ਅਪਰਾਧਸਿਆਸਤਖਬਰਾਂ

.. ਜਦ ਡੀ ਐੱਸ ਪੀ ਦੀ ਕੁਰਸੀ ‘ਤੇ ਜਾ ਬੈਠੀ ਵਿਧਾਇਕਾ

ਪ੍ਰੋਟੋਕਾਲ ਮਾਮਲੇ ’ਚ ‘ਆਪ’ ਵਿਧਾਇਕਾ ਘਿਰੀ
ਖਰੜ-ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਬੀਬੀ ਅਨਮੋਲ ਗਗਨ ਮਾਨ ਨੇ ਪ੍ਰੋਟੋਕਾਲ ਦੀ ਉਲੰਘਣਾ ਕਰਦੇ ਹੋਏ ਡੀਐੱਸਪੀ-2 ਅਮਨਪ੍ਰੀਤ ਸਿੰਘ ਦੀ ਗੈਰ ਹਾਜ਼ਰੀ ’ਚ ਉਨ੍ਹਾਂ ਦੇ ਦਫ਼ਤਰ ਸਥਿਤ ਕੁਰਸੀ ’ਤੇ ਬੈਠੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਇਸ ਦੌਰਾਨ ਕਿਸੇ ਵਿਅਕਤੀ ਵਲੋਂ ਉਕਤ ਸਥਾਨ ਦੀ ਫੋਟੋ ਖਿੱਚੀ ਗਈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ, ਜਿਸ ਉਪਰੰਤ ਇਸ ਮਾਮਲੇ ਦੀ ਸੋਸ਼ਲ ਮੀਡੀਆ ’ਤੇ ਵਿਧਾਇਕਾ ਦੇ ਖਿਲਾਫ਼ ਨਾਂਹਪੱਖੀ ਪ੍ਰਚਾਰ ਸ਼ੁਰੂ ਹੋ ਗਿਆ। ਬੇਸ਼ੱਕ ਆਮ ਆਦਮੀ ਪਾਰਟੀ ਅਤੇ ਵਿਧਾਇਕਾ ਦੇ ਚਹੇਤਿਆਂ ਨੂੰ ਇਸ ਸਾਰੇ ਮਾਮਲੇ ਵਿਚ ਕੁਝ ਵੀ ਗਲਤ ਨਹੀਂ ਲੱਗਾ ਪਰ ਸੋਸ਼ਲ ਮੀਡੀਆ ’ਤੇ ਵਿਰੋਧੀਆਂ ਵੱਲੋਂ ਇਸ ਸਾਰੇ ਮਾਮਲੇ ਦੀ ਖੂਬ ਨਿੰਦਾ ਕੀਤੀ ਜਾ ਰਹੀ ਹੈ। ਸ਼ਹਿਰ ’ਚ ਚਰਚਾ ਹੈ ਕਿ ਵਿਧਾਇਕਾ ਮਾਨ ਦੀ ਨਾਦਾਨੀ ਹੈ ਪਰ ਕੁਝ ਲੋਕ ਇਸ ਗੱਲ ਨੂੰ ਸੱਤਾ ਦਾ ਗਰੂਰ ਦੱਸ ਰਹੇ ਹਨ। ਲੋਕ ਕਹਿ ਰਹੇ ਹਨ ਕਿ ਅਨਮੋਲ ਅਜੇ ਨਵੀਂ ਨਵੀਂ ਵਿਧਾਇਕਾ ਬਣੀ ਹੈ ਅਤੇ ਉਸ ਨੂੰ ਇਸ ਗੱਲ ਦਾ ਇਲਮ ਨਹੀਂ ਹੈ। ਹਾਲਾਂਕਿ ਇਹ ਨਹੀਂ ਕਿਹਾ ਜਾ ਸਕਦਾ ਕਿ ਵਿਧਾਇਕ ਨੂੰ ਆਪਣੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਸੁਣਨੀਆਂ ਚਾਹੀਦੀਆਂ ਪਰ ਸਿਸ਼ਟਾਚਾਰ ਤੇ ਕਾਨੂੰਨੀ ਹੱਕ ਮੁਤਾਬਕ ਕਿਸੇ ਆਲ੍ਹਾ ਅਫ਼ਸਰ ਦੀ ਕੁਰਸੀ ’ਤੇ ਬੈਠ ਜਾਣਾ ਕਿੰਨਾ ਕੁ ਜਾਇਜ਼ ਹੈ, ਇਹ ਸਵਾਲ ਵੱਡਾ ਜਵਾਬ ਮੰਗਦਾ ਹੈ। ਇਸ ਸਾਰੇ ਮਾਮਲੇ ਸਬੰਧੀ ਜਦੋਂ ਵਿਧਾਇਕਾ ਅਨਮੋਲ ਗਗਨ ਮਾਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸੰਪਰਕ ਨਹੀਂ ਹੋ ਸਕਿਆ।
ਪਤਾ ਲੱਗਾ ਹੈ ਕਿ ਇਹ ਤਸਵੀਰ ਉਦੋਂ ਦੀ ਹੈ ਜਦੋਂ ਮੁੱਲਾਂਪੁਰ ਗਰੀਬਦਾਸ ਵਿਖੇ ਸਥਿਤ ਡੀਐੱਸਪੀ ਦਫਤਰ ਵਿਖੇ ਵਿਧਾਇਕਾ ਵੱਲੋਂ ਪਿੰਡਾਂ ਦੇ ਇੱਕ ਡੈਲੀਗੇਸ਼ਨ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਜੋ ਕਿ ਜ਼ਮੀਨ ਦੇ ਐਕਵਾਇਰ ਹੋਣ ਸਬੰਧੀ ਆਪਣੀ ਅਰਜ਼ੋਈ ਲੈ ਕੇ ਗਏ ਸਨ। ਡੀਐੱਸਪੀ ਅਮਨਪ੍ਰੀਤ ਸਿੰਘ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਇਸ ਵਾਕਿਆ ਬਾਰੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਕਿਉਂਕਿ ਉਹ ਉਸ ਸਮੇਂ ਦਫ਼ਤਰ ਮੌਜੂਦ ਨਹੀਂ ਸਨ।
ਇਸ ਸਬੰਧੀ ਜਦੋਂ ਵਕੀਲ ਰਣਜੀਤ ਰਾਏ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਇਕ ਸੰਵਿਧਾਨਕ ਕੁਰਸੀ ਹੈ, ਜਿਸ ਉੱਪਰ ਕੋਈ ਵੀ ਸੰਵਿਧਾਨਕ ਤੌਰ ’ਤੇ ਬਿਨਾਂ ਇਜਾਜ਼ਤ ਨਹੀਂ ਬੈਠ ਸਕਦਾ।

Comment here