ਸਾਹਿਤਕ ਸੱਥ

ਜਨਾਬ ਦਸ ਸਾਲ ਦੇ ਪੈਸੇ ਕਿਉਂ ਖਰਾਬ ਕਰਨੇ ਨੇ?

ਕਿਸੇ ਜਿਲ੍ਹੇ ਵਿੱਚ ਹਰਕ੍ਰਿਪਾਨ ਨਾਮ ਦਾ ਇੱਕ ਵੱਡਾ ਅਫਸਰ ਲੱਗਾ ਹੋਇਆ ਸੀ। ਨਾਮ ਤਾਂ ਉਸ ਦਾ ਕੁਝ ਹੋਰ ਸੀ, ਪਰ ਅਧੀਨ ਅਫਸਰਾਂ ਦੀਆਂ ਜੇਬਾਂ ਬੇਦਰਦੀ ਨਾਲ ਕੱਟਣ ਕਾਰਨ ਉਸ ਨੂੰ ਹਰਕ੍ਰਿਪਾਨ ਕਿਹਾ ਜਾਣ ਲੱਗਾ ਸੀ ਕਿ ਇਹ ਕਿਰਪਾਨ ਵਾਂਗ ਵੱਢਦਾ ਹੈ। ਜਦੋਂ ਉਸ ਦੀ ਰਿਟਾਇਰਮੈਂਟ ਨਜ਼ਦੀਕ ਆਈ ਤਾਂ ਉਸ ਨੂੰ ਭਵਿੱਖੀ ਖਰਚਿਆਂ ਦਾ ਫਿਕਰ ਸਤਾਉਣ ਲੱਗਾ। ਕਿਉਂਕਿ ਜਿਹੜੀ ਕਾਲੀ ਕਮਾਈ ਉਹ ਹੁਣ ਤੱਕ ਕਰ ਚੁੱਕਾ ਸੀ, ਉਸ ਨੂੰ ਖਰਚਣ ਵਾਸਤੇ ਉਸ ਦਾ ਹੀਆ ਨਹੀਂ ਸੀ ਪੈਂਦਾ। ਇੱਕ ਦਿਨ ਉਸ ਨੇ ਰਾਮਬੀਰ ਨਾਮਕ ਇੱਕ ਅਧੀਨ ਅਫਸਰ ਨੂੰ ਆਪਣੇ ਘਰ ਬੁਲਾ ਕੇ ਬੜੇ ਪ੍ਰੇਮ ਨਾਲ ਚਾਹ ਪਿਆਈ ਤੇ ਇੱਜ਼ਤ ਨਾਲ ਕੁਰਸੀ ‘ਤੇ ਬਿਠਾਇਆ। ਰਾਮਬੀਰ ਦੀ ਧੌਣ ‘ਤੇ ਖੁਰਕ ਹੋਣ ਲੱਗ ਪਈ ਤੇ ਉਹ ਸਮਝ ਗਿਆ ਕਿ ਅੱਜ ਇਹ ਜਰੂਰ ਉਸ ‘ਤੇ ਵਗਾਰ ਰੂਪੀ ਕਿਰਪਾਨ ਦਾ ਭਰਵਾਂ ਵਾਰ ਕਰੇਗਾ। ਹਰਕਿਰਪਾਨ ਨੇ ਬਗਲੇ ਭਗਤ ਵਰਗੀ ਸ਼ਰਾਫਤ ਆਪਣੇ ਚਿਹਰੇ ‘ਤੇ ਲਿਆ ਕੇ ਕਿਹਾ, “ਹਾਂ ਭਈ ਰਾਮਬੀਰ ਕੀ ਹਾਲ ਚਾਲ ਆ ਤੇਰੇ? ਤੈਨੂੰ ਤੇ ਪਤਾ ਈ ਆ ਕਿ ਮੈਂ ਰਿਟਾਇਰ ਹੋ ਰਿਹਾ ਆਂ,ਇਸ ਲਈ ਤੈਨੂੰ ਇਕ ਛੋਟਾ ਜਿਹਾ ਕੰਮ ਕਹਿਣ ਲੱਗਾਂ। ਯਾਰ ਮੇਰੀ ਚੰਡੀਗੜ੍ਹ ਕਲੱਬ ਦੀ 15 ਕੁ ਸਾਲ ਦੀ ਮੈਂਬਰਸ਼ਿੱਪ ਫੀਸ ਤਾਂ ਭਰ ਦੇ।” ਰਾਮਬੀਰ ਪਹਿਲਾਂ ਹੀ ਵਗਾਰਾਂ ਭਰ ਭਰ ਕੇ ਅੱਕਿਆ ਪਿਆ ਸੀ ਤੇ ਹਰਕਿਰਪਾਨ ਦੀ ਰਿਟਾਇਰਮੈਂਟ ਕਾਰਨ ਉਸ ਦਾ ਡਰ ਖਤਮ ਹੋ ਚੁੱਕਾ ਸੀ, “ਜ਼ਨਾਬ ਨੂੰ ਤਾਂ ਪਤਾ ਈ ਆ ਕਿ ਜਿਆਦਤਾਰ ਭ੍ਰਿਸ਼ਟ ਅਫਸਰ ਰਿਟਾਇਮੈਂਟ ਤੋਂ ਚਾਰ ਪੰਜ ਸਾਲ ਦੇ ਅੰਦਰ ਅੰਦਰ ਈ ਮਰ ਜਾਂਦੇ ਆ। ਕਿਉਂ ਐਵੇਂ ਐਨੇ ਪੈਸੇ ਖਰਾਬ ਕਰਵਾਉਂਦੇ ਉ? ਮੈਂ ਪੰਜ ਸਾਲ ਦੇ ਪੈਸੇ ਭਰ ਦਿੰਦਾ ਆਂ।” ਸੁਣ ਕੇ ਹਰਕਿਰਪਾਨ ਸੱਚੀਂ ਅੰਦਰੋਂ ਕਿਰਪਾਨ ਚੱੁਕ ਲਿਆਇਆ।
ਬਲਰਾਜ ਸਿੰਘ ਸਿੱਧੂ ਕਮਾਂਡੈਂਟ

Comment here