ਸਾਹਿਤਕ ਸੱਥਗੁਸਤਾਖੀਆਂਚਲੰਤ ਮਾਮਲੇ

…ਜਦੋਂ ਧਰਮਰਾਜ ਬੇਹੋਸ਼ ਹੋ ਕੇ ਡਿੱਗਾ

ਨੇਤਰ ਸਿੰਘ ਮੁੱਤੋ
ਇਕ ਰਾਤ ਮੈਨੂੰ ਡਰਾਉਣਾ ਸੁਫ਼ਨਾ ਆਇਆ, ਜਦ ਮੈਂ ਇਕ ਸਿਰ੍ਹਾਣੇ ਵੱਲ ਤੇ ਇਕ ਪੈਂਦ ਵੱਲ ਖੜ੍ਹੇ ਡਰਾਉਣੀ ਸ਼ਕਲ ਦੇ ਦੋ ਅਣਪਛਾਤੇ ਚਿਹਰੇ ਦੇਖੇ। ਪਹਿਲਾਂ ਤਾਂ ਮੈਂ ਧੁਰ ਅੰਦਰ ਤੱਕ ਡਰ ਗਿਆ। ਫੇਰ ਸਾਰੀ ਤਾਕਤ ਇਕੱਠੀ ਕਰਕੇ ਉਨ੍ਹਾਂ ਨੂੰ ਗਿੱਦੜ-ਭਬਕੀ ਦਿੰਦੇ ਹੋਏ, ਇਕੋ ਸਾਹੇ ਕਈ ਸਵਾਲ ਕਰ ਦਿੱਤੇ, ‘‘ਕੌਣ ਹੋ ਤੁਸੀਂ? ਬਿਨਾਂ ਡੋਰ ਬੈੱਲ ਵਜਾਏ ਕਮਰੇ ਅੰਦਰ ਘੁਸ ਆਏ, ਨਾ ਤੁਸੀਂ ਮਾਸਕ ਪਾਏ ਨੇ, ਲਗਦੈ ਹੱਥਾਂ ’ਤੇ ਸੈਨੇਟਾਈਜ਼ਰ ਵੀ ਨਹੀਂ ਲਾਇਆ ਹੋਣਾ, ਨਾ ਤੁਸੀਂ ਬਾਹਰਲੀ ਟੂਟੀ ਤੇ ਸਾਬਣ ਨਾਲ ਵੀਹ ਸੈਕਿੰਡ ਹੱਥ ਧੋਤੇ ਹੋਣੇ ਨੇ, ਗੇਟ ’ਤੇ ਲਿਖ ਕੇ ਲਾਇਆ ਕਿ ਸਾਬਣ ਨਾਲ ਹੱਥ ਧੋ ਕੇ ਅੰਦਰ ਆਉ। ਹੁਣ ਤੁਸੀਂ ਇਕ ਮੀਟਰ ਦੀ ਦੂਰੀ ’ਤੇ ਖਲੋ ਕੇ ਦੱਸੋ ਕਿ ਇਹ ਗੁਸਤਾਖ਼ੀ ਤੁਸੀਂ ਕਿਉਂ ਕੀਤੀ ਤੇ ਬਿਨਾਂ ਆਗਿਆ ਲਏ ਸਿੱਧਾ ਕਮਰੇ ’ਚ ਆ ਗਏ। ਰਸਤੇ ’ਚ ਆਉਂਦਿਆ ਪੁਲਿਸ ਵਾਲਿਆਂ ਨੇ ਤੁਹਾਡਾ ਚਲਾਨ ਨਹੀਂ ਕੱਟਿਆ ਜਾਂ ਫੇਰ….।’’
ਇਕ ਵਾਰ ਤਾਂ ਉਹ ਮੇਰੀ ਘੁਰਕੀ ਨਾਲ ਪੂਰੀ ਤਰਾਂ ਡਰ ਗਏ, ਫੇਰ ਸੰਭਲਦੇ ਹੋਏ ਕਹਿਣ ਲੱਗੇ, ‘‘ਜੀ ਅਸੀਂ ਤਾਂ ਹੁਕਮ ਦੇ ਬੱਧੇ ਆਏ ਹਾਂ, ਅਸੀਂ ਧਰਮਰਾਜ ਦੇ ਯਮਦੂਤ ਹਾਂ, ਸਾਨੂੰ ਤਾਂ ਉਨ੍ਹਾਂ ਨੇ ਹੀ ਭੇਜਿਆ ਹੈ ਕਿ ਮਾਤ-ਲੋਕ ਜਾ ਕੇ ਇਸ ਨਾਂਅ ਦੇ ਬੰਦੇ ਨੂੰ ਲੈ ਕੇ ਆਓ।’’ ਉਨ੍ਹਾਂ ਨੇ ਮੈਨੂੰ ਇਕ ਲਿਸਟ ਜਿਹੀ ਵਿਖਾਉਂਦਿਆਂ ਕਿਹਾ। ਮੈਂ ਲੰਮੀ ਲਿਸਟ ਵਿਚ ਆਪਣਾ ਪੰਜਵਾਂ ਨੰਬਰ ਵੇਖ ਕੇ ਧੁਰ ਅੰਦਰ ਤੱਕ ਕੰਬ ਗਿਆ।
ਫੇਰ ਵੀ ਮੈਂ ਬਚੀ-ਖੁਚੀ ਤਾਕਤ ਇਕੱਠੀ ਕਰਦਿਆਂ ਕਿਹਾ, ’ਤੁਹਾਨੂੰ ਕਿਹੜੇ ਧਰਮਰਾਜ ਨੇ ਭੇਜਿਆ ਹੈ, ਉੱਪਰ ਵਾਲੇ ਨੇ ਜਾਂ ਧਰਤੀ ਵਾਲੇ ਨੇ? ਉਹ ਧੁੜਧੜੀ ਜਿਹੀ ਲੈਂਦੇ ਹੈਰਾਨ ਹੋਏ ਬੋਲੇ, ‘ਜੀ ਅਸੀਂ ਤੁਹਾਡੀ ਗੱਲ ਦਾ ਮਤਲਬ ਨਹੀਂ ਸਮਝੇ, ਧਰਮਰਾਜ ਤਾਂ ਇਕੋ ਹੈ ਉਪਰ ਵਾਲਾ, ਧਰਤੀ ’ਤੇ ਤਾਂ ਕੋਈ ਧਰਮਰਾਜ ਨਹੀਂ, ਇਹ ਤਾਂ ਅਸੀਂ ਪਹਿਲੀ ਵਾਰ ਤੁਹਾਡੇ ਕੋਲੋਂ ਸੁਣ ਰਹੇ ਹਾਂ।’
‘‘ਓਏ ਤੁਹਾਨੂੰ ਧਰਤੀ ਵਾਲੇ ਧਰਮਰਾਜ ਬਾਰੇ ਭੋਰਾ ਵੀ ਇਲਮ ਨਹੀਂ? ’ਜੀ ਨਹੀਂ’ ਉਹ ਦੋਵੇਂ ਬੋਲੇ। ‘ਫੇਰ ਤਾਂ ਪੰਤਦਰੋ ਤੁਹਾਡੇ ਧਰਮਰਾਜ ਨੂੰ ਵੀ ਪਤਾ ਨੀ ਹੋਣਾ ਕਿ ਧਰਤੀ ’ਤੇ ਵੀ ਧਰਮਰਾਜ ਹੈਗਾ ਤੇ ਏਥੇ ਉਸਦੀਆਂ ਕਿੰਨੀਆਂ ਹੀ ਬਰਾਂਚਾਂ ਨੇ ਤੇ ਕਿੰਨੇ ਹੀ ਯਮਦੂਤ ਤੇ ਹੋਰ ਕਰਮਚਾਰੀ ਨੇ, ਉਹ ਲੋਕਾਂ ਨੂੰ ਕਿੰਨਾ ਪ੍ਰੇਸ਼ਾਨ ਕਰਦੇ ਨੇ ਤੇ ਧੱਕਾ ਵੀ। ਲੱਗਦਾ ਫੇਰ ਤੁਹਾਡਾ ਧਰਤੀ ਵਾਲੇ ਯਮਦੂਤਾਂ ਨਾਲ ਮਿਲਾਪ ਨਹੀਂ ਹੋਇਆ ਹੋਣਾ।’ ਉਹ ਹੈਰਾਨ ਹੁੰਦੇ ਪੁੱਛਣ ਲੱਗੇ, ‘ਜੀ ਸੱਚੀਂ ਧਰਤੀ ’ਤੇ ਵੀ ਧਰਮਰਾਜ ਹੈ ਤੇ ਉਸਦੇ ਯਮਦੂਤ ਵੀ ਨੇ।’ ‘ਹਾਂ ਹੈਗੇ ਨੇ, ਮੈਂ ਝੂਠ ਥੋੜ੍ਹੀ ਬੋਲਦਾ’ ਮੈਂ ਕਿਹਾ। ’ਫੇਰ ਉਹਦਾ ਪਤਾ ਟਿਕਾਣਾ ਕਿੱਥੇ ਹੈ? ਅਸੀਂ ਜਾ ਕੇ ਇਹ ਸੂਚਨਾ ਆਪਣੇ ਧਰਮਰਾਜਨੂੰ ਦਿਆਂਗੇ, ਜੇ ਤੁਸੀਂ ਕਹਿੰਦੇ ਹੋ ਤਾਂ ਮੰਨ ਲੈਂਦੇ ਹਾਂ, ਪਰ ਗੱਲ ਸੱਚ ਹੋਵੇ, ਹੋਰ ਨਾ ਸਾਨੂੰ ਧਰਮਰਾਜ ਤੋਂ ਝਿੜਕਾਂ ਖਾਣੀਆਂ ਪੈ ਜਾਣ ਕਿਉਂਕਿ ਇੰਝ ਹੋਣਾ ਸਾਡੇ ਧਰਮਰਾਜ ਦੀ ਪਾਵਰ ਨੂੰ ਸਿੱਧੀ ਚੁਣੌਤੀ ਹੈ।’
‘ਤੁਸੀਂ ਦੂਰੋਂ ਆਏ ਹੋ, ਪਹਿਲਾਂ ਏਹ ਦੱਸੋ, ਕੁਝ ਠੰਢਾ-ਤੱਤਾ, ਚਾਹ-ਪਾਣੀ, ਸ਼ਕੰਜਵੀ ਜਾਂ ਫੇਰ ਖਾਣਾ ਵਗ਼ੈਰਾ ਖਾਵੋਗੇ, ਕਿਉਂਕਿ ਏਹ ਪੁੱਛਣਾ ਸਾਡਾ ਪੰਜਾਬੀਆਂ ਦਾ ਮੁਢਲਾ ਫ਼ਰਜ਼ ਹੈ, ਅਸੀਂ ਤਾਂ ਕਿਸੇ ਮੰਗਤੇ ਨੂੰ ਦੂਰੋਂ ਖ਼ਾਲੀ ਨੀ ਮੋੜਦੇ, ਉਂਝ ਭਾਵੇਂ ਚਿੱਟੇ ਦਿਨ ਅਸੀਂ ਜਿੰਨੇ ਮਰਜ਼ੀ ਲੋਕਾਂ ਨੂੰ ਲੁੱਟੀ ਜਾਈਏ, ਠੱਗੀਆਂ ਠੋਰੀਆਂ ਮਾਰੀ ਜਾਈਏ ਕਿਉਂਕਿ ਸਾਡੇ ਬਾਬੇ ਨਾਨਕ ਦੀ ਬਾਣੀ ਕਹਿੰਦੀ ਹੈ, ‘ਘਾਲਿ ਖਾਇ ਕਿਛੁ ਹਥਹੁ ਦੇਇ॥’ ਮੈਂ ਉਨ੍ਹਾਂ ਨੂੰ ਗੱਲਾਂ ’ਚ ਪਾ ਕੇ ਟਾਲਣਾ ਚਾਹੁੰਦਾ ਸੀ। ਸ਼ਾਇਦ ਮੇਰਾ ਸੇਵਾ ਭਾਵ ਵਾਲਾ ਸੁਭਾਅ ਵੇਖ ਕੇ ਛੱਡ ਜਾਣ, ਫੇਰ ਮੈਂ ਦਿਲ ਨੂੰ ਤਸੱਲੀ ਜਿਹੀ ਦਿੰਦੇ ਨੇ ਖੁਸ਼ੀ ਮਹਿਸੂਸ ਕੀਤੀ ਕਿ ਜੇ ਮੈਨੂੰ ਨਾ ਵੀ ਛੱਡ ਕੇ ਗਏ, ਲੈ ਵੀ ਗਏ ਤਾਂ ਘੱਟੋ ਘੱਟ ਧਰਤੀ ਵਾਲੇ ਯਮਦੂਤਾਂ ਵਾਂਗੂ ਮਾਰ ਕੇ ਮੇਰਾ ਦਿਲ, ਗੁਰਦਾ, ਦਿਮਾਗ, ਅੱਖਾਂ ਵਗੈਰਾ ਅੰਗ ਤਾਂ ਨਹੀਂ ਕੱਢਣਗੇ, ਸਬੂਤਾ ਧਰਮਰਾਜ ਕੋਲ ਲੈ ਕੇ ਜਾਣਗੇ, ਜਿਹੋ ਜਿਹਾ ਉਹਨੇ ਮੈਨੂੰ ਭੇਜਿਆ ਸੀ। ਨਹੀਂ ਤਾਂ ਉਹਨੇ ਸੋਚਣੈ ਕਿ ਇਹ ਨੰਗ, ਮੇਰੇ ਦਿੱਤੇ ਹੋਏ ਅੰਗ ਵੀ ਵੇਚ ਕੇ ਆ ਗਿਆ, ਨੀਵੀਂ ਤਾਂ ਨੀ ਪਾਉਣੀ ਪਊ ਉਹਦੇ ਮੂਹਰੇ, ਧੌਣ ਉੱਚੀ ਕਰ ਕੇ ਖੜ੍ਹਾਂਗਾ।’
ਉਹ ਦੋਵੇਂ ਹੱਥ ਜੋੜ ਕੇ ਬੇਨਤੀ ਕਰਨ ਲੱਗੇ , ’ਅਸੀਂ ਕੁਝ ਵੀ ਖਾਣਾ ਪੀਣਾ ਨਹੀਂ।’ ਫੇਰ ਉਹ ਖੱਚਰੀ ਜਿਹਾ ਹਾਸਾ ਹੱਸਦੇ ਕਹਿਣ ਲੱਗੇ, ‘ਫੇਰ ਤੂੰ ਕਹਿਣਾ ਮੈਨੂੰ ਛੱਡ ਜਾਓ, ਮੇਰਾ ਲੂਣ ਖਾ ਕੇ ਹਰਾਮ ਨਾ ਕਰੋ। ਪਰ ਅਸੀਂ ਤੁਹਾਡੀ ਮਨੁੱਖ ਜਾਤੀ ਵਾਂਗੂ ਨਹੀਂ, ਜਿਹੜੇ ਰਿਸ਼ਵਤ ਲੈ ਕੇ ਵੱਡੇ-ਵੱਡੇ ਮੁਲਜ਼ਮਾਂ ਨੂੰ ਛੱਡ ਦਿੰਦੇ ਨੇ ਜਾਂ ਲੂਣ ਖਾ ਕੇ ਹਰਾਮ ਕਰਦੇ ਹਨ। ਸਾਨੂੰ ਤਾਂ ਸਖਤ ਹਦਾਇਤ ਹੈ ਕਿ ਬੇਸ਼ੱਕ ਅਗਲਾ ਤੁਹਾਡੇ ਮੂਹਰੇ ਛੱਤੀ ਪ੍ਰਕਾਰ ਦੇ ਭੋਜਨ ਕਿਉਂ ਨਾ ਪਰੋਸੇ, ਤੁਸੀਂ ਕੁਝ ਨਹੀਂ ਖਾਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ ਹੈ। ਤੇਰੇ ਨਾਲ ਪਤਾ ਨਹੀਂ ਕਿਵੇਂ ਗੱਲੀਂ ਲੱਗ ਗਏ।’ ਫੇਰ ਉਹ ਮੇਰੇ ਕੋਲ ਬੈੱਡ ’ਤੇ ਬਹਿੰਦੇ ਹਲੀਮੀ ਨਾਲ ਕਹਿਣ ਲੱਗੇ, ‘ਆਪਾਂ ਲੇਟ ਨਾ ਹੋ ਜਾਈਏ, ਕਿਰਪਾ ਕਰਕੇ ਥੋੜ੍ਹੇ ਜਿਹੇ ਸ਼ਬਦਾਂ ਵਿਚ ਧਰਤੀ ਦੇ ਧਰਮਰਾਜ ਬਾਰੇ ਵੇਰਵਾ ਦੇ ਦਿਓ ਨਾਲੇ ਉਨ੍ਹਾਂ ਦੇ ਕੰਮ ਕਰਨ ਦਾ ਢੰਗ ਤਰੀਕਾ? ਗੱਲ ਲੰਬੀ ਨਾ ਕਰਿਓ।
