ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਸਿੱਖ ਇਤਹਾਸ ਵਿਚ ਇੱਕ ਨਵੀਨ ਅਤੇ ਇਨਕਲਾਬੀ ਮੋੜ ਆਇਆ ਜਿਸ ਤਹਿਤ ਛੇਵੇਂ ਪਾਤਸ਼ਾਹ ਸ੍ਰੀ ਗੁਰੂੁ ਹਰਗੋਬਿੰਦ ਜੀ ਨੇ ਦੋ ਤਲਵਾਰਾਂ ਇੱਕ ਮੀਰੀ ਅਤੇ ਦੂਸਰੀ ਪੀਰੀ ਦੀ ਧਾਰਨ ਕੀਤੀਆਂ ਜਿਹੜੀਆਂ ਇਸ ਗੱਲ ਦਾ ਸੰਕੇਤ ਸਨ ਕਿ ਸਮੇਂ ਦੀ ਲੋੜ ਦੇ ਮੁਤਾਬਿਕ ਸਿੱਖ ਨੇ ਹੁਣ ਸਿਰਫ਼ ਸੰਤਤਾਈ (ਬੰਦਗੀ) ਤੱਕ ਹੀ ਮਹਿਦੂਦ ਨਹੀਂ ਰਹਿਣਾ ਸਗੋਂ ਧਰਮ ਦੀ ਰਾਖੀ ਲਈ ਉਸ ਨੇ ਸਿਪਾਹੀ ਵੀ ਬਣਨਾ ਹੈ। ਇਸ ਸਿਧਾਂਤ ‘ਤੇ ਪਹਿਰਾ ਦਿੰਦਿਆਂ ਛੇਵੇਂ ਪਾਤਸ਼ਾਹ ਨੇ ਵਕਤ ਦੇ ਹਾਕਮਾਂ ਅਤੇ ਗੁਰੁੂੂ-ਘਰ ਦੇ ਦੋਖੀਆਂ ਨਾਲ ਚਾਰ ਫ਼ੈਸਲਾਕੁੰਨ ਧਰਮ-ਯੁੱਧ ਵੀ ਲੜੇ।
ਸੱਤਵੀਂ ਅਤੇ ਅੱਠਵੀਂ ਪਾਤਸ਼ਾਹੀ ਦੇ ਸਮੇਂ ਹਲਾਤ ਕੁੱਝ ਸੁਖਾਵੇਂ ਰਹਿਣ ਕਰਕੇ ਸਿੱਖੀ ਆਪਣੀ ਮੰਜ਼ਿਲ ਵੱਲ ਰਵਾਂ-ਰਵੀਂ ਵੱਧਦੀ ਰਹੀ ਪਰ ਨੌਵੇਂ ਪਾਤਾਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਧਾਰਮਿਕ ਆਜ਼ਾਦੀ ਹਿੱਤ ਹੋਈ ਸ਼ਹਾਦਤ ਨੇ ਦਸਮੇਸ਼ ਪਿਤਾ ਗੁਰੁੂ ਗੋਬਿੰਦ ਸਿੰਘ ਨੂੰ ਆਪਣੇ ਬਾਬੇ (ਹਰਗੋਬਿੰਦ ਸਾਹਿਬ) ਦੇ ਮੀਰੀ ਅਤੇ ਪੀਰੀ ਦੇ ਸਿਧਾਂਤ ਦੀ ਲਗਾਤਾਰਤਾ ਨੂੰ ਬਣਾਈ ਰੱਖਣ ਲਈ ਨਵੀਂ ਵਿਉਂਤਬੰਦੀ ਕਰਨੀ ਪਈ। ਇਸ ਵਿਉਂਤਬੰਦੀ ਨੂੰ ਅਮਲ ਵਿਚ ਲਿਆਉਣ ਲਈ ਉਨ੍ਹਾਂ ਨੇ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਦੀ ਚੋਣ ਕੀਤੀ।ਇਸ ਇਤਿਹਾਸਕ ਦਿਹਾੜੇ ‘ਤੇ ਗੁਰੂੁ ਸਾਹਿਬ ਨੇ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਉਪਰ ਇੱਕ ਵਿਸ਼ਾਲ ਧਾਰਮਿਕ ਇਕੱਠ ਕੀਤਾ ਜਿਸ ਦਾ ਮਨੋਰਥ ਇੱਕ ਅਜਿਹੇ ਖ਼ਾਲਸਾ ਪੰਥ ਦੀ ਸਾਜਨਾ ਕਰਨੀ ਸੀ ਜਿਹੜਾ ਸੱਚ ਕਹਿਣ, ਵਾਧਾ ਨਾ ਸਹਿਣ ਅਤੇ ਜ਼ੁਲਮ ਨਾਲ ਟੱਕਰ ਲੈਣ ਲਈ ਹਮੇਸ਼ਾਂ ਤੱਤਪਰ ਰਹੇ।
ਇਸ ਮਨੋਰਥ ਦੀ ਸਿੱਧੀ ਲਈ ਕਲਗੀਧਰ ਪਾਤਸ਼ਾਹ ਹੱਥ ਵਿਚ ਨੰਗੀ ਕ੍ਰਿਪਾਨ ਲੈ ਕੇ ਸਟੇਜ ਉਪਰ ਆਏ ਅਤੇ ਇਕੱਠ ਨੂੰ ਵੰਗਾਰ ਕੇ ਇੱਕ ਸੀਸ ਦੀ ਮੰਗ ਕਰਨ ਲੱਗੇ। ਪਾਤਸ਼ਾਹ ਦੀ ਇਸ ਅਨੌਖੀ ਅਤੇ ਔਖੀ ਵੰਗਾਰ ਨੂੰ ਸੁਣ ਕੇ ਸੰਗਤ ਵਿਚ ਹਲਚੱਲ ਜਿਹੀ ਮੱਚ ਗਈ ਅਤੇ ਕਈਆਂ ਨੇ ਨੀਵੀਂ ਪਾ ਲਈ। ਕੋਈ ਹੁੰਗਾਰਾ ਨਾ ਮਿਲਿਆ ਦੇਖ ਕੇ ਗੁਰੁੂ ਸਾਹਿਬ ਨੇ ਆਪਣੀ ਮੰਗ ਨੂੰ ਮੁੜ ਦੁਹਰਾਇਆ। ਇਸ ਵਾਰੀ ਬਚਾਅ ਲਈ ਕੁੱਝ ਖਿਸਕਾ ਵੀ ਹੋਣ ਲੱਗਾ ਅਤੇ ਖਿਸਕਾ ਨਾਲ ਇਕੱਠ ਦਾ ਘਟਾਅ ਵੀ।ਪੰਡਾਲ ਵਿਚ ਹੋ ਰਹੇ ਘਟਾਅ ਨੂੰ ਦੇਖ ਕੇ ਗੁਰੂੁ ਗੋਬਿੰਦ ਸਿੰਘ ਨੇ ਕਿਹਾ-
‘ਪਿਆਰਿਓ! ਸਿੱਖੀ ਦੀ ਸ਼ਾਨ ਨੂੰ ਵਧਾਉਣ ਅਤੇ ਅਣਖ ਨਾਲ ਜਿਉਣ ਲਈ ਅੱਜ ਉਨ੍ਹਾਂ ਮਰਜੀਵੜਿਆਂ ਦੀ ਲੋੜ ਹੈ ਜਿਹੜੇ ਸੀਸ ਦੀ ਭੇਟ ਚੜ੍ਹਾ ਕੇ ਮੇਰੀ ਤੇਗ਼ ਦੀ ਪਿਆਸ ਨੂੰ ਬੁਝਾਉਣ ਅਤੇ ਗੁਰੁੂ-ਘਰ ਦੀਆਂ ਖ਼ੁਸ਼ੀਆਂ ਪਾਉਣ। ਉੱਠੋ! ਕੋਈ ਸੁਰਮਾ ਜਿਸ ਨੂੰ ਪ੍ਰੇਮ ਦੀ ਖੇਡ ਖੇਡਣ ਦਾ ਚਾਅ ਹੋਵੇ।’
ਕਲਗੀਧਰ ਪਾਤਸ਼ਾਹ ਦੇ ਇਹ ਬੋਲ ਭਾਵੇਂ ਦੀਵਾਨ ਵਿਚ ਹਾਜ਼ਰੀ ਭਰ ਰਹੇ ਕਈਆਂ ਦੇ ਕੰਨੀ ਪਏ ਸਨ ਪਰ ਇਨ੍ਹਾਂ ਬਚਨਾਂ ਨੂੰ ਕਮਾਉਣ ਦੀ ਪਹਿਲ ਕਰਨ ਵਾਲੇ ਪਿਆਰੇ ਦਾ ਨਾਮ ਹੈ ਭਾਈ ਦਯਾ ਸਿੰਘ (ਉਸ ਵੇਲੇ ਦਯਾ ਰਾਮ)।
ਸਿੱਖੀ ਨੂੰ ਤਨੋਂ-ਮਨੋਂ ਪਿਆਰ ਕਰਨ ਵਾਲੇ ਭਾਈ ਦਯਾ ਰਾਮ ਜੀ ਦਸਮੇਸ਼ ਪਿਤਾ ਦੇ ਸਨਮੁੱਖ ਹੋਏ ਅਤੇ ਆਪਣਾ ਸੀਸ ਝੁਕਾ ਕੇ ਹੋਈ ਦੇਰੀ ਦੀ ਮੁਆਫ਼ੀ ਮੰਗਣ ਲੱਗੇ। ਗੁਰੁੂ ਸਾਹਿਬ ਦੇ ਹੋਰ ਨੇੜੇ ਹੋ ਕੇ ਕਹਿਣ ਲੱਗੇ-
“ਸੱਚੇ ਪਾਤਸ਼ਾਹ! ਇਹ ਸੀਸ ਤੁਸਾਂ ਦੀ ਅਮਾਨਤ ਹੈ, ਇਸ ਨੂੰ ਕੱਟ ਕੇ ਧਰਮ ਦੇ ਲੇਖੇ ਲਾ ਦਿਉ।”
ਕਲਗੀਧਰ ਪਾਤਸ਼ਾਹ ਨੇ ਪੁੱਛਿਆ, “ਤੇਰਾ ਨਾਮ ਕੀ ਹੈ ਅਤੇ ਕਿਥੋਂ ਆਇਆ ਹੈਂ?” “ਜੀ ਮੇਰਾ ਨਾਮ ਦਯਾ ਰਾਮ ਹੈ ਅਤੇ ਮੈਂ ਲਾਹੌਰ ਤੋਂ ਆਇਆ ਹਾਂ।” ਭਾਈ ਦਯਾ ਰਾਮ ਦਾ ਜਵਾਬ ਸੁਣ ਕੇ ਪਾਤਸ਼ਾਹ ਪ੍ਰਸਨਚਿੰਤ ਹੋਏ ਅਤੇ ਕਹਿਣ ਲੱਗੇ-
‘ਪੰਚਮ ਪਾਤਸ਼ਾਹ ਗੁਰੁੂ ਅਰਜਨ ਦੇਵ ਨੇ ਲਾਹੌਰ ਸ਼ਹਿਰ ਨੂੰ ਕਹਿਰ ਦਾ ਘਰ ਕਿਹਾ ਹੈ, ਜੇਕਰ ਲਾਹੌਰ ਤੋਂ ਦਇਆ ਪੰਥ ਵਿਚ ਸ਼ਾਮਿਲ ਹੋਣ ਲਈ ਆਈ ਹੈ ਤਾਂ ਸਾਡਾ ਯਕੀਨ ਹੈ ਸਿੱਖੀ ਦੀ ਚੜ੍ਹਦੀਕਲਾ ਹੋਵੇਗੀ।” (ਰਾਗੀਆਂ, ਢਾਡੀਆਂ, ਕਵੀਸ਼ਰਾਂ ਅਤੇ ਹੋਰ ਪ੍ਰਚਾਰਕਾਂ ਦੇ ਹਵਾਲੇ ਨਾਲ)
ਬਾਂਹੋਂ ਪਕੜ ਕੇ ਗੁਰੂੂ ਸਾਹਿਬ ਉਸ ਨੂੰ ਤੰਬੂ ਵਿਚ ਲੈ ਗਏ। ਕੁੱਝ ਕੁ ਸਮੇਂ ਬਾਅਦ ਭਾਈ ਦਯਾ, ਰਾਮ ਤੋਂ ਸਿੰਘ (ਅੰਮ੍ਰਿਤ ਪਾਨ ਕਰਕੇ) ਬਣਕੇ ਗੁਰੂੂ ਗੋਬਿੰਦ ਸਿੰਘ ਦਾ ਪਿਆਰਾ ਅਤੇ ਸਿੱਖੀ ਦਾ ਸਿਤਾਰਾ ਬਣ ਚੁੱਕਾ ਸੀ। ਦਸਮ ਪਾਤਸ਼ਾਹ ਦੀ ਕਿਰਪਾ ਨਾਲ ਭਾਈ ਦਯਾ ਸਿੰਘ ਹੁਣ ਉਸ ਖ਼ਾਲਸਾਈ ਫ਼ੌਜ ਦਾ ਸਿਪਾਹੀ ਬਣ ਗਿਆ ਸੀ ਜਿਹੜੀ ਅਕਾਲ-ਪੁਰਖ ਦੇ ਅਧੀਨ ਰਹਿ ਕੇ ਨਿਮਾਣਿਆਂ ਦਾ ਮਾਣ ਅਤੇ ਨਿਤਾਣਿਆਂ ਦਾ ਤਾਣ ਬਣਨ ਲਈ ਸਾਜੀ ਗਈ ਸੀ।
ਇੱਕ ਹੋਰ ਇਤਿਹਾਸਕ ਹਵਾਲੇ ਅਨੁਸਾਰ ਭਾਈ ਦਯਾ ਰਾਮ (ਸਿੰਘ) ਦਾ ਜਨਮ ਲਾਹੌਰ ਦੇ ਵਸਨੀਕ ਭਾਈ ਸੁਧਾ (ਸੋਬਤੀ) ਜੀ ਅਤੇ ਮਾਤਾ ਦਿਆਲੀ ਦੇ ਘਰ 26 ਅਗਸਤ 1661 ਈ. ਨੂੰ ਹੋਇਆ। ਭਾਈ ਸੁਧਾ ਜੀ ਨੋਵੇਂ ਪਾਤਸ਼ਾਹ ਗੁਰੂੂ ਤੇਗ ਬਹਾਦਰ ਸਾਹਿਬ ਦੇ ਪੱਕੇ ਸ਼ਰਧਾਲੂ ਸਨ ਅਤੇ ਅਕਸਰ ਸ੍ਰੀ ਆਨੰਦਪੁਰ ਸਾਹਿਬ ਆਉਂਦੇ-ਜਾਂਦੇ ਰਹਿੰਦੇ ਸਨ।
1677 ਈਂ ਵਿਚ ਭਾਈ ਸੁਧਾ ਸੋਬਤੀ ਜੀ ਜਦੋਂ ਸ੍ਰੀ ਆਨੰਦਪੁਰ ਸਾਹਿਬ ਆਏ ਤਾਂ ਨਾਲ ਉਨ੍ਹਾਂ ਦਾ ਫ਼ਰਜੰਦ ਦਯਾ ਰਾਮ ਵੀ ਆਇਆ। ਉਸ ਵਕਤ ਉਸ ਦੀ ਆਯੂ 17 ਕੁ ਸਾਲ ਦੀ ਸੀ। ਆਨੰਦਪੁਰ ਸਾਹਿਬ ਵਿਚ ਰਹਿ ਕੇ ਉਸ ਦਾ ਮਨ ਐਸਾ ਆਨੰਦਿਤ ਹੋਇਆ ਕਿ ਉਸ ਨੇ ਘਰ ਵਾਪਸੀ ਦਾ ਖ਼ਿਆਲ ਹੀ ਤਿਆਗ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣਾ ਸਾਰਾ ਜੀਵਨ ਦਸਮੇਸ਼ ਪਾਤਸ਼ਾਹ ਦੀ ਹਜ਼ੂਰੀ ਵਿਚ ਹੀ ਬਤੀਤ ਕੀਤਾ। ਪੂਰਵ ਖ਼ਾਲਸਾ-ਕਾਲ ਅਤੇ ਉਤਰ ਖ਼ਾਲਸਾ-ਕਾਲ ਦੀਆਂ ਲੜਾਈਆਂ ਵਿਚ ਉਹ ਗੁਰੂ-ਘਰ ਦਾ ਡੱਟਵਾਂ ਸਾਥ ਦਿੰਦਾ ਰਿਹਾ ਅਤੇ ਸਿੱਖੀ ਦਾ ਮਾਣ ਵਧਾਉਂਦਾ ਰਿਹਾ।
ਪੰਜ ਪਿਆਰਿਆਂ ਵਿਚ ਭਾਈ ਦਯਾ ਸਿੰਘ ਦਾ ਅਹਿਮ ਅਤੇ ਬੜਾ ਸਤਿਕਾਰਯੋਗ ਸਥਾਨ ਸੀ। ਉਹ ਗੁਰੂ ਸਾਹਿਬ ਦਾ ਹਮਰਾਜ਼ ਅਤੇ ਸਲਾਹਕਾਰ ਵੀ ਰਿਹਾ ਹੈ। ਉਸ ਨੇ ਤਿੰਨ ਦਹਾਕੇ (31 ਸਾਲ) ਤੋਂ ਵੱਧ ਸਮਾਂ ਗੁਰੂੂ ਸਾਹਿਬ ਦੀ ਸੰਗਤ ਕੀਤੀ ਅਤੇ ਆਖਰੀ ਸਮੇਂ ਤੱਕ ਵੀ ਉਨ੍ਹਾਂ ਦੇ ਨਾਲ ਹੀ ਰਿਹਾ।
ਭਾਈ ਧਰਮ ਸਿੰਘ ਦੇ ਨਾਲ ਰਲ ਕੇ ਜੇਤੂ ਚਿੱਠੀ (ਜ਼ਫ਼ਰਨਾਮਾ) ਨੂੰ ਔਰੰਗਜ਼ੇਬ ਤੱਕ ਪਹੁੰਚਾਉਣ ਵਿਚ ਵੀ ਭਾਈ ਦਯਾ ਸਿੰਘ ਦੀ ਵਿਸ਼ੇਸ਼ ਭੂਮਿਕਾ ਰਹੀ ਹੈ।
7 ਅਕਤੂਬਰ 1708 ਈ. ਨੂੰ ਦੱਖਣ ਦੀ ਧਰਤੀ (ਨੰਦੇੜ ਸਾਹਿਬ ਵਿਖੇ) ‘ਤੇ ਗੁਰੂੂ ਗੋਬਿੰਦ ਸਿੰਘ ਜੀ ਜੋਤੀ-ਜੋਤਿ ਸਮਾਅ ਗਏ। ਭਾਈ ਦਯਾ ਸਿੰਘ ਨੂੰ ਗੁਰੂੂ ਸਾਹਿਬ ਦਾ ਵਿਛੋੜਾ ਅਸਹਿ ਲੱਗਣ ਲੱਗਾ ਅਤੇ ਕੁੱਝ ਸਮੇਂ ਤੋਂ ਬਾਅਦ ਉਹ ਵੀ ਨੰਦੇੜ ਸਾਹਿਬ ਵਿਖੇ ਹੀ ਅਕਾਲ ਚਲਾਣਾ ਕਰ ਗਏ। 26 ਅਗਸਤ ਨੂੰ ਭਾਈ ਦਯਾ ਸਿੰਘ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ।
-ਰਮੇਸ਼ ਬੱਗਾ ਚੋਹਲਾ
Comment here