ਸਿਆਸਤਖਬਰਾਂ

ਜਲਿਆਂਵਾਲਾ ਬਾਗ਼ ਦੇ ਮੂਲ ਰੂਪ ਦੀ ਬਹਾਲੀ ਲਈ ਕਨਵੈਨਸ਼ਨ 16 ਨੂੰ

ਚੰਡੀਗੜ-ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਲਿਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਦਾ ਮੂਲ ਮੁਹਾਂਦਰਾ ਬਦਲੇ ਜਾਣ ਖਿਲਾਫ਼ ਲੰਮੇ ਅਰਸੇ ਤੋਂ ਉਠਾਈ ਜਾ ਰਹੀ ਲੋਕ-ਆਵਾਜ਼ ਨੂੰ ਅਣਸੁਣੀ ਕੀਤੇ ਜਾਣ ਖਿਲਾਫ਼ 16 ਨਵੰਬਰ ਨੂੰ ਪੀਪਲ ਕਨਵੈਨਸ਼ਨ ਸੈਂਟਰ (ਇਸਕਾਨ ਮੰਦਰ ਦੇ ਪਿੱਛੇ), 36-ਬੀ ਸੈਕਟਰ, ਚੰਡੀਗੜ੍ਹ ਵਿਖੇ ਕਨਵੈਨਸ਼ਨ ਕੀਤੀ ਜਾਵੇਗੀ। ਇਹ ਕਨਵੈਨਸ਼ਨ 16 ਨਵੰਬਰ ਦੇ ਉਸ ਇਤਿਹਾਸਕ ਦਿਹਾੜੇ ‘ਤੇ ਕੀਤੀ ਜਾ ਰਹੀ ਹੈ, ਜਿਸ ਦਿਨ ਗ਼ਦਰ ਪਾਰਟੀ ਦੇ ਚਮਕਦੇ ਸਿਤਾਰੇ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਸੁਰੈਣ ਸਿੰਘ ਵੱਡਾ, ਸੁਰੈਣ ਸਿੰਘ ਛੋਟਾ ਗਿੱਲਵਾਲੀ, ਜਗਤ ਸਿੰਘ ਸੁਰਸਿੰਘ ਅਤੇ ਬਖਸ਼ੀਸ਼ ਸਿੰਘ ਗਿੱਲਵਾਲੀ ਨੂੰ ਲਾਹੌਰ ਕੇਂਦਰੀ ਜੇਲ੍ਹ ਵਿੱਚ ਫਾਂਸੀ ਲਗਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਦਿਨ ਕਨਵੈਨਸ਼ਨ ਉਪਰੰਤ ਦੇਸ਼ ਭਗਤ ਯਾਦਗਾਰ ਕਮੇਟੀ ਦੀ ਅਗਵਾਈ ‘ਚ ਸਹਿਯੋਗੀ ਜੱਥੇਬੰਦੀਆਂ ਦੇ ਸਾਥ ਨਾਲ ਮਾਰਚ ਕਰਕੇ ਗਵਰਨਰ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਜਾਵੇਗੀ ਕਿ ਜਲਿਆਂਵਾਲਾ ਬਾਗ਼ ਦੀ ਦਾਖਲਾ ਗਲੀ, ਗੋਲੀਆਂ ਦੇ ਨਿਸ਼ਾਨ, ਫਾਇਰਿੰਗ ਸਥਾਨ, ਯਾਦਗਾਰੀ ਲਾਟ ਅੱਗੇ ਤਲਾਅ, ਸ਼ਹੀਦੀ ਖੂਹ, ਇਤਿਹਾਸਕ ਟੂਕਾਂ ਅਤੇ ਲਾਈਟ ਸਾਊਂਡ ਵਿੱਚ ਜੋ ਇਤਿਹਾਸਕ ਤੱਥਾਂ ਨੂੰ ਅੱਖੋਂ-ਪਰੋਖੇ ਕਰਕੇ ਤਬਦੀਲੀਆਂ ਕੀਤੀਆਂ ਗਈਆਂ ਹਨ, ਉਹਨਾਂ ਨੂੰ ਬਦਲ ਕੇ, ਇਤਿਹਾਸਕ ਸਥਾਨ ਦਾ ਮੂਲ ਸਰੂਪ ਬਹਾਲ ਕੀਤਾ ਜਾਏ। ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਭਨਾਂ ਜਨਤਕ ਜਮਹੂਰੀ ਸੰਸਥਾਵਾਂ/ਵਿਅਕਤੀਆਂ ਨੂੰ ਕਨਵੈਨਸ਼ਨ ‘ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।

Comment here