ਸਿਆਸਤਵਿਸ਼ੇਸ਼ ਲੇਖ

ਜਨਮ ਅਸ਼ਟਮੀ ਮੌਕੇ ਐਤਕੀਂ ਕਸ਼ਮੀਰ ਵਾਦੀ ਚ ਲੱਗੀ ਰੌਣਕ

-ਵਿਜੈ ਕੁਮਾਰ

ਕਸ਼ਮੀਰ ’ਚ ਪਾਕਿਸਤਾਨ ਪ੍ਰਾਯੋਜਿਤ ਅੱਤਵਾਦ ਦੇ ਕਾਰਨ ਜਿੱਥੇ ਸਦੀਆਂ ਤੋਂ ਉੱਥੇ ਰਹਿ ਰਹੇ ਵੱਡੀ ਗਿਣਤੀ ’ਚ ਕਸ਼ਮੀਰੀ ਪੰਡਿਤਾਂ ਨੂੰ 1990 ਦੇ ਦਹਾਕੇ ’ਚ ਘਾਟੀ ਛੱਡਣੀ ਪਈ, ਉੱਥੇ ਹਿੰਦੂਆਂ ਦੇ ਤਿਉਹਾਰਾਂ ਦਾ ਮਨਾਉਣਾ ਵੀ ਨਾ ਦੇ ਬਰਾਬਰ ਹੋ ਗਿਆ ਸੀ। ਪਰ ਇਸ ਸਾਲ 30 ਅਗਸਤ ਨੂੰ ਕਸ਼ਮੀਰ ਘਾਟੀ ਦੇ ਸ਼੍ਰੀਨਗਰ ’ਚ ਕਸ਼ਮੀਰੀ ਪੰਡਿਤਾਂ ਨੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ’ਤੇ ਸ਼ੋਭਾ ਯਾਤਰਾ ਕੱਢੀ ਜੋ ਜੈਂਦਰ ਮੁਹੱਲਾ, ਹੱਬਾ ਕਦਲ ਇਲਾਕੇ ਦੇ ਮੰਦਿਰ ’ਚ ਪੂਜਾ-ਅਰਚਨਾ ਦੇ ਬਾਅਦ ਸ਼ੁਰੂ ਹੋ ਕੇ ‘ਹਾਥੀ-ਘੋੜਾ ਪਾਲਕੀ ਜੈ ਕਨ੍ਹਈਆ ਲਾਲ ਕੀ’ ਅਤੇ ‘ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ’ ਦੇ ਜੈਕਾਰੇ ਲਗਾਉਂਦੀ ਹੋਈ ਸ਼੍ਰੀਨਗਰ ਦੇ ਇਤਿਹਾਸਕ ਲਾਲ ਚੌਕ ਸਥਿਤ ਘੰਟਾਘਰ ਤਕ ਪਹੁੰਚੀ। ਕਿਸੇ ਸਮੇਂ ਕੱਟੜਵਾਦੀਆਂ ਦੇ ਗੜ੍ਹ ਮੰਨੇ ਜਾਣ ਵਾਲੇ ਲਾਲ ਚੌਕ ਇਲਾਕੇ ’ਚ ਹਿੰਦੂ ਸ਼ਰਧਾਲੂਆਂ ਦੇ ਨਾਲ ਮੁਸਲਿਮ ਭਾਈਚਾਰੇ ਦੇ ਮੈਂਬਰ ਵੀ ਉਤਸ਼ਾਹ ਨਾਲ ਨੱਚਦੇ-ਗਾਉਂਦੇ ਅਤੇ ਥਾਂ-ਥਾਂ ਸ਼ੋਭਾ ਯਾਤਰਾ ਦਾ ਸਵਾਗਤ ਕਰਦੇ ਤੇ ਵਧਾਈ ਦਿੰਦੇ ਦਿਸੇ। ਭਗਤਾਂ ਦੇ ਰੱਥ ਦੇ ਅੱਗੇ ਨਾਚ ਕੀਤਾ ਅਤੇ ਮਠਿਆਈਆਂ ਵੰਡੀਆਂ। ਇਕ ਲੰਬੇ ਅਰਸੇ ਦੇ ਬਾਅਦ ਇਹ ਪਹਿਲਾ ਮੌਕਾ ਸੀ ਜਦੋਂ ਕਿਸੇ ਸਮੇਂ ਅੱਤਵਾਦ ਦੇ ਲਈ ਬਦਨਾਮ ਹੰਦਵਾੜਾ ਤੋਂ ਲੈ ਕੇ ਮਟਨ ਚੌਕ ਤੱਕ ਦਾ ਪੂਰਾ ਇਲਾਕਾ ‘ਹਰੇ ਰਾਮਾ ਹਰੇ ਕ੍ਰਿਸ਼ਨਾ’ ਵਰਗੇ ਨਾਅਰਿਆਂ ਨਾਲ ਗੂੰਜ ਉੱਠਿਆ। ਅਨੰਤਨਾਗ ਅਤੇ ਕੁਲਗਾਮ ’ਚ ਵੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਧੂਮਧਾਮ ਨਾਲ ਮਨਾਈ ਗਈ। ਇਹ ਸੰਕੇਤ ਹੈ ਇਸ ਅਸ਼ਾਂਤ ਸੂਬੇ ਦੇ ਸ਼ਾਂਤੀ ਵੱਲ ਵਧਣ ਦਾ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਨੇ 3 ਦਿਨ ਪਹਿਲਾਂ ਹੀ ਕਿਹਾ ਸੀ ਕਿ : ‘‘ਅੱਤਵਾਦ ਜਲਦੀ ਹੀ ਖਤਮ ਹੋ ਜਾਵੇਗਾ, ਭਰੋਸਾ ਰੱਖੋ। ਅਸੀਂ ਆਪਣੇ ਦੇਸ਼ ਨੂੰ ਬਚਾਈ ਰੱਖਣਾ ਹੈ। ਮੈਂ ਇਕ ਨਵਾਂ ਭਾਰਤ ਦੇਖਣਾ ਚਾਹੁੰਦਾ ਹਾਂ। ਅਜਿਹਾ ਭਾਰਤ ਜੋ ਸਾਰਿਆਂ ਦੇ ਲਈ ਹੈ। ਭਗਵਾਨ ਅਤੇ ਅੱਲ੍ਹਾ ਸਾਡੇ ਸਾਰਿਆਂ ’ਚ ਹਨ।’’

Comment here