ਦੁਨੀਆਵਿਸ਼ੇਸ਼ ਲੇਖ

ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਪ੍ਰਤੀ ਫਿਕਰਮੰਦੀ

ਵਿਸ਼ਵ ਪੱਧਰ ਤੇ ਵਾਤਾਵਰਨ ਦੀ ਤਬਦੀਲੀ ਉਤੇ ਫਿਕਰਮੰਦੀ ਭਰੀ ਚਰਚਾ ਹੁੰਦੀ ਰਹਿੰਦੀ ਹੈ। ‘ਦ ਲੈਨਸੈੱਟ ਅਤੇ ਨੈਸ਼ਨਲ ਮੈਡੀਕਲ ਜਰਨਲ ਆਫ ਇੰਡੀਆ ਸਮੇਤ 220 ਤੋਂ ਵੱਧ ਮਸ਼ਹੂਰ ਰਸਾਲਿਆਂ ਵਿੱਚ ਪ੍ਰਕਾਸ਼ਿਤ ਇੱਕ ਸੰਪਾਦਕੀ ਵਿੱਚ ਕਿਹਾ ਗਿਆ ਹੈ ਕਿ ਵਿਸ਼ਵ ਨੇਤਾਵਾਂ ਨੂੰ ਜਲਵਾਯੂ ਤਬਦੀਲੀ ਦੇ ਪ੍ਰਭਾਵਾਂ ਨੂੰ ਸੀਮਤ ਕਰਨ, ਜੈਵ ਵਿਭਿੰਨਤਾ ਨੂੰ ਬਹਾਲ ਕਰਨ ਅਤੇ ਸਿਹਤ ਦੀ ਰੱਖਿਆ ਕਰਨ ਲਈ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਹ ਸੰਪਾਦਕੀ ਸੰਯੁਕਤ ਰਾਸ਼ਟਰ ਮਹਾਂਸਭਾ ਦੀ ਮੀਟਿੰਗ ਤੋਂ ਪਹਿਲਾਂ ਪ੍ਰਕਾਸ਼ਿਤ ਕੀਤੀ ਗਈ ਸੀ। ਇਹ ਨਵੰਬਰ ਵਿੱਚ ਯੂਕੇ ਦੇ ਗਲਾਸਗੋ ਵਿੱਚ ਹੋਣ ਵਾਲੀ ਸੀਓਪੀ 26 ਜਲਵਾਯੂ ਕਾਨਫਰੰਸ ਤੋਂ ਪਹਿਲਾਂ ਆਖਰੀ ਅੰਤਰਰਾਸ਼ਟਰੀ ਮੀਟਿੰਗਾਂ ਵਿੱਚੋਂ ਇੱਕ ਹੈ। ਸੰਪਾਦਕੀ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਭਵਿੱਖ ਵਿੱਚ ਵਿਸ਼ਵ ਵਿਆਪੀ ਜਨਤਕ ਸਿਹਤ ਲਈ ਬਹੁਤ ਵੱਡਾ ਖਤਰਾ ਹੈ, ਵਿਸ਼ਵ ਨੇਤਾਵਾਂ ਦੀ ਧਰਤੀ ਦੇ ਤਾਪਮਾਨ ਨੂੰ 1.5 ਡਿਗਰੀ ਸੈਲਸੀਅਸ ਤੋਂ ਹੇਠਾਂ ਰੱਖਣ ਅਤੇ ਕੁਦਰਤ ਨੂੰ ਬਹਾਲ ਕਰਨ ਲਈ ਢੁੱਕਵੇਂ ਕਦਮ ਚੁੱਕਣ ਵਿੱਚ ਲਗਾਤਾਰ ਅਸਫਲਤਾ ਮਿਲੀ ਹੈ। ਨੈਸ਼ਨਲ ਮੈਡੀਕਲ ਜਰਨਲ ਆਫ ਇੰਡੀਆ ਦੇ ਮੁੱਖ ਸੰਪਾਦਕ ਅਤੇ ਸੰਪਾਦਕੀ ਦੇ ਸਹਿ-ਲੇਖਕ ਪੀਯੂਸ਼ ਸਾਹਨੀ ਨੇ ਕਿਹਾ ਕਿ ਦੁਨੀਆਂ ਭਰ ਵਿੱਚ ਮਾੜੇ ਮੌਸਮ ਦੀ ਤਾਜ਼ਾ ਉਦਾਹਰਣ ਨੇ ਇਹ ਹਕੀਕਤ ਸਾਹਮਣੇ ਲਿਆਂਦੀ ਹੈ ਕਿ ਜਲਵਾਯੂ ਵਿੱਚ ਤਬਦੀਲੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਦਮ ਚੁੱਕਣੇ ਚਾਹੀਦੇ ਹਨ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ। ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਜਵਾਬ ਦੇਣਾ ਪਵੇਗਾ। ਲੇਖਕਾਂ ਨੇ ਕਿਹਾ ਕਿ ਨਿਕਾਸ ਨੂੰ ਘਟਾਉਣ ਅਤੇ ਕੁਦਰਤ ਦੀ ਨਿਗਰਾਨੀ ਕਰਨ ਲਈ ਹਾਲੀਆ ਟੀਚਿਆਂ ਦਾ ਸਵਾਗਤ ਹੈ ਪਰ ਉਹ ਕਾਫ਼ੀ ਨਹੀਂ ਹਨ, ਉਨ੍ਹਾਂ ਨਾਲ ਭਰੋਸੇਯੋਗ ਥੋੜ੍ਹੀ ਮਿਆਦ ਅਤੇ ਲੰਬੀ ਮਿਆਦ ਦੀਆਂ ਯੋਜਨਾਵਾਂ ਨਾਲ ਮੇਲ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹ ਵਿੱਤੀ ਨਿਵੇਸ਼ ਲਈ ਆਵਾਜਾਈ ਪ੍ਰਣਾਲੀ, ਸ਼ਹਿਰਾਂ, ਅਨਾਜ ਉਤਪਾਦਨ ਅਤੇ ਵੰਡ, ਬਾਜ਼ਾਰ ਅਤੇ ਸਿਹਤ ਪ੍ਰਣਾਲੀ ਦੇ ਢੰਗ ਨੂੰ ਬਦਲਣ ਵਿੱਚ ਮਦਦ ਕਰਕੇ ਸਮਾਜ ਅਤੇ ਆਰਥਿਕਤਾ ਵਿੱਚ ਤਬਦੀਲੀ ਲਿਆਉਣ ਵਿੱਚ ਦਖਲ ਦੇਣ। ਦ ਲੈਨਸੈੱਟ ਦੇ ਮੁੱਖ ਸੰਪਾਦਕ ਰਿਚਰਡ ਹੌਰਟਨ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਦਾ ਤੁਰੰਤ ਹੱਲ ਦੁਨੀਆ ਭਰ ਵਿੱਚ ਲੋਕ ਭਲਾਈ ਨੂੰ ਉਤਸ਼ਾਹਿਤ ਕਰਨ ਦਾ ਸਭ ਤੋਂ ਵੱਡਾ ਮੌਕਾ ਹੈ। ਹੌਰਟਨ ਨੇ ਕਿਹਾ ਕਿ ਸਿਹਤ ਭਾਈਚਾਰੇ ਨੂੰ ਵਿਸ਼ਵ ਤਾਪਮਾਨ ਨੂੰ 1.5 ਡਿਗਰੀ ਤੋਂ ਹੇਠਾਂ ਰੱਖਣ ਲਈ ਰਾਜਨੀਤਿਕ ਨੇਤਾਵਾਂ ਨੂੰ ਜਵਾਬਦੇਹ ਬਣਾਉਣ ਲਈ ਆਪਣੀ ਆਲੋਚਨਾਤਮਕ ਆਵਾਜ਼ ਉਠਾਉਣ ਲਈ ਵੱਧ ਤੋਂ ਵੱਧ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਸੰਪਾਦਕੀ ਦਾ ਤਰਕ ਹੈ ਕਿ ਉਚਿਤ ਵਿਸ਼ਵ-ਵਿਆਪੀ ਕਾਰਵਾਈ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਉੱਚ ਆਮਦਨ ਵਾਲੇ ਦੇਸ਼ ਬਾਕੀ ਦੁਨੀਆਂ ਨਾਲ ਸਹਿਯੋਗ ਕਰਨ ਅਤੇ ਆਪਣੀ ਖਪਤ ਨੂੰ ਘਟਾਉਣ ਲਈ ਹੋਰ ਕੰਮ ਕਰਨ।

Comment here