਲ ਕਲਿਆਣ ਨੇ ਕਿਹਾ ਕਿ ਉਹ ਬਹੁਤ ਖੁਸ਼ ਹੈ ਕਿ ਉਨ੍ਹਾਂ ਦੀ ਮੰਗੇਤਰ ਅੱਜ ਭਾਰਤ ਪਹੁੰਚ ਗਈ ਹੈ। ਵਿਆਹ ਦੀਆਂ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਹਨ। ਮਹਿੰਦੀ ਦਾ ਸਮਾਗਮ 9 ਜੁਲਾਈ ਨੂੰ ਹੋਵੇਗਾ ਅਤੇ ਵਿਆਹ 10 ਜੁਲਾਈ ਦੀ ਦੁਪਹਿਰ ਜਲੰਧਰ ਵਿਚ ਹੋਣ ਜਾ ਰਿਹਾ ਹੈ।
Comment here