ਜਲੰਧਰ- ਵਿਧਾਨ ਸਭਾ ਚੋਣਾਂ ਜਿੱਤਣ ਲਈ ਹਰ ਪਾਰਟੀ ਕੋਈ ਨਾ ਕੋਈ ਹੱਥ ਕੰਡੇ ਅਪਣਾ ਰਹੀ ਹੈ। ਇਸੇ ਚੀਜ਼ ਦੇ ਚੱਲਦੇ ਹੀ ਜਲੰਧਰ ਵਿਚ ‘ਸਾਡਾ ਚੰਨੀ’ ਦੇ ਟਰੈਕ ਸੂਟਾਂ ਨਾਲ ਭਰੇ ਹੋਏ ਦੋ ਟਰੱਕ ਜ਼ਬਤ ਕੀਤੇ ਗਏ ਹਨ। ਇਸ ਨੂੰ ਲੈ ਕੇ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਬਸਪਾ ਅਤੇ ਭਾਜਪਾ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨਕਾਰੀਆਂ ਦਾ ਇਲਜ਼ਾਮ ਹੈ ਕਿ ਚੋਣਾਂ ਵਿੱਚ ਇਨ੍ਹਾਂ ਟਰੈਕ ਸੂਟਾਂ ਨੂੰ ਵੰਡਣਾ ਸੀ। ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਦੀ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਇਸ ਜਗ੍ਹਾ ‘ਤੇ 6 ਟਰੱਕ ਮੌਜੂਦ ਸਨ, ਜਿਨ੍ਹਾਂ ਵਿੱਚੋਂ ਚਾਰ ਟਰੱਕਾਂ ਦਾ ਸਾਮਾਨ ਸੁਸ਼ੀਲ ਰਿੰਕੂ ਅਤੇ ਪਰਗਟ ਸਿੰਘ ਨੇ ਆਪਣੇ ਹਲਕਿਆਂ ਵਿੱਚ ਵੰਡ ਦਿੱਤਾ। ਜਦੋਂ ਬਾਕੀ ਬਚੇ ਦੋ ਟਰੱਕਾਂ ਵਿੱਚੋਂ ਸਾਮਾਨ ਅਣਲੋਡ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਮਿਲੀ, ਅਸੀਂ ਹਲਕਾ ਕੈਂਟ ਤੋਂ ਉਮੀਦਵਾਰ ਸੁਰਿੰਦਰ ਸੋਢੀ ਆਪਣੇ ਸਮਰਥਕਾਂ ਨਾਲ ਇਥੇ ਪਹੁੰਚੇ ਅਤੇ ਦੋ ਟਰੱਕ ਜ਼ਬਤ ਕੀਤੇ ਪਰ ਸੁਸ਼ੀਲ ਰਿੰਕੂ ਦਾ ਪੀਏ ਬੱਬੀ ਅਤੇ ਉਸ ਦਾ ਡਰਾਈਵਰ ਸਕਾਰਪੀਓ ਗੱਡੀ ਵਿੱਚ ਫ਼ਰਾਰ ਹੋ ਗਿਆ। ਮਹੌਲ ਭੱਖਣ ਨਾਲ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਅਤੇ ਭਾਜਪਾ ਦੇ ਸਮਰੱਥਕ ਵੀ ਇਥੇ ਪਹੁੰਚ ਗਏ। ਸਾਰੇ ਪ੍ਰਦਰਸ਼ਨਕਾਰੀ ਮੰਗ ਕਰ ਰਹੇ ਹਨ ਕਿ ਚੋਣਾਂ ਦੇ ਵਿੱਚ ਜਦੋਂ ਕੋਈ ਸਰਕਾਰ ਦਾ ਰੋਲ ਨਹੀਂ ਹੈ ਤਾਂ ਇਹ ਟਰੈਕ ਸੂਟ ਵੰਡਣ ਦਾ ਕੀ ਮਕਸਦ ਹੈ ? ਪ੍ਰਦਰਸ਼ਨਕਾਰੀਆਂ ਨੇ ਸੁਸ਼ੀਲ ਰਿੰਕੂ ਅਤੇ ਪਰਗਟ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਜਲੰਧਰ ‘ਚ ‘ਸਾਡਾ ਚੰਨੀ’ ਲੋਗੋ ਵਾਲੇ ਟਰੈਕ ਸੂਟਾਂ ਦੇ ਦੋ ਟਰੱਕ ਜ਼ਬਤ

Comment here