ਜਲੰਧਰ- ਇੱਥੇ ਲਕਸ਼ਮੀਪੁਰਾ ਦੇ ਰਹਿਣ ਵਾਲੇ 33 ਸਾਲਾ ਵਿਅਕਤੀ ਦੀ ਕੋਰੋਨਾ ਦੇ ਸ਼ੱਕੀ ਕਾਰਨ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਕਰੀਬ 3 ਦਿਨ ਪਹਿਲਾਂ ਉਸ ਦੀ ਸਿਹਤ ਵਿਗੜਨ ਤੋਂ ਬਾਅਦ ਡਾਕਟਰ ਮਨੀਸ਼ ਖੁਰਾਣਾ ਵੱਲੋਂ ਉਸ ਦਾ ਚੈਕਅੱਪ ਕਰਵਾਇਆ ਗਿਆ ਸੀ। ਜਿੱਥੇ ਉਸ ਨੇ ਜਾਂਚ ਵਿਚ ਸਵਾਈਨ ਫਲੂ ਤੇ ਕੋਰੋਨਾ ਹੋਣ ਦੀ ਸੰਭਾਵਨਾ ਜਤਾਈ ਸੀ। ਉਸ ਨੇ ਉਸ ਨੂੰ ਹਸਪਤਾਲ ਵਿਚ ਭਰਤੀ ਹੋਣ ਦੀ ਸਲਾਹ ਦਿੱਤੀ ਸੀ। ਮਰੀਜ਼ ਨੂੰ ਸ਼੍ਰੀਮਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਆਰ.ਟੀ.ਪੀ.ਸੀ.ਆਰ ਟੈਸਟ ‘ਚ ਉਸ ਨੂੰ ਕੋਰੋਨਾ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਉਹ ਜਿਮ ਜਾਂਦਾ ਸੀ ਤੇ ਆਪਣੇ-ਆਪ ਨੂੰ ਕਾਫੀ ਫਿੱਟ ਰੱਖਦਾ ਸੀ। ਉਹ ਆਪਣੇ ਪਿੱਛੇ ਧੀ ਤੇ ਪਤਨੀ ਛੱਡ ਗਿਆ ਹੈ। ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕੋਈ ਸੂਚਨਾ ਨਹੀਂ ਮਿਲੀ ਹੈ, ਫਿਰ ਵੀ ਉਹ ਟੀਮ ਨੂੰ ਸਬੰਧਤ ਇਲਾਕੇ ਵਿੱਚ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕਰਨ ਲਈ ਕਹਿਣਗੇ।
ਦੱਸ ਦੇਈਏ ਕਿ ਜਲੰਧਰ ‘ਚ ਇਕ ਵਾਰ ਫਿਰ ਤੋਂ ਕਰੋਨਾ ਫੈਲ ਰਿਹਾ ਹੈ। ਮੰਗਲਵਾਰ ਨੂੰ 24 ਘੰਟਿਆਂ ‘ਚ ਕੋਰੋਨਾ ਦੇ 84 ਨਵੇਂ ਮਾਮਲੇ ਰਿਪੋਰਟ ਹੋਏ ਹਨ। ਇਨ੍ਹਾਂ ਮਾਮਲਿਆਂ ‘ਚ 11 ਪਰਿਵਾਰਾਂ ਦੇ ਸਿਰਫ਼ 25 ਮੈਂਬਰ ਹਨ। ਇੱਕ ਸਾਲ ਦੇ ਬੱਚੇ ਸਮੇਤ ਕੁੱਲ ਅੱਠ ਬੱਚੇ ਸੰਕਰਮਿਤ ਹੋਏ। ਇਕ ਹੋਰ ਡਾਕਟਰ ਨੂੰ ਇਨਪੈਕਸ਼ਨ ਹੋਈ। ਪਿਛਲੇ ਤਿੰਨ ਦਿਨਾਂ ਤੋਂ ਇਹ ਕੇਸ 50 ਤੋਂ ਘੱਟ ਆ ਰਹੇ ਸਨ ਪਰ ਮੰਗਲਵਾਰ ਨੂੰ ਜਦੋਂ ਇਹ ਅੰਕੜਾ ਅਚਾਨਕ ਵਧ ਗਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੀ ਹਰਕਤ ਵਿੱਚ ਆ ਗਿਆ। ਇਸ ਦੇ ਨਾਲ ਹੀ ਪਿਛਲੇ ਚਾਰ ਦਿਨਾਂ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਸ਼ਹਿਰ ਵਿੱਚ 11 ਮਾਈਕ੍ਰੋ-ਕੰਟੇਨਮੈਂਟ ਅਤੇ ਕੰਟੇਨਮੈਂਟ ਜ਼ੋਨ ਬਣਾਏ ਗਏ ਹਨ। ਸਰਗਰਮ ਮਰੀਜ਼ਾਂ ਦੀ ਗਿਣਤੀ 240 ਤਕ ਪਹੁੰਚ ਗਈ ਹੈ। ਜੇਕਰ ਤੁਸੀਂ ਅਜੇ ਵੀ ਲਾਪਰਵਾਹੀ ਨਹੀਂ ਛੱਡੀ ਤਾਂ ਕੋਰੋਨਾ ਦੇ ਮਾਮਲੇ ਫਿਰ ਵਧਣਗੇ।
Comment here