ਮੈਂ ਅਜੇ ਚੀਨ ਤੋਂ ਗੱਲ ਸ਼ੁੁਰੂ ਕਰਨ ਲੱਗਾ ਹੀ ਸੀ। ਹੋਰ ਦੇਸ਼ਾਂ ਬਾਰੇ ਵੀ ਦੱਸਣਾ ਸੀ। ਅਖੀਰ ਪੰਜਾਬ ਵਾਲੀ ਬ੍ਰਾਂਚ ਬਾਰੇ ਵੀ, ਤਾਂ ਉਨ੍ਹਾਂ ’ਚੋਂ ਇਕ ਕਾਹਲਾ ਪੈਂਦਾ ਕਹਿਣ ਲੱਗਾ, ਛੱਡੋ ਜੀ ਤੁਸੀਂ ਉਠੋ ਅਸੀਂ ਧਰਮਰਾਜ ਤੋਂ ਝਿੜਕਾਂ ਨਹੀਂ ਖਾਣੀਆਂ। ਤੁਸੀਂ ਤਾਂ ਇੱਥੇ ਹੀ ਅੱਧੀ ਰਾਤ ਟਪਾ ਦਿੱਤੀ। ਅਜੇ ਅਸੀਂ ਤੜਕੇ ਤੱਕ ਪੰਦਰਾਂ ਬੰਦੇ ਹੋਰ ਲਿਜਾਣੇ ਨੇ, ਅਸੀਂ ਉੱਥੇ ਹੀ ਸੁਣ ਲਵਾਂਗੇ। ਉਨ੍ਹਾਂ ਨੇ ਮੈਨੂੰ ਵਿਚਾਲੇ ਬਿਠਾ ਲਿਆ। ਅਸੀਂ ਝੋਟੇ ’ਤੇ ਬਹਿ ਕੇ ਧਰਮਰਾਜ ਦੀ ਕਚਹਿਰੀ ਪਹੁੰਚੇ ਤਾਂ ਕੁਰਸੀ ’ਤੇ ਬੈਠਾ ਧਰਮਰਾਜ ਗੁੱਸੇ ’ਚ ਆ ਕੇ ਪੁੱਛਣ ਲੱਗਿਆ, ‘ਹਾਂ ਕੀ ਗੱਲ ਉਏ? ਐਨਾ ਲੇਟ ਕਿਵੇਂ ਹੋਗੇ। ਏਹ ਕੁਤਾਹੀ ਕਿਉਂ ਕੀਤੀ।’ ਉਹ ਦੋਵੇਂ ਜਣੇ ਹੱਥ ਜੋੜ ਕੇ, ਸਿਰ ਨੀਵਾਂ ਕਰਕੇ ਕਹਿਣ ਲੱਗੇ, ’ਹਜ਼ੂਰ, ਜਦ ਅਸੀਂ ਜਾ ਕੇ ਇਸ ਨੂੰ ਕਿਹਾ ਅਸੀਂ ਧਰਮਰਾਜ ਦੇ ਯਮਦੂਤ ਹਾਂ, ਤੈਨੂੰ ਲੈਣ ਆਏ ਹਾਂ ਤਾਂ ਇਨ੍ਹਾਂ ਦਾ ਸਵਾਲ ਸੁਣਕੇ ਅਸੀਂ ਹੈਰਾਨ ਰਹਿ ਗਏ, ਇਹ ਕਹਿੰਦਾ ਤੁਹਾਨੂੰ ਕਿਹੜੇ ਧਰਮਰਾਜ ਨੇ ਭੇਜਿਆ ਹੈ, ਧਰਤੀ ਵਾਲੇ ਨੇ ਜਾਂ ਉੱਪਰ ਵਾਲੇ ਨੇ? ਹੁਣ ਤੁਸੀਂ ਹੀ ਏਸ ਕੋਲੋਂ ਸੁਣ ਲਵੋ ਸਾਰੀ ਗੱਲ, ਹੈ ਤਾਂ ਸੱਚਾ ਸੁੱਚਾ ਲੇਖਕ ਬੰਦਾ, ਇਹਦੇ ਕਮਰੇ ’ਚ ਕਿਤਾਬਾਂ ਵੀ ਬਹੁਤ ਪਈਆਂ ਸਨ।’
