ਸਿਆਸਤਖਬਰਾਂ

ਜਥੇਦਾਰ ਤੋਤਾ ਸਿੰਘ ਦਾ ਲੰਬੀ ਬਿਮਾਰੀ ਮਗਰੋਂ ਦੇਹਾਂਤ

ਮੋਗਾ-ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਸਾਬਕਾ ਮੁਖੀ ਤੋਤਾ ਸਿੰਘ ਨੇ ਨਿਮੋਨੀਆ ਨਾਲ ਲੰਬੇ ਸੰਘਰਸ਼ ਤੋਂ ਬਾਅਦ ਅੱਜ ਆਖ਼ਰੀ ਸਾਹ ਲਿਆ। ਫੇਫੜਿਆਂ ਦੀ ਇਨਫੈਕਸ਼ਨ ਵੱਧਣ ਜਾਣ ਕਰਕੇ ਉਹ ਬੀਤੇ ਕਈ ਮਹੀਨਿਆਂ ਤੋਂ ਬੀਮਾਰ ਸਨ ਅਤੇ ਕੁਝ ਦਿਨ ਪਹਿਲਾਂ ਹੀ ਮੋਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਸਵੇਰੇ ਤਕਰੀਬਨ 5 ਵਜੇ ਉਨ੍ਹਾਂ ਨੇ ਆਪਣੇ ਆਖ਼ਰੀ ਸਾਹ ਲਏ। ਤੋਤਾ ਸਿੰਘ ਦੇ ਦਿਹਾਂਤ ਤੋਂ ਬਾਅਦ ਮੋਗਾ ਵਿਚ ਉਨ੍ਹਾਂ ਦੇ ਜੱਦੀ ਪਿੰਡ ਦੀਦਾਰੇ ਵਾਲਾ ’ਚ ਸੋਗ ਦੀ ਲਹਿਰ ਛਾ ਗਈ ਹੈ।

