ਅਪਰਾਧਸਿਆਸਤਖਬਰਾਂ

ਜਦ ਸਰੂਪਨਖਾ “ਅੱਜ ਰਲ ਕੇ ਗੁਜਾ਼ਰਾਂਗੇ ਰਾਤ.. ” ਗੀਤ ਤੇ ਥਿਰਕੀ…

ਫਿਰੋਜ਼ਪੁਰ-ਦੇਸ਼ ਭਰ ਵਿਚ ਦੁਸਹਿਰੇ ਲਈ ਤਿਆਰੀਆਂ ਚੱਲ ਰਹੀਆਂ ਹਨ, ਰਾਮਲੀਲ੍ਹਾ ਦਾ ਆਯੋਜਨ ਹੋ ਰਿਹਾ ਹੈ। ਫਿਰੋਜ਼ਪੁਰ ਛਾਉਣੀ ਦੀ ਘੁਮਾਰ ਮੰਡੀ ਵਿਚ ਚੱਲ ਰਹੀ ਰਾਮਲੀਲ੍ਹਾ ਦੌਰਾਨ ਜਦੋਂ ਰਾਵਣ ਦੀ ਭੈਣ ਸਰੂਪਨਖਾ ਭਗਵਾਨ ਸ੍ਰੀ ਰਾਮ ਚੰਦਰ ਜੀ ਦੇ ਭਰਾ ਲਕਸ਼ਮਣ ਨੂੰ ਮਨਾਉਣ ਲਈ ਸਟੇਜ ‘ਤੇ ਨੱਚੀ ਤਾਂ ਮਾਮਲਾ ਥਾਣੇ ਜਾ ਪਹੁੰਚਿਆ। ਸਰੂਪਨਖਾ ਦੀ ਬਜਾਏ ਪ੍ਰਬੰਧਕਾਂ ਤੋਂ ਗੁੱਸੇ ਵਿੱਚ ਆਏ ਸ਼ਿਵ ਸੈਨਾ ਆਗੂ ਨੇ ਰਾਮਲੀਲ੍ਹਾ ਪ੍ਰਬੰਧਕਾਂ ਦੇ ਖ਼ਿਲਾਫ਼ ਆਈਪੀ ਸੀ ਦੀ ਧਾਰਾ 295- ਏ ਦੇ ਤਹਿਤ ਮਾਮਲਾ ਦਰਜ ਕਰਨ ਦੀ ਦਰਖ਼ਾਸਤ ਦੇ ਦਿੱਤੀ। ਥਾਣਾ ਕੈਂਟ ਨੂੰ ਦਿੱਤੀ ਦਰਖਾਸਤ ‘ਚ ਸ਼ਿਵ ਸੈਨਾ ਆਗੂ ਮਿੰਕੂ ਚੌਧਰੀ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਘੁਮਾਰ ਮੰਡੀ ਵਿੱਚ ਰਾਮਲੀਲ੍ਹਾ ਦੌਰਾਨ ਸਰੂਪਨਖਾ ਦੇ ਕਿਰਦਾਰ ਨੇ ਫਿਲਮੀ ਗੀਤਾਂ ‘ਤੇ ਨੱਚ ਕੇ ਧਰਮ ਦਾ ਮਜ਼ਾਕ ਉਡਾਇਆ ਹੈ। ਜ਼ਿਕਰਯੋਗ ਹੈ ਕਿ ਫਿਰੋਜ਼ਪੁਰ ਛਾਉਣੀ ਦੇ ਘੁਮਿਆਰ ਮੰਡੀ ਵਿੱਚ ਸ਼ਿਵ ਸ਼ੰਕਰ ਰਾਮਲੀਲ੍ਹਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲ੍ਹਾ ਦੌਰਾਨ ਜਦੋਂ ਜੰਗਲ ਵਿੱਚ ਸ਼ਰੂਪਨਖਾ ਵੱਲੋਂ ਲਕਸ਼ਮਣ ਨੂੰ ਆਪਣੇ ਵੱਲ ਆਕਰਸ਼ਿਤ ਕੀਤੇ ਜਾਣ ਦਾ ਸੀਨ ਆਉਂਦਾ ਹੈ ਤਾਂ ਉਸ ਦੌਰਾਨ ਸਰੂਪਨਖਾ ਦੇ ਕਿਰਦਾਰ ਵਿੱਚ ਕਲਾਕਾਰ ਵੱਲੋਂ ਪਹਿਲੋਂ “ਮਹਿਬੂਬਾ.. ਮਹਿਬੂਬਾ” ਗੀਤ ‘ਤੇ ਡਾਂਸ ਕੀਤਾ ਜਾਂਦਾ ਹੈ ਅਤੇ ਬਾਅਦ ਵਿਚ ‘ਅੱਜ ਰਲ਼ਕੇ ਗੁਜ਼ਾਰਾਂਗੇ ਰਾਤ ਅੱਲ੍ਹਾ ਕਰੇ ਦਿਨ ਨਾ ਚੜ੍ਹੇ।’ ਗਾਣੇ ‘ਤੇ ਕਲਾਕਾਰਾਂ ਅਤੇ ਕੁਝ ਦਰਸ਼ਕਾਂ ਵੱਲੋਂ ਕੀਤੇ ਡਾਂਸ ਦੀ ਵੀਡੀਓ ਵਾਇਰਲ ਹੁੰਦਿਆਂ ਹੀ ਕਈ ਹਿੰਦੂ ਜਥੇਬੰਦੀਆਂ ਵੱਲੋਂ ਇਸ ਨੂੰ ਧਰਮ ਦਾ ਅਪਮਾਨ ਕਰਨ ਅਤੇ ਅਸ਼ਲੀਲਤਾ ਫੈਲਾਉਣ ਵਾਲੀ ਹਰਕਤ ਦੱਸਦਿਆਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਮਾਮਲਾ ਭਖਦਾ ਵੇਖ ਸ਼ਿਵ ਸ਼ੰਕਰ ਰਾਮਲੀਲ੍ਹਾ ਕਮੇਟੀ ਦੇ ਸਕੱਤਰ ਸੰਦੀਪ ਕੁਮਾਰ ਅਤੇ ਹੋਰ ਪ੍ਰਬੰਧਕਾਂ ਨੇ ਆਖਿਆ ਕਿ ਰਾਮਲੀਲ੍ਹਾ ਵਿੱਚ ਜਿਸ ਤਰ੍ਹਾਂ ਬੱਚਿਆਂ ਨੇ ਫਿਲਮੀ ਗੀਤਾਂ ’ਤੇ ਨੱਚ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਸ ਲਈ ਉਹ ਮਾਫ਼ੀ ਚਾਹੁੰਦੇ ਹਨ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਹੀਂ ਕਰਨਗੇ।

Comment here