ਧਰਮਰਾਜ ਨੇ ਮੇਰੇ ਚਿਹਰੇ ’ਤੇ ਮੋਟੀਆਂ-ਮੋਟੀਆਂ ਡਰਾਉਣੀਆਂ ਅੱਖਾਂ ਗੱਡਦੇ ਹੋਏ ਪੁੱਛਿਆ, ‘ਕੀ ਕਹਿਣਾ ਚਾਹੁਨੈਂ ਉਏ ਤੂੰ! ਸੱਚ ਦੱਸੀਂ ਨਹੀਂ ਤਾਂ ਅੱਗ ਵਰਗੇ ਲਾਲ ਹੋਏ ਥੰਮ੍ਹਲਿਆਂ ਨਾਲ ਨੂੜਿਆ ਜਾਏਂਗਾ।’ ਫੇਰ ਮੈਂ ਹੱਥ ਜੋੜਦੇ ਨੇ ਕਿਹਾ, ‘ਜੀ ਧਰਤੀ ਵਾਲਾ ਵੀ ਸੂਚੀ ਬਣਾਈ ਬੈਠਾ, ਕਹਿੰਦਾ ਸਤੰਬਰ, ਅਕਤੂਬਰ ’ਚ ਐਨੇ ਬੰਦੇ ਮਰਨੇ ਨੇ ਕੋਰੋਨਾ ਨਾਲ।’ ਮੈਂ ਤਾਂ ਪੁੱਛਿਆ ਸੀ ਕਿ ਮੈਨੂੰ ਕਿਹੜਾ ਕੋਰੋਨਾ ਹੋਇਆ, ਹੋਇਆ ਕਿਤੇ ਧੱਕੇ ਨਾਲ ਨਾ ਚੱਕ ਕੇ ਲੈ ਜਾਣ ਕਿਉਂਕਿ ਧਰਤੀ ’ਤੇ ਲੋਕਾਂ ਨਾਲ ਧੱਕਾ ਵੀ ਹੋ ਰਿਹਾ।
‘ਕੋਰੋਨਾ ਦਾ ਕੀ ਮਤਲਬ ਉਏ ਇਹ ਕੀ ਸ਼ੈਅ ਆ?’ ’ਜੀ ਤੂਹਾਨੂੰ ਨਹੀਂ ਪਤਾ ਕੋਰੋਨਾ ਬਾਰੇ? ਧਰਤੀ ’ਤੇ ਇਕ ਦੇਸ਼ ਹੈ ਚੀਨ ਉਨ੍ਹਾਂ ਨੇ ਇਕ ਵਾਇਰਸ ਤਿਆਰ ਕੀਤਾ ਸੀ। ਪਤਾ ਨਹੀਂ ਉਨ੍ਹਾਂ ਨੂੰ ਝਕਾਨੀ ਦੇ ਕੇ ਬਾਹਰ ਨਿਕਲ ਗਿਆ, ਪਤਾ ਨੀ ਉਨ੍ਹਾਂ ਜਾਣਬੁਝ ਕੇ ਛੱਡਿਆ, ਉਹ ਬੰਦੇ ਦੇ ਗਲੇ ’ਚ ਉਤਰ ਕੇ ਗਲਾ ਘੁੱਟ ਲੈਂਦਾ, ਬੰਦੇ ਦੀਆਂ ਨਾੜਾਂ ’ਚੋਂ ਆਕਸੀਜਨ ਖਤਮ ਕਰ ਦਿੰਦੈ। ਉਹਨੇ ਤਾਂ ਧਰਤੀ ’ਤੇ ਕਰੋੜਾਂ ਬੰਦੇ ਮਾਰਤੇ, ਖੁਦ ਚੀਨ ਦਾ ਪਹਿਲਾਂ ਨੁਕਸਾਨ ਕੀਤਾ ਫੇਰ ਬਾਕੀ ਦੇਸ਼ਾਂ ਦਾ। ਦੁਨੀਆਂ ਡਰੀ ਪਈ ਆ। ਹੁਣ ਸੁਣ-ਸੁਣ ਲੋਕਾਂ ਨੂੰ ਪਤਾ ਲੱਗਦਾ ਕਿ ਇਹ ਤਾਂ ਬਹੁਤ ਵੱਡਾ ਘਪਲਾ ਹੈ, ਪਹਿਲਾਂ ਤਾਂ ਹੀ ਸਾਡੇ ਦੇਸ਼ ’ਚ ਇਹ ਵਾਇਰਸ ਨਹੀਂ ਸੀ। ਲਾਕਡਾਊਨ ਵੀ ਲਾਇਆ ਕਈ ਮਹੀਨੇ ਡਰਦਿਆਂ ਨੇ, ਉਦੋਂ ਉਂਗਲਾਂ ’ਤੇ ਗਿਣੇ ਜਾਣ ਵਾਲੇ ਮਰੀਜ਼ ਸਨ।’ ‘ਲਾਕਡਾਊਨ ਦਾ ਕੀ ਮਤਲਬ?’ ਧਰਮਰਾਜ ਨੇ ਉਤਸੁਕਤਾ ਨਾਲ ਪੁੱਛਿਆ। ’ਜੀ ਇਹਦਾ ਮਤਲਬ ਇਹ ਸੀ ਲੋਕਾਂ ਨੂੰ ਘਰਾਂ ’ਚ ਤਾੜ ਦਿੱਤਾ ਸੀ। ਕੋਈ ਬਾਹਰ ਨਹੀਂ ਸੀ ਨਿਕਲ ਸਕਦਾ, ਬੰਦਾ ਘਰ ਦੇ ਬੰਦਿਆਂ ਤੋਂ ਵੀ ਡਰਨ ਲੱਗ ਗਿਆ ਸੀ। ਰਿਸ਼ਤੇਦਾਰਾਂ ਕੋਲ ਜਾਣਾ ਤਾਂ ਦੂਰ ਦੀ ਗੱਲ।’
‘ਇਹ ਗੁਸਤਾਖੀ ਕੌਣ ਕਰਦਾ ਸੀ? ਧਰਮਰਾਜ ਮੇਰੀ ਗੱਲ ਨੂੰ ਟੋਕਦਾ ਬੋਲਿਆ। ‘ਜੀ ਜਿਨ੍ਹਾਂ ਨੂੰ ਲੋਕ ਚੁਣ ਕੇ ਕੁਰਸੀਆਂ ’ਤੇ ਬਿਠਾਉਂਦੇ ਨੇ।’ ’ਅੱਛਾ ਐਨੇ ਪਾਪੀ ਹੋ ਗਏ ਧਰਤੀ ਦੇ ਲੋਕ।’ ’ਜੀ ਪੁੱਛੋ ਨਾ, ਮੈਨੂੰ ਤਾਂ ਤੁਹਾਡੇ ਯਮਦੂਤਾਂ ਨੇ ਸਮਝਾਇਆ ਕਿ ਬਹੁਤ ਵਿਸਥਾਰ ’ਚ ਨਾ ਲੈ ਕੇ ਜਾਈਂ, ਮੈਂ ਤਾਂ ਆਪ ਡਰ ਕੇ ਘਰੇ ਬੈਠਾ ਰਹਿੰਦਾ ਸੀ। ਜੋ ਲੋਕਾਂ ਤੋਂ ਸੁਣਿਆ ਜਾਂ ਮੋਬਾਈਲ ’ਚ ਮੂਵੀ ਵੇਖਦਾ ਰਿਹਾ ਉਹ ਦੱਸ ਦਿੰਦਾ ਹਾਂ ਜੀ। ਇਕ ਪਰਿਵਾਰ ਤਾਂ ਡਰਦਾ ਮਾਰਾ ਆਪਣੀ ਮਾਂ ਦੇ ਸਸਕਾਰ ਸਮੇਂ ਵੀ ਕੋਲ ਨੀ ਆਇਆ, ਹੁਣ ਤਾਂ ਲੋਕੀਂ ਡਰਦੇ ਮਾਰੇ ਹਸਪਤਾਲਾਂ ’ਚ ਖੰਘ, ਜ਼ੁਕਾਮ, ਗਲੇ, ਬੁਖਾਰ ਦੀ ਦੁਆਈ ਵੀ ਲੈਣ ਨਹੀਂ ਜਾਂਦੇ, ਕਹਿੰਦੇ ਹੋਰ ਨਾ ਕੋਰੋਨਾ ਕਹਿ ਕੇ ਪੰਦਰਾਂ ਦਿਨ ਕੁਆਰੰਟਾਈਨ ਕਰ ਦੇਣ ਜਾਂ…, ਮਰੀਜ਼ ਹਸਪਤਾਲਾਂ ਤੋਂ ਚੋਰੀ ਭੱਜਣ ਲੱਗੇ ਨੇ, ਵੱਡੇ-ਵੱਡੇ ਵੀ.ਆਈ.ਪੀ. ਬੰਦਿਆਂ ਨੂੰ ਪਾਜ਼ੀਟਿਵ ਦਿਖਾ ਕੇ ਬਾਅਦ ’ਚ ਨੈਗੇਟਿਵ ਕਹਿ ਦਿੰਦੇ ਆ। ਕਈ ਵਿਚਾਰੇ ਤਾਂ ਜੀ ਬੱਸ ਐਵੇਂ ਹੀ ਤੁਹਾਡੇ ਕੋਲ ਬਿਨਾਂ ਬੁਲਾਵੇ ਭੇਜ ਦਿੱਤੇ। ਹੋਰ ਤਾਂ ਹੋਰ ਜੀ ਮੂਵੀਆਂ ਵੇਖ ਕੇ ਲੋਕੀਂ ਸਹਿਮੇ ਪਏ ਨੇ, ਪਤਾ ਨਹੀਂ ਅਫ਼ਵਾਹਾਂ ਨੇ, ਪਤਾ ਨਹੀਂ ਸੱਚ, ਕਹਿੰਦੇ ਏਸ ਬੀਮਾਰੀ ਦੀ ਆੜ ’ਚ ਬੰਦੇ ਦੇ ਗੁਰਦੇ ਜਾਂ ਹੋਰ ਅੰਗ ਕੱਢ ਕੇ ਵੇਚੀ ਜਾਂਦੇ ਨੇ, ਜੇ ਕਿਸੇ ਗਰੀਬ ਔਰਤ ਦੇ ਬੱਚਾ ਹੋਣਾ ਹੁੰਦਾ ਉਹਨੂੰ ਜਵਾਬ ਦੇ ਦਿੰਦੇ ਨੇ, ਕਈਆਂ ਨੇ ਤਾਂ ਗ਼ਰੀਬੀ ਹਾਲਤ ’ਚ ਸੜਕਾਂ ’ਤੇ ਬੱਚਿਆਂ ਨੂੰ ਜਨਮ ਦਿੱਤਾ। ਬੱਸ ਜੀ ਮੇਰੇ ਕੋਲੋਂ ਹੋਰ ਬਹੁਤ ਨਹੀਂ ਦੱਸਿਆ ਜਾਂਦਾ।’
ਮੇਰੇ ਅਜੇ ਬੋਲ ਮੂੰਹ ’ਚ ਹੀ ਸਨ ਤਾਂ ਧਰਮਰਾਜ ਦਿਲ ’ਤੇ ਹੁੰਦੇ ਦਰਦ ਨੂੰ ਨਾ ਸਹਾਰਦਾ ਹੱਥਾਂ ’ਚ ਘੁੱਟਦਾ, ਯਮਦੂਤ ਨੂੰ ਪਾਣੀ ਲਿਆਉਣ ਲਈ ਇਸ਼ਾਰਾ ਕਰਨ ਲੱਗਿਆ। ਜਦ ਯਮਦੂਤ ਪਾਣੀ ਲੈ ਕੇ ਆਇਆ ਧਰਮਰਾਜ ਬੇਹੋਸ਼ ਹੋ ਕੇ ਕੁਰਸੀ ਤੋਂ ਡਿਗ ਗਿਆ। ਮੇਰੀ ਡਰਦੇ ਦੀ ਚੀਕ ਨਿਕਲ ਗਈ ਤੇ ਨਾਲ ਹੀ ਮੇਰੀ ਅੱਖ ਖੁੱਲ੍ਹ ਗਈ।

Comment here