ਇੱਕ ਝਾਤ ਉਹਨਾਂ ਦੇ ਸਿਆਸੀ ਜੀਵਨ ‘ਤੇ-

ਤੋਤਾ ਸਿੰਘ ਨੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ 1960 ’ਚ ਕੀਤੀ ਸੀ। 1960 ’ਚ ਉਨ੍ਹਾਂ ਨੇ ਜੱਦੀ ਪਿੰਡ ਦੀਦਾਰੇ ਵਾਲਾ ਦੇ ਸਰਪੰਚ ਦੀ ਚੋਣ ਲੜੀ ਅਤੇ ਜਿੱਤ ਹਾਸਲ ਕੀਤੀ। 1969 ’ਚ ਫਿਰੋਜ਼ਪੁਰ ’ਚ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਗਏ। 17 ਸਾਲ ਤੱਕ ਉਨ੍ਹਾਂ ਨੇ ਜ਼ਿਲ੍ਹਾ ਪ੍ਰਧਾਨ ਦਾ ਕੰਮ ਸੰਭਾਲਿਆ। ਸਾਲ 1978 ’ਚ ਉਨ੍ਹਾਂ ਨੂੰ ਅਕਾਲੀ ਦਲ ਦੀ ਕੇਂਦਰੀ ਕਾਰਜ ਕਮੇਟੀ ਦੇ ਮੈਂਬਰ ਦੇ ਰੂਪ ’ਚ ਚੁਣਿਆ ਗਿਆ। ਇਸ ਦੇ ਬਾਅਦ ਉਹ ਹਮੇਸ਼ਾ ਮੁੱਖ ਨੇਤਾਵਾਂ ਦੀ ਸੂਚੀ ’ਚ ਹੀ ਰਹੇ। ਸਾਲ 1979 ’ਚ ਉਹ ਐੱਸ. ਜੀ. ਪੀ. ਸੀ. ਦੇ ਮੈਂਬਰ ਚੁਣੇ ਗਏ। ਉਨ੍ਹਾਂ ਨੂੰ ਸਿੱਖਿਆ ਕਮੇਟੀ ਦਾ ਉੱਪ ਪ੍ਰਧਾਨ ਅਤੇ ਮੁਖੀ ਬਣਾਇਆ ਗਿਆ। 17 ਸਾਲ ਤੱਕ ਇਸ ਅਹੁਦੇ ’ਤੇ ਰਹੇ। ਇਸ ਦੌਰਾਨ 1985 ’ਚ ਜਦੋਂ ਸੁਰਜੀਤ ਸਿੰਘ ਬਰਨਾਲਾ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਪੰਜਾਬ ਮੰਡੀ ਬੋਰਡ ਦੇ ਪ੍ਰਧਾਨ ਦੇ ਰੂਪ ’ਚ ਚੁਣਿਆ ਗਿਆ। ਜਦੋਂ 1989 ’ਚ ਸੁਰਜੀਤ ਸਿੰਘ ਬਰਨਾਲਾ ਨੂੰ ਤਾਮਿਲਨਾਡੂ ਦਾ ਰਾਜਪਾਲ ਬਣਾਇਆ ਗਿਆ ਤਾਂ ਤੋਤਾ ਸਿੰਘ ਨੂੰ ਦੋ ਸਾਲ ਤੋਂ ਵੱਧ ਸਮੇਂ ਤੱਕ ਸੂਬੇ ’ਚ ਪਾਰਟੀ ਦੀ ਕਮਾਨ ਸੌਂਪੀ ਗਈ ਸੀ। ਉਨ੍ਹਾਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਕਾਲੀ ਦਲ-ਸੁਰਜੀਤ ਸਿੰਘ ਬਰਨਾਲਾ, ਸਿਮਰਨਜੀਤ ਸਿੰਘ ਮਾਨ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਵੱਖ-ਵੱਖ ਗੁਟਾਂ ਨੂੰ ਇਕ ਕੀਤਾ। 1992 ’ਚ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦਾ ਬਾਇਕਾਟ ਕੀਤਾ ਅਤੇ ਤੋਤਾ ਸਿੰਘ ਪ੍ਰਮੁੱਖ ਵਿਅਕਤੀ ਸਨ, ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਚੋਣਾਂ ਦਾ ਬਾਇਕਾਟ ਕਰਨ ਲਈ ਪ੍ਰੇਰਿਤ ਕੀਤਾ। ਇਨੀਂ ਦਿਨੀਂ ਅੱਤਵਾਦੀ ਗਤੀਵਿਧੀਆਂ ਆਪਣੇ ਪੱਧਰ ’ਤੇ ਸਨ। ਤੋਤਾ ਸਿੰਘ ਨੇ ਸਾਲ 1997 ’ਚ ਵਿਧਾਇਕ ਦੀ ਚੋਣ ਲੜੀ ਸੀ ਅਤੇ ਜਿੱਤ ਹਾਸਲ ਕੀਤੀ ਸੀ। ਉਹ ਮੋਗਾ ਵਿਧਾਨ ਸਭਾ ਖੇਤਰ ਤੋਂ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੂੰ ਕੈਬਨਿਟ ’ਚ ਸ਼ਾਮਲ ਕੀਤਾ ਗਿਆ ਅਤੇ ਸਿੱਖਿਆ ਮੰਤਰੀ ਬਣੇ। ਸਾਲ 2002 ’ਚ ਉਹ ਫਿਰ ਤੋਂ ਸੂਬਾ ਵਿਧਾਨ ਸਭ ਲਈ ਚੁਣੇ ਗਏ ਪਰ ਸਾਲ 2007 ਦੀਆਂ ਚੋਣਾਂ ’ਚ ਉਹ ਵਿਧਾਨ ਸਭਾ ਚੋਣ ਹਾਰ ਗਏ। ਸਾਲ 2012 ’ਚ ਉਨ੍ਹਾਂ ਨੇ ਜਿੱਤ ਹਾਸਲ ਕੀਤੀ ਅਤੇ ਉਹ ਪ੍ਰਕਾਸ਼ ਸਿੰਘ ਬਾਦਲ ਵੱਲੋਂ ਗਠਿਤ ਕੈਬਨਿਟ ’ਚ ਸ਼ਾਮਲ ਹੋਏ। ਉਨ੍ਹਾਂ ਨੇ ਖੇਤੀ ਮਹਿਕਮੇ ਦੀ ਜ਼ਿੰਮੇਵਾਰੀ ਸੌਂਪੀ ਗਈ। ਤੋਤਾ ਸਿੰਘ ਨੇ 5 ਮਈ 2012 ’ਚ ਮੰਤਰੀ ਅਹੁਦੇ ਦੇ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ’ਤੇ ਮੰਤਰੀ ਦੇ ਰੂਪ ’ਚ ਆਪਣੇ ਪਿਛਲੇ ਕਾਰਜਕਾਲ ਦੌਰਾਨ ਅਧਿਕਾਰਤ ਮਸ਼ੀਨਰੀ ਦੀ ਗਲਤ ਵਰਤੋਂ ਕਰਨ ਦੇ ਦੋਸ਼ ਲੱਗੇ ਸਨ। ਅਦਾਲਤ ਵੱਲੋਂ ਇਕ ਸਾਲ ਦੀ ਸਜ਼ਾ ਸੁਣਾਈ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ ਹਾਈਕੋਰਟ ’ਚ ਅਪੀਲ ਦਾਇਰ ਕੀਤੀ ਸੀ। ਅਦਾਲਤ ਨੇ ਅਪੀਲ ਸਵੀਕਾਰ ਕਰ ਲਈ ਅਤੇ ਉਨ੍ਹਾਂ ਦੀ ਸਜ਼ਾ ’ਤੇ ਰੋਕ ਲਗਾ ਦਿੱਤੀ। ਉਨ੍ਹਾਂ ਨੂੰ ਫਿਰ ਤੋਂ ਕੈਬਨਿਟ ’ਚ ਸ਼ਾਮਲ ਕੀਤਾ ਗਿਆ ਅਤੇ ਉਥੇ ਹੀ ਪੋਰਟਫੋਲੀਓ ਦਿੱਤਾ ਗਿਆ। ਤੋਤਾ ਸਿੰਘ ਪਿਛਲੇ ਦੋ ਵਿਧਾਨ ਸਭਾ ਚੋਣਾਂ ’ਚ 2017 ਅਤੇ 2022 ’ਚ ਹਾਰ ਗਏ ਪਰ ਤਿੰਨ ਦਹਾਕਿਆਂ ਤੱਕ ਉਨ੍ਹਾਂ ਨੇ ਰਾਜਨੀਤੀ ’ਚ ਸਰਗਰਮ ਭੂਮਿਕਾ ਨਿਭਾਈ।

ਵੱਖ ਵੱਖ ਸ਼ਖਸੀਅਤਾਂ ਵੱਲੋੰ ਦੁੱਖ ਦਾ ਪ੍ਰਗਟਾਵਾ

ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਦੀ ਮੌਤ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਤਸਵੀਰ ਸਾਂਝੀ ਕਰਕੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਜੀ ਦੇ ਅਕਾਲ ਚਲਾਣੇ ’ਤੇ ਦੁੱਖ਼ ਪ੍ਰਗਟ ਕਰਦਾ ਹਾਂ। ਪਰਮਾਤਮਾ ਉਨ੍ਹਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ। ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ। ਉਨ੍ਹਾਂ ਦੀ ਦਿਹਾਂਤ ਦੀ ਖ਼ਬਰ ’ਤੇ ਭਗਵੰਤ ਮਾਨ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਅਤੇ ਕਈ ਕਾਂਗਰਸੀ ਨੇਤਾਵਾਂ ਨੇ ਵੀ ਇਸ ਦੁੱਖ਼ ਦੀ ਘੜੀ ’ਚ ਸੋਗ ਜ਼ਾਹਰ ਕੀਤਾ ਹੈ।

Comment here